ਨਵੀਂ ਦਿੱਲੀ- ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ 2014 ਦੀਆਂ ਲੋਕਸੱਭਾ ਚੋਣਾਂ ਵਿੱਚ ਨਾਂ ਤਾਂ ਭਾਜਪਾ ਦਾ ਪ੍ਰਧਾਨਮੰਤਰੀ ਬਣੇਗਾ ਅਤੇ ਨਾਂ ਹੀ ਕਾਂਗਰਸ ਆਪਣੇ ਦਮ ਤੇ ਪ੍ਰਧਾਨਮੰਤਰੀ ਬਣਾ ਸਕੇਗੀ। ਅਡਵਾਨੀ ਦੇ ਇਸ ਬਿਆਨ ਨਾਲ ਭਾਜਪਾ ਵਿੱਚ ਖਲਬੱਲੀ ਮੱਚ ਗਈ ਹੈ। ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਉਨ੍ਹਾਂ ਦਾ ਇਸ਼ਾਰਾ ਤੀਸਰੇ ਮੋਰਚੇ ਵੱਲ ਹੈ।
ਅਡਵਾਨੀ ਨੇ ਕਿਹਾ ਹੈ ਕਿ ਪਹਿਲਾਂ ਵੀ ਅਜਿਹੀਆਂ ਸਰਕਾਰਾਂ ਬਣੀਆਂ ਹਨ, ਜਿਵੇਂ ਚੰਦਰਸ਼ੇਖਰ,ਦੇਵਗੌੜਾ, ਚੌਧਰੀ ਚਰਨ ਸਿੰਘ, ਇੰਦਰਕੁਮਾਰ ਗੁਜਰਾਲ ਅਤੇ ਵਿਸ਼ਵਨਾਥ ਪ੍ਰਤਾਪ ਸਿੰਘ ਆਦਿ। ਵੱਡੀਆਂ ਪਾਰਟੀਆਂ ਦੁਆਰਾ ਬਾਹਰੋਂ ਦਿੱਤੇ ਗਏ ਸਮਰਥਣ ਦੇ ਬਾਵਜੂਦ ਇਹ ਸਰਕਾਰਾਂ ਜਿਆਦਾ ਦੇਰ ਤੱਕ ਨਹੀਂ ਚੱਲ ਸਕੀਆਂ।
ਬੀਜੇਪੀ ਦੇ ਇਸ ਨੇਤਾ ਨੇ ਦੋ ਸੀਨੀਅਰ ਕੈਬਨਿਟ ਮੰਤਰੀਆਂ ਨਾਲ ਹੋਈ ਗੱਲਬਾਤ ਦੇ ਆਧਾਰ ਤੇ ਇਹ ਸ਼ਬਦ ਕਹੇ। ਇਨ੍ਹਾਂ ਮੰਤਰੀਆਂ ਨੇ ਇੱਕ ਡਿਨਰ ਪਾਰਟੀ ਦੌਰਾਨ ਚਿੰਤਾ ਜਾਹਿਰ ਕੀਤੀ ਸੀ ਕਿ ਅਗਲੀਆਂ ਲੋਕ ਸੱਭਾ ਚੋਣਾਂ ਵਿੱਚ ਕਾਂਗਰਸ ਅਤੇ ਬੀਜੇਪੀ ਦੋਵੇਂ ਹੀ ਮਜ਼ਬੂਤ ਗਠਬੰਧਨ ਨਹੀਂ ਦੇ ਸਕਣਗੀਆਂ ਜਿਸ ਨਾਲ ਸਪੱਸ਼ਟ ਬਹੁਮੱਤ ਮਿਲੇ। ਜਦੋਂ ਵੀ ਚੋਣਾਂ ਹੋਣਗੀਆਂ ਤਾਂ ਤੀਸਰੇ ਮੋਰਚੇ ਦੀ ਹੀ ਸਰਕਾਰ ਬਣੇਗੀ। ਅਜਿਹਾ ਹੋਣਾ ਨਾਂ ਕੇਵਲ ਭਾਰਤੀ ਰਾਜਨੀਤੀ ਲਈ ਹੀ ਸਗੋਂ ਰਾਸ਼ਟਰਹਿੱਤ ਲਈ ਵੀ ਨੁਕਸਾਨਦਾਇਕ ਹੈ। ਅਡਵਾਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਗਲੀਆਂ ਚੋਣਾਂ ਵਿੱਚ ਕਾਂਗਰਸ ਨੂੰ 100 ਤੋਂ ਵੀ ਘੱਟ ਸੀਟਾਂ ਮਿਲਣਗੀਆਂ।