ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤ੍ਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਇਥੇ ਜਾਰੀ ਇੱਕ ਬਿਆਨ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਨੇਤਾ ਅਤੇ ਮੱਧ ਪ੍ਰਦੇਸ਼ ਭਾਜਪਾ ਮਾਮਲਿਆਂ ਦੇ ਇੰਚਾਰਜ ਸ਼੍ਰੀ ਅਨੰਤ ਕੁਮਾਰ ਅਤੇ ਦਿੱਲੀ ਪ੍ਰਦੇਸ਼ ਭਾਜਪਾ ਦੇ ਸੀਨੀਅਰ ਮੁੱਖੀ ਸ. ਆਰ ਪੀ ਸਿੰਘ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਮੱਧ ਪ੍ਰਦੇਸ਼ ਦੇ ਸ਼ਿਓਪੁਰੀ ਇਲਾਕੇ ਵਿੱਚ ਵਸਦੇ ਸਿੱਖਾਂ ਦੀਆਂ ਸੱਮਸਿਆਵਾਂ ਹਲ ਕਰਵਾਉਣ ਅਤੇ ਮੁਸ਼ਕਲਾਂ ਨੂੰ ਦੂਰ ਕਰਵਾਉਣ ਵਿੱਚ ਹਾਰਦਿਕ ਸਹਿਯੋਗ ਦਿੱਤਾ ਹੈ।
ਸ. ਹਰਵਿੰਦਰ ਸਿੰਘ ਸਰਨਾ ਨੇ ਦਸਿਆ ਕਿ ਸ਼ਿਓਪੁਰੀ ਇਲਾਕੇ ਵਿੱਚ ਵਸਦੇ ਸਿੱਖ, ਜੋ ਮੁੱਖ ਰੂਪ ਵਿੱਚ ਕਿਰਸਾਨੀ ਕਿੱਤੇ ਨਾਲ ਜੁੜੇ ਹੋਏ ਹਨ, ਸਮੇਂ ਸਿਰ ਬਾਰਸ਼ਾਂ ਨਾ ਹੋਣ ਅਤੇ ਉਤੋਂ ਬਿਜਲੀ ਦੀ ਸਪਲਾਈ ਬਿਲਕੁਲ ਬੰਦ ਰਹਿਣ ਕਾਰਣ ਬਹੁਤ ਹੀ ਪ੍ਰੇਸ਼ਾਨ ਚਲੇ ਆ ਰਹੇ ਸਨ। ਉਨ੍ਹਾਂ ਦਾ ਇੱਕ ਪ੍ਰਤੀਨਿਧੀ ਮੰਡਲ ਨੇ ਆਪਣੀ ਫਰਿਆਦ ਲੈ ਸ. ਮਲਕੀਅਤ ਸਿੰਘ ਦੀ ਅਗਵਾਈ ਵਿੱਚ ਸਥਾਨਕ ਅਧਿਕਾਰੀਆਂ ਨੂੰ ਮਿਲਿਆ। ਪ੍ਰੰਤੂ ਅਧਿਕਾਰੀਆਂ ਨੇ ਉਨ੍ਹਾਂ ਦੀ ਫਰਿਆਦ ਸੁਣਨ ਅਤੇ ਉਨ੍ਹਾਂ ਪ੍ਰਤੀ ਹਮਦਰਦੀ ਪ੍ਰਗਟ ਕਰਨ ਅਤੇ ਨਰਮੀ ਭਰਿਆ ਵਿਹਾਰ ਕਰਨ ਦੀ ਬਜਾਏ, ਉਨ੍ਹਾਂ ਨਾਲ ਬਹੁਤ ਹੀ ਰੁੱਖਾ ਵਿਹਾਰ ਕੀਤਾ।
ਸ. ਸਰਨਾ ਨੇ ਦਸਿਆ ਕਿ ਸ਼ਿਓਪੁਰੀ ਸਿੱਖਾਂ ਦੇ ਮੁੱਖੀ ਸ. ਮਲਕੀਅਤ ਸਿੰਘ ਅਨੁਸਾਰ ਉਥੋਂ ਦੇ ਸਿੱਖਾਂ ਨੇ ਆਪਣੇ ਨਾਲ ਹੋਏ ਇਸ ਵਿਹਾਰ ਦੇ ਵਿਰੁਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਜਿਸ ਦੌਰਾਨ ਦੂਜੇ ਪਾਸੋਂ ਪਾਈਆਂ ਗਈਆਂ ਰੁਕਾਵਟਾਂ ਕਾਰਣ ਕੁਝ ਅਣਸੁਖਾਵੀਆਂ ਘਟਨਾਵਾਂ ਵਾਪਰ ਗਈਆਂ। ਜਿਸ ਤੇ ਉਥੋਂ ਦੇ ਅਧਿਕਾਰੀਆਂ ਨੇ ਸਿੱਖਾਂ ਦੀਆਂ ਦੁੱਖੀ ਭਾਵਨਾਵਾਂ ਨੂੰ ਸਮਝ, ਉਨ੍ਹਾਂ ਪ੍ਰਤੀ ਨਰਮ ਰਵੱਈਆ ਅਪਨਾਣ ਦੀ ਬਜਾਏ, ਉਨ੍ਹਾਂ ਵਿਰੁਧ ਮਾਮਲੇ ਬਨਾਉਣੇ, ਉਨ੍ਹਾਂ ਨੂੰ ਗ੍ਰਿਫਤਾਰ ਅਤੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜਿਸਤੋਂ ਦੁੱਖੀ ਹੋ ਉਹ (ਸ. ਮਲਕੀਅਤ ਸਿੰਘ) ਇਲਾਕੇ ਦੇ ਕੁਝ ਸਿੱਖਾਂ ਨਾਲ ਆਪਣੀ ਫਰਿਆਦ ਲੈ ਕੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਆਏ।
ਸ. ਹਰਵਿੰਦਰ ਸਿੰਘ ਸਰਨਾ ਨੇ ਦਸਿਆ ਕਿ ਉਨ੍ਹਾਂ ਇਨ੍ਹਾਂ ਦੀ ਸਾਰੀ ਗਲ ਸੁਣ ਭਾਜਪਾ ਦੇ ਪ੍ਰਦੇਸ਼ ਮੁੱਖੀ ਸ. ਆਰ ਪੀ ਸਿੱੰਘ ਦੇ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਸਾਰੀ ਗਲ ਦਸੀ। ਉਨ੍ਹਾਂ ਤੁਰੰਤ ਹੀ ਮੱਧ ਪ੍ਰਦੇਸ਼ ਭਾਜਪਾ ਮਾਮਲਿਆਂ ਦੇ ਇੰਚਾਰਜ ਸ਼੍ਰੀ ਅਨੰਤ ਕੁਮਾਰ ਪਾਸੋਂ ਨਾ ਕੇਵਲ ਮੁਲਾਕਾਤ ਦਾ ਸਮਾਂ ਲੈ ਦਿੱਤਾ, ਸਗੋਂ ਆਪ ਵੀ ਪ੍ਰਤੀਨਿਧੀ ਮੰਡਲ ਨਾਲ ਗਏ। ਸ. ਸਰਨਾ ਨੇ ਹੋਰ ਦਸਿਆ ਕਿ ਪ੍ਰਤੀਨਿਧੀ ਮੰਡਲ, ਜਿਸ ਵਿੱਚ ਉਨ੍ਹਾਂ ਨਾਲ ਗੁਰਦੁਆਰਾ ਕਮੇਟੀ ਦੇ ਸਕਤ੍ਰ ਸ. ਕਰਤਾਰ ਸਿੰਘ ਕੋਛੜ, ਸ਼ਿਓਪੁਰੀ ਸਿੱਖਾਂ ਦੇ ਮੁੱਖੀ ਸ. ਮਲਕੀਅਤ ਸਿੰਘ ਤੇ ਉਨ੍ਹਾਂ ਦੇ ਸਾਥੀ ਸ਼ਾਮਲ ਸਨ, ਨੇ ਸ਼੍ਰੀ ਅਨੰਤ ਕੁਮਾਰ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਇੱਕ ਮੰਗਪਤ੍ਰ ਸੌਂਪਿਆ ਅਤੇ ਇਸਦੇ ਨਾਲ ਹੀ ਜ਼ਬਾਨੀ ਵੀ ਸਾਰੇ ਹਾਲਾਤ ਦੀ ਜਾਣਕਾਰੀ ਦਿੱਤੀ। ਸ਼੍ਰੀ ਅਨੰਤ ਕੁਮਾਰ ਨੇ ਸਿੱਖਾਂ ਦੇ ਦੁਖੜੇ ਹਮਦਰਦੀ ਨਾਲ ਸੁਣੇ ਅਤੇ ਉਨ੍ਹਾਂ ਦੀ ਗੰਭੀਰਤਾ ਨੂੰ ਮਹਿਸੂਸ ਕੀਤਾ। ਉਨ੍ਹਾਂ ਉਸੇ ਸਮੇਂ ਮੱਧ ਪ੍ਰਦੇਸ਼ ਦੇ ਸਬੰਧਤ ਮਾਮਲਿਆਂ ਦੇ ਮੰਤ੍ਰੀ ਨਾਲ ਫੋਨ ਤੇ ਗਲ ਕੀਤੀ ਤੇ ਉਸਨੂੰ ਤੁਰੰਤ ਹੀ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਹਲ ਕਰਨ ਪ੍ਰਤੀ ਹਮਦਰਦੀ ਭਰੀ ਸੋਚ ਅਪਨਾਣ, ਬਣਾਏ ਮਾਮਲੇ ਵਾਪਸ ਲੈਣ ਅਤੇ ਗ੍ਰਿਫਤਾਰ ਕੀਤੇ ਸਿੱਖਾਂ ਨੂੰ ਰਿਹਾ ਕਰਨ ਲਈ ਕਿਹਾ। ਇਸਦੇ ਨਾਲ ਹੀ ਉਨ੍ਹਾਂ ਮੱਧ ਪ੍ਰਦੇਸ਼ ਸਰਕਾਰ ਵਲੋਂ ਭਰੋਸਾ ਦੁਆਇਆ ਕਿ ਉਹ ਰਾਜ ਵਿੱਚ ਵਸਦੇ ਸਿੱਖਾਂ ਦੇ ਹਿਤਾਂ ਦੀ ਰਾਖੀ ਕਰਨ ਪ੍ਰਤੀ ਸਦਾ ਹੀ ਵਚਨਬਧ ਰਹੇਗੀ।
ਸ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗਲ ਦੀ ਖੁਸ਼ੀ ਹੈ ਕਿ ਜਿਸ ਵਿਸ਼ਵਾਸ ਨਾਲ ਸ਼ਿਓਪੁਰੀ ਦੇ ਸਿੱਖ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਆਪਣੀਆਂ ਸਮੱਸਿਆਵਾਂ ਲੈ ਕੇ ਆਏ, ਉਨ੍ਹਾਂ ਨੂੰ ਹਲ ਕਰਵਾਉਣ ਵਿੱਚ ਸਫਲ ਹੋ ਦਿੱਲੀ ਗੁਰਦੁਆਰਾ ਕਮੇਟੀ ਉਨ੍ਹਾਂ ਦੇ ਵਿਸ਼ਵਾਸ ਦੀ ਕਸੌਟੀ ਪੁਰ ਪੂਰੀ ਉਤਰੀ ਹੈ। ਉਨ੍ਹਾਂ ਹੋਰ ਕਿਹਾ ਕਿ ਇਸਤੋਂ ਸਪਸ਼ਟ ਜਾਪਦਾ ਹੈ ਕਿ ਪੰਜਾਬੋਂ ਬਾਹਰ ਵਸਦੇ ਸਿੱਖ ਆਪਣੀਆਂ ਸਮੱਸਿਆਵਾਂ ਦੇ ਹਲ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲ ਵੇਖਦੇ ਅਤੇ ਉਸਨੂੰ ਆਪਣੀ ਪ੍ਰਤੀਨਿਧ ਜਥੇਬੰਦੀ ਸਵੀਕਾਰਦੇ ਹਨ। ਉਨ੍ਹਾਂ ਪੂਰੀ ਦ੍ਰਿੜ੍ਹਤਾ ਨਾਲ ਕਿਹਾ ਕਿ ਦਿੱਲੀ ਕਮੇਟੀ ਉਨ੍ਹਾਂ ਦੇ ਇਸ ਵਿਸ਼ਵਾਸ ਨੂੰ ਕਾਇਮ ਰਖਣ ਪ੍ਰਤੀ ਸਦਾ ਤਤਪਰ ਰਹੇਗੀ।