ਵਾਸ਼ਿੰਗਟਨ- ਅਮਰੀਕਾ ਵਿੱਚ ਇਸ ਸਾਲ ਨਵੰਬਰ ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣ ਵਿੱਚ ਰੀਪਬਲੀਕਨ ਉਮੀਦਵਾਰ ਮਿਟ ਰੋਮਨੀ ਨੇ ਓਬਾਮਾ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਦੀ ਸਖਤ ਸ਼ਬਦਾਂ ਵਿੱਚ ਅਲੋਚਨਾ ਕੀਤੀ ਹੈ।
ਰੋਮਨੀ ਨੇ ਰਾਸ਼ਟਰਪਤੀ ਓਬਾਮਾ ਤੇ ਦੇਸ਼ ਨੂੰ ਧੋਖਾ ਦੇਣ ਦਾ ਆਰੋਪ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਓਬਾਮਾ ਪ੍ਰਸ਼ਾਸਨ ਨੇ ਰਾਜਨੀਤਕ ਲਾਭ ਲੈਣ ਲਈ ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਜਾਣਕਾਰੀਆਂ ਲੀਕ ਕੀਤੀਆਂ ਹਨ।
ਈਰਾਨ ਦੇ ਪਰਮਾਣੂੰ ਹੱਥਿਆਰਾਂ ਦੇ ਮੁੱਦੇ ਤੇ ਰੋਮਨੀ ਨੇ ਕਿਹਾ ਕਿ ਜੇ ਉਹ ਸੱਤਾ ਵਿੱਚ ਆਂਉਂਦੇ ਹਨ ਤਾਂ ਉਹ ਈਰਾਨ ਨੂੰ ਪਰਮਾਣੂੰ ਹੱਥਿਆਰ ਨਹੀਂ ਬਣਾਉਣ ਦੇਣਗੇ। ਉਨ੍ਹਾਂ ਦੀ ਚੋਣ ਪਰਚਾਰ ਲਈ ਜਾਰੀ ਕੀਤੀ ਗਈ ‘ਫੈਕਟ ਸ਼ੀਟ’ ਵਿੱਚ ਕਿਹਾ ਗਿਆ ਹੈ ਕਿ ਜੇ ਉਹ ਪਾਵਰ ਵਿੱਚ ਆਂਉਂਦੇ ਹਨ ਤਾਂ ਊਹ 100 ਦਿਨਾਂ ਦੇ ਵਿੱਚ ਪੂਰਬੀ ਭੂਮੱਧਸਾਗਰ ਅਤੇ ਫਰਾਂਸ ਦੀ ਖਾੜੀ ਵਿੱਚ ਟਾਸਕ ਫੋਰਸ ਤੈਨਾਤ ਕਰਨਗੇ।ਜਿਸ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਈਰਾਨ ਦੇ ਖਿਲਾਫ਼ ਸੈਨਿਕ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਈਰਾਨ ਪਰਮਾਣੂੰ ਹੱਥਿਆਰਾਂ ਦੀ ਵਰਤੋਂ ਸ਼ਾਂਤੀ ਪ੍ਰੋਗਰਾਮਾਂ ਲਈ ਕਰਨ ਦੀ ਗੱਲ ਤਾਂ ਕਰਦਾ ਹੈ ਪਰ ਉਸ ਉਪਰ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਊਹ ਪਿੱਛਲੇ ਕਈ ਸਾਲਾਂ ਤੋਂ ਇਸ ਮਾਮਲੇ ਵਿੱਚ ਧੋਖਾ ਦਿੰਦਾ ਆ ਰਿਹਾ ਹੈ।ਰੋਮਨੀ ਨੇ ਇਹ ਵੀ ਅਰੋਪ ਲਗਾਇਆ ਕਿ ਓਬਾਮਾ ਪ੍ਰਸ਼ਾਸਨ ਈਰਾਨ ਅਤੇ ਚੀਨ ਵਰਗੇ ਵਿਰੋਧੀਆਂ ਦੇ ਸਾਹਮਣੇ ਕਮਜੋਰ ਪਿਆ ਹੈ।