ਅੰਮ੍ਰਿਤਸਰ: :- ਇਟਲੀ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਤੇ ਅਨਿੱਖੜਵੇਂ ਅੰਗ ‘ਕ੍ਰਿਪਾਨ’ ਬਾਰੇ ਕੀਤੇ ਫੈਸਲੇ ਤੇ ਟਿੱਪਣੀ ਕਰਦਿਆਂ ਇਸ ਨੂੰ ਅਤਿ ਨਿੰਦਣਯੋਗ ਕਰਾਰ ਦੇਂਦਿੰਆਂ ਕਿਹਾ ਕਿ ਇਟਲੀ ਸਰਕਾਰ ਇਸ ਫੈਸਲੇ ਤੇ ਮੁੜ ਵੀਚਾਰ ਕਰੇ ਕਿਉਕਿ ਇਸ ਨਾਲ ਸਿੱਖ ਮਨਾ ਨੂੰ ਭਾਰੀ ਠੇਸ ਪੁੱਜੀ ਹੈ ਤੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਦੇ ਧਾਰਮਿਕ ਜਜਬਾਤਾਂ ਨੂੰ ਕਾਨੂੰਨ ਦਾ ਹਵਾਲਾ ਦੇ ਕੇ ਠੇਸ ਪਹੁੰਚਾਉਣਾ ਕੋਈ ਸਹੀ ਫੈਸਲਾ ਨਹੀ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇੱਕ ਪਾਸੇ ਦੁਨੀਆਂ ਦੇ ਸਭ ਤੋਂ ਵੱਡੇ ਅਮਰੀਕਾ ਤੇ ਕਨੇਡਾ ਵਰਗੇ ਦੇਸ਼ ਪ੍ਰਵਾਸੀ ਕਿਰਤੀ ਲੋਕਾਂ ਦੇ ਧਾਰਮਿਕ ਅਤੇ ਸਮਾਜਿਕ ਸਰੋਕਾਰਾਂ ਨੂੰ ਪਹਿਲ ਦਿੰਦੇ ਹੋਏ ਪ੍ਰਫੁੱਲਤ ਕਰਨ ਲਈ ਕਾਨੂੰਨ ਹੋਂਦ ਵਿੱਚ ਲਿਆ ਰਹੇ ਹਨ, ਉੱਥੇ ਪੂਰੇ ਯੂਰਪ ਵਿੱਚ ਇਸ ਦੇ ਉੱਲਟ ਹੁੰਦਾ ਦਿਖਾਈ ਦੇ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵਕਤ ਸਭ ਤੋਂ ਵੱਧ ਪ੍ਰੇਸ਼ਾਨੀਆਂ ਸਿੱਖਾਂ ਨੂੰ ਝੱਲਣੀਆਂ ਪੈ ਰਹੀਆਂ ਹਨ। ਏਅਰਪੋਰਟ ਹੋਵੇ ਜਾਂ ਅਦਾਲਤ ਸੁਰੱਖਿਆ ਦੇ ਨਾਮ ਤੇ ਕਦੇ ਸਿੱਖਾਂ ਦੀ ਦਸਤਾਰ ਲੁਹਾਈ ਜਾਂਦੀ ਹੈ ਤੇ ਕਦੇ ਕ੍ਰਿਪਾਨ।
ਉਹਨਾਂ ਕਿਹਾ ਕਿ ਅਫਸ਼ੋਸ ਵਾਲੀ ਗੱਲ ਹੈ ਭਾਰਤ ਦੇ ਪ੍ਰਧਾਨ ਮੰਤਰੀ ਸਿੱਖ ਹੋਣ ਤੇ ਫਿਰ ਵੀ ਦੇਸ਼ ਵੱਲੋਂ ਵਿਦੇਸ਼ੀ ਸਰਕਾਰਾਂ ਨੂੰ ਦਸਤਾਰ ਅਤੇ ਕ੍ਰਿਪਾਨ ਬਾਰੇ ਠੋਸ ਜਾਣਕਾਰੀ ਨਾ ਦਿੱਤੀ ਜਾਵੇ ਸਮਝ ਤੋਂ ਬਾਹਰ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਆਨ-ਸ਼ਾਨ ਨੂੰ ਕਦੇ ਕੋਈ ਅੰਦਰੂਨੀ ਜਾਂ ਬਾਹਰੀ ਖੱਤਰਾ ਜਾਪੇ ਤਾਂ ਸਭ ਤੋਂ ਅੱਗੇ ਹੋ ਕੇ ਸਿੱਖ ਹੀ ਕੁਰਬਾਨੀ ਕਰਦੇ ਹਨ ਪਰ ਆਪਣੇ ਸਵੈ-ਮਾਨ ਲਈ ਆਪਣੇ ਦੇਸ਼ ਦੀ ਸਰਕਾਰ ਨੂੰ ਚੇਤਾ ਵੀ ਆਪ ਹੀ ਕਰਵਾਉਣਾ ਪੈਂਦਾ ਹੈ।
ਉਹਨਾਂ ਕਿਹਾ ਕਿ ਇਟਲੀ ਸਰਕਾਰ ਵੱਲੋਂ ਕ੍ਰਿਪਾਨ ਮਸਲੇ ਬਾਰੇ ਦਿੱਤੇ ਮੰਦਭਾਗੇ ਫੈਸਲੇ ਤੇ ਉਸ ਨੂੰ ਦੁਬਾਰਾ ਵੀਚਾਰ ਕਰਨੀ ਚਾਹੀਦੀ ਹੈ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਕਿਉਕਿ ਇਟਲੀ ਦੇਸ਼ ਦੀ ਤਰੱਕੀ ਲਈ ਸਿੱਖ ਭਾਈਚਾਰੇ ਦਾ ਵੱਡਾ ਯੋਗਦਾਨ ਹੈ ਤੇ ਇਸ ਦੇਸ਼ ‘ਚ ਵੱਡੇ-ਵੱਡੇ ਸਿੱਖ ਵੀ ਕਾਰੋਬਾਰੀ ਹਨ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵੱਡੇ ਇਕੱਠ ਦੌਰਾਨ ਪੰਜ ਸਿੱਦਕੀ ਸਿੰਘਾਂ ਦੀ ਪਰਖ ਉਪਰੰਤ ਪੰਜ ਪਿਆਰਿਆਂ ਦੇ ਰੂਪ ‘ਚ ਥਾਪੇ ਸਨ ਫਿਰ ਖੰਡੇ ਬਾਟੇ ਦੀ ਪਾਹੁਲ ਉਹਨਾਂ ਨੂੰ ਛਕਾ ਕੇ ਆਪ ਉਹਨਾਂ ਪਾਸੋਂ ਅੰਮ੍ਰਿਤ ਛਕਿਆ ਅਤੇ ਖਾਲਸੇ ਨੂੰ ਕੇਸ, ਕੰਘਾ, ਕਛਹਿਰਾ, ਕ੍ਰਿਪਾਨ, ਕੜਾ (ਪੰਜ) ਕਕਾਰਾਂ ਦਾ ਧਾਰਨੀ ਬਣਾਇਆ। ਇਸ ਲਈ ਸਿੱਖਾਂ ਦੇ ਅਨਿੱਖੜਵੇਂ ਅੰਗ ਕ੍ਰਿਪਾਨ ਨੂੰ ਸਰੀਰ ਨਾਲੋਂ ਕਿਸੇ ਵੀ ਕੀਮਤ ਤੇ ਵੱਖ ਨਹੀ ਕੀਤਾ ਜਾ ਸਕਦਾ। ਉਹਨਾਂ ਮਾਨਯੋਗ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਿੱਖ ਭਾਵਨਾਵਾਂ ਨੂੰ ਸਮਝਦੇ ਹੋਏ ਇਟਲੀ ਸਰਕਾਰ ਨਾਲ ਕੂਟਨੀਤਕ ਪੱਥਰ ਤੇ ਗੱਲਬਾਤ ਕਰਕੇ ਇਸ ਮਸਲੇ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ।