ਨਵੀਂ ਦਿੱਲੀ- ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਉਸ ਦੇ ਕਾਰਜਕਾਲ ਦੌਰਾਨ ਜੋ ਵੀ ਬਹੁਮੁੱਲੇ ਤੋਹਫ਼ੇ ਮਿਲੇ ਸਨ, ਉਹ ਸਾਰੇ ਉਹ ਰਾਸ਼ਟਰਪਤੀ ਭਵਨ ਛੱਡਣ ਸਮੇਂ ਆਪਣੇ ਨਾਲ ਹੀ ਲੈ ਗਈ ਹੈ। ਇਹ ਪਰੰਪਰਾ ਦੇ ਉਲਟ ਹੈ। ਪ੍ਰਤਿਭਾ ਵੱਲੋਂ ਇਹ ਤੋਹਫ਼ੇ ਅਮਰਾਵਤੀ ਲੈ ਕੇ ਜਾਣ ਕਰਕੇ ਉਹ ਵਿਵਾਦਾਂ ਵਿੱਚ ਫਸ ਗਈ ਹੈ।
ਦੇਸ਼ ਦੇ ਰਾਸ਼ਟਰਪਤੀ ਨੂੰ ਮਿਲੇ ਤੋਹਫ਼ੇ ਜਨਤਾ ਦੀ ਸੰਪਤੀ ਹੁੰਦੇ ਹਨ। ਇਨ੍ਹਾਂ ਸੌਗਾਤਾਂ ਨੂੰ ਤੋਸ਼ੇਖਾਨੇ ਵਿੱਚ ਰੱਖਿਆ ਜਾਂਦਾ ਹੈ। ਪਾਟਿਲ ਨੂੰ ਉਸ ਦੇ ਕਾਰਜਕਾਲ ਦੌਰਾਨ 150 ਦੇ ਕਰੀਬ ਬਹੁਮੁੱਲੇ ਤੋਹਫ਼ੇ ਮਿਲੇ। ਇਨ੍ਹਾਂ ਵਿੱਚ ਜਿਆਦਾਤਰ ਵੱਖ-ਵੱਖ ਦੇਸ਼ਾਂ ਦੀ ਯਾਤਰਾ ਦੌਰਾਨ ਵਿਦੇਸ਼ਾਂ ਤੋਂ ਮਿਲੇ ਗਿਫਟ ਹਨ। ਇਹ ਤੋਹਫ਼ੇ ਪ੍ਰੈਜੀਡੈਂਸ਼ਲ ਅਸਟੇਟ ਅਤੇ ਦੇਸ਼ ਦੀ ਪ੍ਰਾਪਰਟੀ ਹੁੰਦੇ ਹਨ। ਪ੍ਰਤਿਭਾ ਨੇ ਅਆਪਣੀ ਸਫ਼ਾਈ ਦਿੰਦੇ ਹੋਏ ਕਿਹਾ ਹੈ ਕਿ ਇਹ ਤੋਹਫ਼ੇ ਪ੍ਰੈਜੀਡੈਂਸ਼ਲ ਅਸਟੇਟ ਤੋਂ ਲੋਨ ਤੇ ਲਏ ਗਏ ਹਨ ਅਤੇ ਮੰਗਣ ਤੇ ਵਾਪਿਸ ਕਰ ਦਿੱਤੇ ਜਾਣਗੇ। ਅਮਰਾਵਤੀ ਦੇ ਜਿਸ ਵਿਦਿਆ ਭਾਰਤੀ ਕਾਲਿਜ ਦੇ ਮਿਊਜ਼ੀਅਮ ਵਿੱਚ ਇਹ ਤੋਹਫ਼ੇ ਰੱਖੇ ਜਾਣੇ ਹਨ, ਉਸ ਕਾਲਿਜ ਨੂੰ ਪਾਟਿਲ ਪਰੀਵਾਰ ਦਾ ਟਰੱਸਟ ਹੀ ਮੈਨੇਜ ਕਰਦਾ ਹੈ। ਸਾਬਕਾ ਰਾਸ਼ਟਰਪਤੀ ਕਲਾਮ ਰਾਸ਼ਟਰਪਤੀ ਭਵਨ ਛੱਡਣ ਸਮੇਂ ਆਪਣੇ ਨਾਲ ਸਿਰਫ਼ ਆਪਣੇ ਦੋ ਸੂਟਕੇਸ ਹੀ ਲੈ ਕੇ ਗਏ ਸਨ। ਇਸ ਦੇ ਉਲਟ ਪਾਟਿਲ ਵੱਡੀ ਸੰਖਿਆ ਵਿੱਚ ਟਰੱਕ ਭਰ ਭਰ ਕੇ ਸਮਾਨ ਲੈ ਕੇ ਗਈ ਹੈ।