ਫਤਿਹਗੜ੍ਹ ਸਾਹਿਬ :- ਜੇਕਰ ਹਿੰਦ ਕਾਨੂੰਨ ਦੀ ਨਜ਼ਰ ਵਿੱਚ ਸਿੱਖ ਨੌਜਵਾਨ ਰਣਜੀਤ ਸਿੰਘ ਗਿੱਲ ਉਰਫ ਕੁੱਕੀ ਦੋਸ਼ੀ ਹੈ ਉਸਨੇ ਤਾਂ ਪਹਿਲੇ ਹੀ 17 ਸਾਲ ਦੀ ਲੰਮੀ ਕੈਦ ਕੱਟ ਕੇ ਆਪਣੀ ਸਜ਼੍ਹਾ ਪੂਰੀ ਕਰ ਲਈ ਹੈ। ਜਦੋਂ ਕਿ ਹਿੰਦੋਸਤਾਨੀ ਕਾਨੂੰਨ ਵੱਧ ਤੋਂ ਵੱਧ ਸਜ਼ਾ 14 ਸਾਲ ਦੇਣ ਦੀ ਗੱਲ ਕਰਦਾ ਹੈ। ਹੁਣ ਵੀ ਉਸਨੂੰ ਬਾਇੱਜ਼ਤ ਬਰੀ ਤੇ ਰਿਹਾਅ ਨਾ ਕਰਨ ਦੀ ਕਾਰਵਾਈ ਹਿੰਦ ਹਕੂਮਤ ਦੀ ਸਿੱਖ ਵਿਰੋਧੀ ਸੋਚ ਨੂੰ ਪ੍ਰਗਟਾਉਂਦੀ ਹੈ।
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟਾਏ। ਉਹਨਾਂ ਅੱਗੇ ਚੱਲ ਕੇ ਕਿਹਾ ਕਿ ਭਾਈ ਰਣਜੀਤ ਸਿੰਘ ਗਿੱਲ ਨੇ ਜੇਕਰ ਕੋਈ ਗੈਰ-ਕਾਨੂੰਨੀ ਕਾਰਵਾਈ ਕੀਤੀ ਹੈ ਤਾਂ ਉਸਨੇ ਸਿੱਖ ਕੌਮ ਨਾਲ ਹੋਏ ਜ਼ਬਰ-ਜੁਲਮ ਨੂੰ ਨਾ ਸਹਾਰਦੇ ਹੋੇਏ ਸਿੱਖ ਜ਼ਜਬਾਤਾਂ ਨੂੰ ਡੂੰਘੀ ਠੇਸ ਪਹੁੰਚਣ ਤੇ ਹੀ ਅਜਿਹਾ ਕੀਤਾ ਹੈ। ਲੇਕਿਨ ਜਦੋਂ ਉਸਨੇ ਹਿੰਦ ਕਾਨੂੰਨ ਅਨੁਸਾਰ ਬਣਦੀ ਸਜ਼੍ਹਾ ਤੋਂ ਤਿੰਨ ਸਾਲ ਵੱਧ ਸਜ਼੍ਹਾ ਪੂਰੀ ਕਰ ਲਈ ਹੈ, ਤੇ ਜੋ ਆਮ ਸ਼ਹਿਰੀ ਦੀ ਤਰ੍ਹਾ ਅਮਨਮਈ ਤੇ ਜਮਹੂਰੀਅਤ ਤਰੀਕੇ ਆਪਣੀ ਜਿ਼ੰਦਗੀ ਬਸਰ ਕਰ ਰਿਹਾ ਸੀ, ਉਸਨੂੰ ਹਿੰਦ ਦਾ ਅੰਨ੍ਹਾ, ਬੋਲਾ ਤੇ ਗੂੰਗਾ ਕਾਨੂੰਨ ਅਜੇ ਵੀ ਬੰਦੀ ਬਣਾ ਕੇ ਰੱਖ ਰਿਹਾ ਹੈ ਜੋ ਕਿ ਕੇਵਲ ਰਣਜੀਤ ਸਿੰਘ ਗਿੱਲ ਨਾਲ ਹੀ ਨਹੀਂ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਜੋ ਕਿ ਸਾਡੇ ਲਈ ਅਸਹਿ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਸਿੱਖ ਕੌਮ ਦੇ ਕਾਤਿਲ ਆਜ਼ਾਦਾਨਾ ਦਨਦਨਾਉਂਦੇ ਫਿਰਦੇ ਹਨ, ਦੂਸਰੇ ਪਾਸੇ ਸਿੱਖ ਨੌਜਵਾਨਾਂ ਨੂੰ ਕਾਲੇ ਕਾਨੂੰਨਾਂ ਰਾਹੀਂ ਜ਼ੇਲ੍ਹਾ ਦੀਆਂ ਕਾਲ ਕੋਠਰੀਆਂ ਵਿੱਚ ਜ਼ਬਰੀ ਬੰਦ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ 1984 ਦੇ ਸਿੱਖਾਂ ਦੇ ਕਾਤਿਲ ਤਾਂ ਵਜ਼ੀਰੀਆਂ, ਉੱਚ ਰੁਤਬਿਆਂ ਦਾ ਅਨੰਦ ਮਾਣ ਰਹੇ ਹਨ। ਕੀ ਇੱਕੋ ਕਾਨੂੰਨ ਦੋਹਰੇ ਮਾਪਦੰਡ ਅਪਣਾ ਕੇ ਸਿੱਖ ਕੌਮ ਨਾਲ ਇਸ ਮੁਲਕ ਵਿੱਚ ਵੱਡੀ ਬੇਇਨਸਾਫੀ ਨਹੀਂ ਕਰ ਰਿਹਾ।
ਉਹਨਾਂ ਹਿੰਦੂਤਵ ਹਕੂਮਤ ਦੀ ਮਨੁੱਖਤਾ ਵਿਰੋਧੀ ਸੋਚ ਦੀ ਨਿਖੇਧੀ ਕਰਦੇ ਹੋੇਏ ਕਿਹਾ ਕਿ ਹੁਣ ਬਹੁਤੀ ਦੇਰ ਇੱਥੋਂ ਦਾ ਕਾਨੂੰਨ ਜਾਂ ਵਿਧਾਨ ਅਤੇ ਹਕੂਮਤ ਘੱਟ ਗਿਣਤੀ ਸਿੱਖ ਕੌਮ ਨੂੰ ਡੱਕ ਕੇ ਨਹੀਂ ਰੱਖ ਸਕਣਗੇ ਕਿਉਂਕਿ ਹਿੰਦ ਹਕੂਮਤ ਤੇ ਹਿੰਦ ਕਾਨੂੰਨ ਦੀਆਂ ਜਿਆਦਤੀਆਂ ਦੇ ਘੜੇ ਦੁਨੀਆ ਦੇ ਚੁਰਾਹੇ ਵਿੱਚ ਫੁੱਟ ਚੁੱਕੇ ਹਨ ਤੇ ਸਮੁੱਚੇ ਮੁਲਕਾਂ ਤੇ ਦੁਨੀਆ ਦੀਆ ਕੌਮਾਂ ਨੂੰ ਹਿੰਦ ਹਕੂਮਤ ਦੀ ਮਕਾਰਤਾ ਭਰੀ ਸੋਚ ਦਾ ਗਿਆਨ ਹੋ ਚੁੱਕਿਆ ਹੈ। ਹੁਣ ਹਿੰਦ ਹਕੂਮਤ ਨੂੰ ਸਿੱਖ ਕੌਮ ਨੂੰ ਅਵੱਸ਼ ਆਜ਼ਾਦ ਕਰਨਾ ਪਵੇਗਾ, ਕੋਈ ਵੀ ਵੱਡੀ ਤੋਂ ਵੱਡੀ ਫੌਜੀ ਤੇ ਰਾਜਸੀ ਸ਼ਕਤੀ ਸਿੱਖ ਕੌਮ ਨੂੰ ਆਜ਼ਾਦ ਹੋਣ ਅਤੇ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਤੋਂ ਰੋਕ ਨਹੀਂ ਸਕੇਗੀ।