ਗੁਵਾਹਾਟੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅਸਾਮ ਦੇ ਹਿੰਸਾਗ੍ਰਸੱਤ ਇਲਾਕਿਆਂ ਵਿੱਚ ਰਾਹਤ ਅਤੇ ਪੁਨਰਵਾਸ ਲਈ 300 ਕਰੋੜ ਰੁਪੈ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨਮੰਤਰੀ ਨੇ ਅਜਿਹੀ ਹਿੰਸਾ ਨੂੰ ਦੇਸ਼ ਦੇ ਮੱਥੇ ਤੇ ਕਲੰਕ ਦਸਿਆ। ਉਨ੍ਹਾਂ ਨੇ ਕਿਹਾ ਕਿ ਹਿੰਸਾ ਦੇ ਕਾਰਣਾਂ ਦਾ ਪਤਾ ਲਗਾਇਆ ਜਾਵੇਗਾ। ਹੁਣ ਤੱਕ 52 ਲੋਕ ਮਾਰੇ ਗਏ ਹਨ ਅਤੇ ਚਾਰ ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਹਿੰਸਾ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਜ ਸਰਕਾਰ ਨੇ 250 ਤੋਂ ਵੱਧ ਰਾਹਤ ਕੈਂਪਾਂ ਵਿੱਚ ਠਹਿਰਾਇਆ ਹੋਇਆ ਹੈ। ਪ੍ਰਧਾਨਮੰਤਰੀ ਨੇ ਕਿਹਾ ਕਿ ਮਰਨ ਵਾਲਿਆਂ ਦੇ ਪਰੀਵਾਰਾਂ ਨੂੰ ਦੋ-ਦੋ ਲੱਖ ਅਤੇ ਜਖਮੀਆਂ ਨੂੰ 50-50 ਹਜ਼ਾਰ ਰੁਪੈ ਦਿੱਤੇ ਜਾਣਗੇ। ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਏ ਹਨ ਉਨ੍ਹਾਂ ਨੂੰ 30-30 ਹਜ਼ਾਰ ਅਤੇ ਘੱਟ ਨੁਕਸਾਨ ਵਾਲਿਆਂ ਨੂੰ 20-20 ਹਜ਼ਾਰ ਰੁਪੈ ਦਿੱਤੇ ਜਾਣਗੇ।
ਪ੍ਰਧਾਨਮੰਤਰੀ ਨੇ ਕੋਕਰਾਝਾਰ ਕਾਮਰਸ ਕਾਲਿਜ ਵਿੱਚ ਲਗੇ ਰਾਹਤ ਕੈਂਪ ਵਿੱਚ ਸ਼ਰਨਾਰਥੀਆਂ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੋ ਕੁਝ ਹੋ ਰਿਹਾ ਹੈ, ਬਹੁਤ ਹੀ ਦੁਖਦਾਈ ਹੈ। ਅਸੀਂ ਸੱਭ ਦੁੱਖ ਦੀ ਇਸ ਘੜੀ ਵਿੱਚ ਤੁਹਾਡੇ ਨਾਲ ਹਾਂ। ਪ੍ਰਧਾਨਮੰਤਰੀ ਦਾ ਦੋ ਰਾਹਤ ਕੈਂਪਾਂ ਵਿੱਚ ਜਾਣ ਦਾ ਪ੍ਰੋਗਰਾਮ ਸੀ ਪਰ ਦੇਰੀ ਨਾਲ ਪਹੁੰਚਣ ਕਰਕੇ ਇੱਕ ਹੀ ਰਾਹਤ ਕੈਂਪ ਵਿੱਚ ਜਾ ਸਕੇ। ਹੈਲੀਕਾਪਟਰ ਵਿੱਚ ਤਕਨੀਕੀ ਖਰਾਬੀ ਆਉਣ ਕਰਕੇ ਪ੍ਰਧਾਨਮੰਤਰੀ ਲੇਟ ਹੋ ਗਏ।