ਲੰਡਨ – ਦੁਨੀਅਭਰ ਵਿੱਚ ਪੰਜਾਬੀਆਂ ਦਾ ਸਿਰ ਮਾਣ ਨਾਲ ਉਚਾ ਕਰਨ ਵਾਲੇ ਬਜ਼ੁਰਗ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਉਲੰਪਿਕ ਮਸ਼ਾਲ ਲੈ ਕੇ ਲੰਡਨ ਦੀਆਂ ਸੜਕਾਂ ਤੇ ਦੌੜੇ। ਉਲੰਪਿਕ ਦੇ ਤਗਮਾ ਜੇਤੂਆਂ ਅਤੇ ਹੋਰ ਵਿਸ਼ਵ ਪ੍ਰਸਿੱਧ ਸ਼ਖਸੀਅਤਾਂ ਨੇ ਉਨ੍ਹਾਂ ਦੀ ਮਸ਼ਾਲ ਦੌੜ ਦਾ ਬਹੁਤ ਹੀ ਮਾਣ ਸਨਮਾਨ ਨਾਲ ਸਵਾਗਤ ਕੀਤਾ।
ਉਲੰਪਿਕ ਮਿਸ਼ਾਲ ਰਿਲੈ ਵਿੱਚ ਦਰਸ਼ਕਾਂ ਦੇ ਭਰਪੂਰ ਸਮਰਥੱਣ ਦਰਮਿਆਨ ਚਿੱਟੀ ਪੋਸ਼ਾਕ ਅਤੇ ਚਿੱਟੀ ਪਗੜੀ ਪਹਿਨੇ 101 ਸਾਲਾ ਫੌਜਾ ਸਿੰਘ ਨੇ ਜਦੋਂ ਮਸ਼ਾਲ ਫੜੀ ਤਾਂ ਸਿੱਖ ਭਾਈਚਾਰੇ ਦੇ ਸੈਂਕੜੇ ਨੌਜਵਾਨਾਂ ਨੇ ਉਨ੍ਹਾਂ ਦੀ ਤਸਵੀਰ ਵਾਲੀਆਂ ਟੀਸ਼ਰਟਾਂ ਪਹਿਨਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਰਿਲੈ ਰੂਟ ਤੇ ਸਿੱਖਾਂ ਨੇ 16 ਸਥਾਨਾਂ ਤੇ ਲੰਗਰ ਵੀ ਲਗਾਏ। ਸ਼ਨਿਚਰਵਾਰ ਨੂੰ ਮਸ਼ਾਲ ਰਿਲੈ ਦਾ ਪਹਿਲਾ ਦਿਨ ਸੀ। ਇਸ ਦਿਨ ਕੁਲ 143 ਲੋਕਾਂ ਨੇ ਇਸ ਵਿੱਚ ਹਿੱਸਾ ਲਿਆ। ਇਸ ਰਿਲੇ ਵਿੱਚ ਸੱਭ ਤੋਂ ਜਵਾਨ 12 ਸਾਲ ਦੀ ਚੈਸਟਰ ਚੈਂਬਰ ਰਹੀ।
ਪੰਜਾਬ ਵਿੱਚ 1911 ਵਿੱਚ ਜੰਮੇ ਫੌਜਾ ਸਿੰਘ ਨੇ ਆਪਣੇ ਆਪ ਨੂੰ ਬਿਜ਼ੀ ਰੱਖਣ ਦੇ ਇਰਾਦੇ ਨਾਲ 86 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਰਿਕਾਰਡ ਸਥਾਪਿਤ ਕੀਤੇ। ਉਹ 6 ਵਾਰ ਲੰਡਨ ਮੈਰਾਥਨ, ਦੋ ਵਾਰ ਕਨੇਡਾ ਮੈਰਾਥਨ ਅਤੇ ਇੱਕ ਵਾਰ ਨਿਊਯਾਰਕ ਮੈਰਾਥਨ ਵਿੱਚ ਦੌੜ ਚੁੱਕੇ ਹਨ। ਉਹ 8 ਸਾਲ ਪਹਿਲਾਂ ਵੀ ਏਥਨਜ਼ ਵਿੱਚ ਉਲੰਪਿਕ ਮਸ਼ਾਲ ਲੈ ਕੇ ਦੌੜ ਚੁੱਕੇ ਹਨ। ਉਹ 2016 ਦੀਆਂ ਉਲੰਪਿਕ ਵਿੱਚ ਵੀ ਮਸ਼ਾਲ ਰਿਲੇ ਵਿੱਚ ਵੀ ਹਿੱਸਾ ਲੈਣਾ ਚਾਹੁੰਦੇ ਹਨ।