ਲੁਧਿਆਣਾ : – ਵਿਸ਼ਵ ਪੰਜਾਬੀ ਸਭਿਅਚਾਰਕ ਮੰਚ ਦੇ ਚੇਅਰਮੈਨ ਸ. ਜਗਦੇਵ ਸਿੰਘ ਜੱਸੋਵਾਲ ਨੇ ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੇ ਸ਼ਹੀਦਾਂ ,ਯੋਧਿਆਂ ਅਤੇ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਰਾਜਸੀ ਰੋਟੀਆਂ ਸੇਕਣ ਦਾ ਮਸਾਲਾ ਨਾ ਬਨਾਉਣ ਬਲਕਿ ਨੌਜਵਾਨ ਪੀੜੀ ਨੂੰ ਉਹਨਾ ਦੀ ਮਹਾਨ ਦੇਣ ਤੋਂ ਜਾਣੂ ਕਰਵਾਉਣ ਦੇ ਉਪਰਾਲੇ ਕਰਨ ।ਸ. ਜੱਸੋਵਾਲ ਨੇ ਕਿਹਾ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਤ ਕਰਨ ਲਈ ਕੀਤੇ ਜਾਂਦੇ ਸਮਾਗਮਾਂ ਵਿੱਚ ਸ਼ਹੀਦਾਂ ਅਤੇ ਉਹਨਾ ਪਰਿਵਾਰਾਂ ਦੀ ਗੱਲ ਘੱਟ ਹੁੰਦੀ ਸਗੋਂ ਪਾਰਟੀਆਂ ਦੀ ਆਪਸੀ ਖਿਚੋਤਾਣ ਜਿਆਦਾ ਹੁੰਦੀ ਹੈ ਜਿਹੜੀ ਕਿ ਜਿਥੇ ਸ਼ਹੀਦਾਂ ਨਾਲ ਮਜ਼ਾਕ ਹੈ ਉਥੇ ਉਹਨਾ ਲੋਕਾਂ ਨਾਲ ਵੀ ਧਰੋਹ ਹੈ ਜੋ ਸ਼ਹੀਦਾਂ ਦੇ ਨਾਮ ਤੇ ਸਮਾਗਮਾਂ ਵਿੱਚ ਆਂਉਦੇ ਹਨ ਇਸ ਲਈ ਸ਼ਹੀਦਾਂ ਦੇ ਨਾਮ ਤੇ ਹੁੰਦੇ ਸਮਾਗਮਾਂ ਨੂ ਰਾਜਨੀਤੀ ਦਾ ਅਖਾੜਾ ਨਾ ਬਣਾਇਆ ਜਾਵੇ । ਕਿਸੇ ਵੀ ਸਿਆਸੀ ਪਾਰਟੀ ਦਾ ਨਾਮ ਲਏ ਬਿਨਾ ਸ. ਜੱਸੋਵਾਲ ਕਿਹਾ ਅੱਜ ਲੋਕ ਮੁਖੀ ਵਿਕਾਸ ਦੇ ਮੁਦਿਆਂ ਗੱਲ ਕਰਨਾ ਸਮੇਂ ਦੀ ਲੋੜ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਸਾਡੇ ਰਾਜਨੀਤੀਵਾਨ ਵਿਕਾਸਸ਼ੀਲ ਸਰੋਕਾਰਾਂ ਤੋਂ ਹੱਟਕੇ ਇੱਕ ਦੂਜੇ ਤੇ ਚਿੱਕੜ ਸੁੱਟਣ ਵਿੱਚ ਜਿਆਦਾ ਵਿਸ਼ਵਾਸ ਰੱਖਦੇ ਹਨ ।
ਸ. ਜੱਸੋਵਾਲ ਨੇ ਕਿਹਾ ਕਿ ਸ਼ਹੀਦਾਂ ਦੇ ਨਾਮ ਤੇ ਸਿਰਫ ਸਵੈ ਮੰਥਨ ਸਮਾਗਮ ਹੋਣੇ ਚਾਹੀਦੇ ਹਨ ਨਾਕਿ ਰੈਲੀਆਂ ਅਤੇ ਰਾਜਸੀ ਕਾਨਫਰੰਸਾਂ । ਉਹਨਾ ਇਹ ਵੀ ਕਿਹਾ ਕਿ ਸ਼ਹੀਦਾਂ ਦੇ ਨਾਮ ਤੇ ਜੋ ਵੀ ਕੁਝ ਕਰਨਾ ਹੋਵੇ ਸਭ ਪਾਰਟੀਆਂ ਵੱਲੋਂ ਸਾਂਝੇ ਰੂਪ ਵਿੱਚ ਇੱਕ ਪਲੇਟਫਾਰਮ ਤੇ ਹੋਣਾ ਚਾਹੀਦਾ ਹੈ । ਸ. ਜੱਸੋਵਾਲ ਪੰਜਾਬ ਸਰਕਾਰ ਦੇ ਸਿਖਿਆ ਵਿਭਾਗ ਨੂੰ ਅਪੀਲ ਕੀਤੀ ਕਿ ਸਕੂਲਾਂ ਅਤੇ ਕਾਲਜਾਂ ਦੇ ਸਲੇਬਸ ਵਿੱਚ ਸ਼ਹੀਦਾਂ ਦੀਆਂ ਜੀਵਨੀਆਂ ਦੇ ਹੋਰ ਅਧਿਆਏ ਵੀ ਸ਼ਾਮਲ ਕੀਤੇ ਜਾਣ ਤਾਂ ਕਿ ਨੌਜਵਾਨ ਪੀੜੀ ਆਪਣੀ ਅਮੀਰ ਵਿਰਾਸਤ ਤੋਂ ਜਾਣੂ ਹੋ ਸਕੇ ।