ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਲੰਡਨ ਦੇ ਗੁਰਦੁਆਰਾ ਸਿੱਖ ਸੰਗਤ ਸਾਹਿਬ ਵਿਖੇ ਸ਼ਰਾਰਤੀ ਅਨਸਰਾਂ ਵਲੋਂ ਅੱਗ ਲਗਾਉਣ ਦੀ ਘਟਨਾ ਜਿਥੇ ਮੰਦਭਾਗੀ ਹੈ ਉਥੇ ਇਸ ਘਟਨਾ ਨੇ ਵਿਸ਼ਵ ਵਿਚ ਬੈਠੀਆਂ ਸਿੱਖ ਸੰਗਤਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਅਜਿਹੀ ਘਿਨੋਣੀ ਹਰਕਤ ਮਾਫੀਯੋਗ ਨਹੀਂ ਹੈ। ਉਨ੍ਹਾਂ ਲੰਡਨ ਵਿਚ ਬੈਠੇ ਸਿੱਖ ਸੰਗਤ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਤੇ ਉੁਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਇਸ ਸਾਜਿਸ਼ ਦਾ ਪਰਦਾਫਾਸ਼ ਕਰਨ ਲਈ ਉਹ ਪੂਰੇ ਯਤਨ ਕਰਨਗੇ ਅਤੇ ਇਸ ਘਟਨਾ ਬਾਰੇ ਪ੍ਰਧਾਨ ਮੰਤਰੀ ਡਾ: ਮਨਮੋਹਣ ਸਿੰਘ ਨੂੰ ਚਿੱਠੀ ਲਿਖ ਕੇ ਉਥੋਂ ਦੀ ਸਰਕਾਰ ਪਾਸੋਂ ਮਾਮਲੇ ਦੀ ਜਾਂਚ ਕਰਵਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੀ ਅਪੀਲ ਵੀ ਕਰਨਗੇ। ਜ਼ਿਕਰਯੋਗ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਲੰਡਨ ਦੇ ਅਹਿਮ ਗੁਰਦੁਆਰਾ ਸਿੱਖ ਸੰਗਤ ਸਾਹਿਬ ਨੂੰ ਅੱਗ ਲਗਾ ਦਿੱਤੀ ਗਈ, ਜਿਸ ਦੌਰਾਨ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਉਥੇ ਪਏ ਅਨਮੋਲ ਧਾਰਮਿਕ ਗ੍ਰੰਥਾਂ ਨੂੰ ਵੀ ਨੁਕਸਾਨ ਪੁੱਜਾ ਹੈ।