ਲੰਡਨ- ਸਟਾਰ ਖਿਡਾਰੀ ਸਾਈਨਾ ਨੇਹਵਾਲ ਨੇ ਉਲੰਪਿਕ ਵਿੱਚ ਕਾਂਸੇ ਦਾ ਮੈਡਲ ਪ੍ਰਾਪਤ ਕਰਕੇ ਭਾਰਤੀ ਬੈਡਮਿੰਟਨ ਦੇ ਇਤਿਹਾਸ ਵਿੱਚ ਨਵਾਂ ਅਧਿਆਏ ਜੋੜ ਦਿੱਤਾ ਹੈ। ਸਾਈਨਾ ਦੀ ਕਿਸਮਤ ਨੇ ਉਸ ਦਾ ਸਾਥ ਦਿੱਤਾ ਹੈ। ਸੈਮੀ ਫਾਈਨਲ ਦੇ ਮੁਕਾਬਲੇ ਵਿੱਚ ਚੀਨ ਦੀ ਸ਼ਿਨ ਵਾਂਗ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ 21-18 ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ, ਪਰ ਪਹਿਲੀ ਗੇਮ ਦੇ ਅੰਤ ਵਿੱਚ ਉਹ ਜਖਮੀ ਹੋ ਗਈ। ਦੂਸਰੀ ਗੇਮ ਵਿੱਚ ਵੀ ਉਹ 1-0 ਨਾਲ ਸਾਈਨਾ ਤੋਂ ਅੱਗੇ ਚੱਲ ਰਹੀ ਸੀ ਪਰ ਦਰਦ ਕਰਕੇ ਉਸ ਨੇ ਕੋਰਟ ਛੱਡਣ ਦਾ ਫੈਸਲਾ ਕੀਤਾ। ਇਸ ਤਰ੍ਹਾਂ ਮੈਚ ਵਿੱਚ ਪਿੱਛੜਨ ਦੇ ਬਾਵਜੂਦ ਚੀਨ ਦੀ ਦੁਨੀਆਂ ਦੀ ਨੰਬਰ 2 ਖਿਡਾਰੀ ਦੇ ਗੇਮ ਤੋਂ ਬਾਹਰ ਹੋਣ ਨਾਲ ਸਾਈਨਾ ਦੇ ਖਾਤੇ ਵਿੱਚ ਕਾਂਸੇ ਦਾ ਮੈਡਲ ਆ ਗਿਆ। ਇਸ ਤਰ੍ਹਾ ਹੁਣ ਤੱਕ ਭਾਰਤ ਦੇ ਖਾਤੇ ਵਿੱਚ ਇੱਕ ਸਿਲਵਰ ਮੈਡਲ ਅਤੇ ਦੋ ਕਾਂਸੇ ਦੇ ਮੈਡਲਾਂ ਸਮੇਤ ਤਿੰਨ ਮੈਡਲ ਆਏ ਹਨ।
ਸਾਈਨਾ ਦੇ ਕੋਚ ਗੋਪੀਚੰਦ ਨੇ ਕਿਹਾ ਕਿ ਜਿਸ ਤਰ੍ਹਾਂ ਸਾਈਨਾ ਨੂੰ ਮੈਡਲ ਮਿਲਿਆ ਹੈ ਉਨ੍ਹਾਂ ਨੂੰ ਚੰਗਾ ਤਾਂ ਨਹੀਂ ਲਗਿਆ ਪਰ ਸਾਈਨਾ ਨੇ ਲੰਡਨ ਵਿੱਚ ਸ਼ਾਨਦਾਰ ਖੇਡ ਵਿਖਾਇਆ ਸੀ। ਉਲੰਪਿਕ ਵਿੱਚ ਮੈਡਲ ਜਿੱਤਣਾ ਤਾਂ ਖਾਸ ਹੁੰਦਾ ਹੀ ਹੈ। ਸਾਈਨਾ ਉਲੰਪਿਕ ਵਿੱਚ ਮੈਡਲ ਜਿੱਤਣ ਵਾਲੀ ਕਰਣਮ ਮਲੇਸ਼ਰੀ ਤੋਂ ਬਾਅਦ ਦੂਸਰੀ ਮਹਿਲਾ ਖਿਡਾਰੀ ਹੈ।