ਫਤਿਹਗੜ੍ਹ ਸਾਹਿਬ :- “ਬੀ ਜੇ ਪੀ ਜਮਾਤ ਦੇ ਪੰਜਾਬ ਯੂਨਿਟ ਦੇ ਪ੍ਰਧਾਨ ਸ਼੍ਰੀ ਰਜਿੰਦਰ ਭੰਡਾਰੀ ਵੱਲੋ ਇਹ ਕਹਿਣਾ ਕਿ ਉਹ ਸਿਰਸੇ ਵਾਲੇ ਸਾਧ ਦੀਆਂ ਵੋਟਾਂ ਲੈਣ ਲਈ ਉਸਦੇ ਨਾਲ ਗੱਲ ਵੀ ਕਰਨਗੇ ਅਤੇ ਉਸਦੇ ਡੇਰੇ ਤੇ ਵੀ ਜਾਣਗੇ, ਦੀ ਗੱਲ ਉਪਰੰਤ ਸਿੱਖ ਕੌਮ ਨੂੰ ਵੀ ਸੋਚਣਾ ਪਵੇਗਾ ਕਿ ਅਸੀਂ ਅੰਮ੍ਰਿਤਸਰ, ਗੁਰਦਾਸਪੁਰ, ਹੁਸਿ਼ਆਰਪੁਰ ਦੇ ਲੋਕ ਸਭਾ ਹਲਕਿਆਂ ਤੋਂ ਖੜਨ ਵਾਲੇ ਵਾਲੇ ਬੀ ਜੇ ਪੀ ਦੇ ਉਮੀਦਵਾਰਾਂ ਨੂੰ ਵੋਟ ਕਿਉਂ ਪਾਈਏ? ਤੱਕੜੀ ਨੂੰ ਵੋਟ ਦੇਣਾ ਵੀ ਸਿੱਖ ਤੇ ਪੰਜਾਬ ਵਿਰੋਧੀ ਤਾਕਤਾਂ ਦਾ ਪੱਖ ਪੂਰਨ ਦੇ ਤੁੱਲ ਕਾਰਵਾਈ ਹੋਵੇਗੀ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੀ ਰਜਿੰਦਰ ਭੰਡਾਰੀ ਵੱਲੋਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੀ ਉਪਰੋਕਤ ਕਾਰਵਾਈ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਪਾਰਟੀ ਦੇ ਮੁੱਖ ਦਫਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ।
ਉਹਨਾਂ ਇਸ ਸਿਰਸੇ ਵਾਲੇ ਤੇ ਬੀ ਜੇ ਪੀ ਦੀ ਸਾਂਝ ਵਾਲੇ ਮੁੱਦੇ ਉੱਤੇ ਆਪਣੇ ਖਿਆਲਾਤਾਂ ਤੋਂ ਜਾਣੂ ਕਰਾਉਦੇ ਹੋਏ ਕਿਹਾ ਕਿ ਜੇਕਰ ਬੀ ਜੇ ਪੀ ਦੀ ਜਮਾਤ ਸਿੱਖ ਭਾਈਚਾਰੇ ਤੋਂ ਆਪਣੇ ਥੌੜੇ ਬਹੁਤੇ ਸੰਬੰਧਾਂ ਨੂੰ ਬਿਲਕੁਲ ਤੋੜਣਾ ਚਾਹੁੰਦੀ ਹੈ ਤਾਂ ਅਸੀਂ ਸਾਊਦੀ ਅਰਬੀ “ਬਾਹਬੀ” ਮੁਸਲਮਾਨ, ਪਾਕਿਸਤਾਨ ਦੀ ਮੁਸਲਿਮ ਕੌਮ ਨਾਲ, ਤਾਲਿਬਾਨ ਨਾਲ ਜਿਹਨਾਂ ਨਾਲ ਅਮਰੀਕਾ ਵੀ ਚੰਗੇ ਸੰਬੰਧ ਬਣਾ ਰਿਹਾ ਹੈ, ਉਹਨਾਂ ਨਾਲ ਆਪਣੇ ਸੰਬੰਧਾਂ ਨੂੰ ਮਜ਼ਬੂਤ ਕਰਾਂਗੇ ਅਤੇ ਪਾਕਿਸਤਾਨ ਨਾਲ ਸਿੱਧੀ ਗੱਲ ਰੱਖਾਂਗੇ ਕਿਉਂਕਿ ਅਸੀਂ ਇਹਨਾਂ ਹਿੰਦੂਤਵ ਮੁਤੱਸਵੀ ਜਮਾਤਾਂ ‘ਤੇ ਨਿਰਭਰ ਰਹਿਣ ਦੀ ਬਜਾਇ ਮੁਸਲਿਮ ਕੌਮ ਉੱਤੇ ਕਿਤੇ ਜਿਆਦਾ ਭਰੋਸਾ, ਵਿਸ਼ਵਾਸ ਰੱਖ ਸਕਦੇ ਹਾਂ ਕਿਉਕਿ ਮੁਸਲਿਮ ਕੌਮ ਵੀ ਸਿੱਖਾਂ ਦੀ ਤਰ੍ਹਾ ਮਾਰਸ਼ਲ ਕੌਮ ਹੈ। ਉਹਨਾਂ ਕਿਹਾ ਕਿ ਅਸੀਂ ਮੁਸਲਿਮ ਮੁਲਕਾਂ ਦੀ ਕੌਮਾਂਤਰੀ ਜਥੇਬੰਦੀ ਓ.ਆਈ.ਸੀ (ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀ) ਨਾਲ ਵੀ ਆਪਣੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਾਂਗੇ ਤਾਂ ਕਿ ਸਿੱਖ ਕੌਮ ਇਹਨਾਂ ਇਸਲਾਮਿਕ ਮੁਲਕਾਂ ਵਿੱਚ ਆਪਣੇ ਵਪਾਰ, ਸੱਭਿਆਚਾਰ, ਧਾਰਮਿਕ ਸਾਂਝ ਨੂੰ ਹੋਰ ਵਧੇਰੇ ਕਾਰਗਰ ਬਣਾ ਸਕੇ।