ਫਤਹਿਗੜ੍ਹ ਸਾਹਿਬ -“ਅਮਰੀਕਾ ਦੇ ਨਿਊਯਾਰਕ ਸੂਬੇ ਦੇ ਸ਼ਹਿਰ ਓਕ ਕ੍ਰੀਕ ਵਿਖੇ ਕੁਝ ਸਿਰਫਿਰੇ ਅੰਗਰੇਜ਼ਾਂ ਵੱਲੋਂ ਅੰਨ੍ਹੇਵਾਹ ਗੋਲੀ ਚਲਾਕੇ ਢਾਈ ਦਰਜ਼ਨ ਦੇ ਕਰੀਬ ਗੁਰੂਘਰ ਦੇ ਸਰਧਾਲੂਆਂ ਨੂੰ ਜਖ਼ਮੀ ਕਰਨ ਅਤੇ ਅਮਰੀਕਾ ਵਿਖੇ ਰਹਿਣ ਵਾਲੇ ਸਿੱਖਾਂ ਵਿਚ ਦਹਿਸ਼ਤ ਪੈਦਾ ਕਰਨ ਦੀ ਕਾਰਵਾਈ ਸਮੁੱਚੀ ਸਿੱਖ ਕੌਮ ਲਈ ਜਿਥੇ ਅਸਹਿ ਹੈ, ਉਥੇ ਜ਼ਮਹੂਰੀਅਤ ਅਤੇ ਅਮਨ ਚੈਂਨ ਦੀ ਚੈਮਪੀਅਨ ਕਹਾਉਣ ਵਾਲੀ ਅਮਰੀਕਾ ਦੀ ਓਬਾਮਾ ਸਰਕਾਰ ਦੇ ਸਾਫ਼ ਸੁਥਰੇ ਪ੍ਰਬੰਧ ਉਤੇ ਵੀ ਇਕ ਕਾਲਾ ਧੱਬਾ ਹੈ, ਜੋ ਅੱਜ ਤੱਕ ਸਿੱਖ ਕੌਮ ਦੀ ਵੱਖਰੀ ਅਮਨ-ਪਸੰਦ ਅਤੇ ਮਨੁੱਖਤਾ ਦੀ ਬਹਿਤਰੀ ਵਾਲੀ ਪਹਿਚਾਣ ਨੂੰ ਕੌਮਾਂਤਰੀ ਪੱਧਰ ਤੇ ਸਮੂਹ ਕੌਮਾਂ ਵਿਚ ਦਰਜ ਨਹੀ ਕਰ ਸਕੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਗੁਰੂਘਰ ਵਿਖੇ ਬੱਚਿਆਂ ਤੇ ਔਰਤਾਂ ਨੂੰ ਘੇਰ ਕੇ ਕੀਤੀ ਗਈ ਕਾਰਵਾਈ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਅਮਰੀਕਾ ਅਤੇ ਹਿੰਦ ਹਕੂਮਤ ਦੀਆਂ ਗੈਰ ਜਿੰਮੇਵਰਾਨਾਂ ਪ੍ਰਬੰਧ ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਜ਼ਾਹਿਰ ਕੀਤੇ । ਉਹਨਾਂ ਕਿਹਾ ਕਿ ਜਦੋ ਮਲੇਸੀਆਂ ਜਾ ਫਿਜੀ ਵਿਚ ਹਿੰਦੂ ਬਹੁਗਿਣਤੀ ਉਤੇ ਕੋਈ ਬੇਇਨਸਾਫ਼ੀ ਜ਼ਬਰ-ਜੁਲਮ ਹੁੰਦਾ ਹੈ ਤਾਂ ਹਿੰਦ ਹਕੂਮਤ ਤੇ ਉਥੋ ਦੀਆਂ ਸਰਕਾਰਾਂ ਫੋਰਨ ਹਰਕਤ ਵਿਚ ਆ ਜਾਦੀਆਂ ਹਨ ਅਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਹਿੰਦੂਆਂ ਦੀ ਹਿਫਾਜਤ ਲਈ ਦਿੱਲੀ ਤੋ ਲੈਕੇ ਅਮਰੀਕਾ, ਕੈਨੇਡਾ ਤੱਕ ਪ੍ਰਬੰਧ ਸੰਜ਼ੀਦਾਂ ਹੋ ਜਾਂਦਾ ਹੈ । ਲੇਕਿਨ ਜਦੋ ਸਿੱਖਾਂ ਜਾਂ ਮੁਸਲਮਾਨਾਂ ਉਤੇ ਕਿਸੇ ਸਥਾਨ ਤੇ ਕਿਸੇ ਮੁਲਕ ਜਾਂ ਸੂਬੇ ਵਿਚ ਕੋਈ ਜਿਆਦਤੀ ਹੁੰਦੀ ਹੈ ਨਾ ਤਾਂ ਹਿੰਦ ਹਕੂਮਤ ਕੁੰਭਕਰਨੀ ਨੀਂਦ ਤੋ ਉੱਠਦੀ ਹੈ ਅਤੇ ਨਾ ਹੀ ਸੰਬੰਧਤ ਸੂਬੇ ਜਾਂ ਬਾਹਰਲੀਆਂ ਹਕੂਮਤਾਂ ਸਿੱਖਾਂ ਦੀ ਹਿਫ਼ਾਜਤ ਕਰਨ ਲਈ ਆਪਣੀਆਂ ਇਖ਼ਲਾਕੀ ਤੇ ਸਮਾਜਿਕ ਜਿੰਮੇਵਾਰੀਆਂ ਨੂੰ ਪੂਰਨ ਕਰਦੀਆਂ ਹਨ । ਜਿਸ ਤੋ ਹਿੰਦੂਤਵ ਹੁਕਮਰਾਨਾਂ ਦੀ ਸਿੱਖ ਵਿਰੋਧੀ ਮੰਦਭਾਵਨਾਂ ਸਪੱਸਟ ਨਜ਼ਰ ਆਉਦੀ ਹੈ ।
ਸ. ਮਾਨ ਨੇ ਅਮਰੀਕਾ, ਕੈਨੇਡਾ, ਬਰਤਾਨੀਆ, ਜਰਮਨ, ਫਰਾਂਸ ਅਤੇ ਹੋਰ ਯੂਰਪਿਨ ਮੁਲਕਾਂ ਦੀਆਂ ਅਮਨ ਪਸੰਦ ਹਕੂਮਤਾ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਦੀ ਕਿਸੇ ਵੀ ਕੌਮ,ਧਰਮ,ਫਿਰਕੇ ਜਾਂ ਮੁਲਕ ਨਾਲ ਕੋਈ ਰਤੀਭਰ ਵੀ ਦੁਸ਼ਮਣੀ ਨਹੀ ਹੈ, ਬਲਕਿ ਸਿੱਖ ਕੌਮ ਸਮੁੱਚੀਆਂ ਕੌਮਾਂ, ਧਰਮਾਂ, ਕਬੀਲਿਆਂ ਅਤੇ ਵੱਖ-ਵੱਖ ਮੁਲਕਾਂ ਦੇ ਬਸਿੰਦਿਆਂ ਦੀ ਹਰ ਪੱਖੋਂ ਬਿਹਤਰੀ ਲੋੜਦੀ ਹੋਈ ਦੋਵੇ ਸਮੇਂ ਆਪਣੀ ਅਰਦਾਸ ਵਿਚ ਸਮੁੱਚੀ ਮਨੁੱਖਤਾ ਲਈ ਉਸ ਅਕਾਲ ਪੁਰਖ ਅੱਗੇ ਸਰਬੱਤ ਦੇ ਭਲੇ ਦੀ ਬੇਨਤੀ ਕਰਦੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇਨ੍ਹਾਂ ਅਗਾਂਹ ਵਾਧੂ ਮੁਲਕਾਂ ਦੀਆਂ ਹਕੂਮਤਾ ਨੇ ਅਫਗਾਨੀਆਂ, ਤਾਲੀਬਾਨਾਂ, ਇਰਾਕੀਆਂ ਅਤੇ ਹੋਰ ਮੁਸਲਿਮ ਮੁਲਕਾਂ ਵਿਚ ਪੱਗੜੀਧਾਰੀ ਕੌਮਾਂ ਵੱਲੋਂ ਆਪੋ-ਆਪਣੀਆਂ ਹਕੂਮਤਾਂ ਜਾਂ ਅਮਰੀਕਾ ਵਿਰੁੱਧ ਲੜ ਰਹੇ ਇਨ੍ਹਾਂ ਪਗੜੀਧਾਰੀ ਲੋਕਾਂ ਦੀ ਨਿਸਬਤ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਕੌਮਾਂਤਰੀ ਪੱਧਰ ਤੇ ਪ੍ਰਚਾਰਣ ਲਈ ਕੋਈ ਵੀ ਇਖ਼ਲਾਕੀ ਜਿੰਮੇਵਾਰੀ ਨਹੀ ਨਿਭਾਈ । ਇਸ ਲਈ ਹੀ ਇਸਾਈ ਮੁਲਕਾਂ ਵਿਚ ਉਥੋ ਦੇ ਬਸਿੰਦੇ ਸਿੱਖਾਂ ਨੂੰ ਤਾਲੀਬਾਨ, ਅਫਗਾਨੀ, ਜਾਂ ਇਰਾਕੀ ਸਮਝਕੇ ਅਜਿਹੇ ਹਮਲੇ ਕਰਦੇ ਹਨ । ਉਹਨਾਂ ਮੰਗ ਕੀਤੀ ਕਿ ਉਹ ਓਕ ਕ੍ਰੀਕ ਗੁਰੂਘਰ ਵਿਚ ਵਾਪਰੀ ਦੁੱਖਦਾਂਇਕ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਕੇ ਇਸ ਦੇ ਹੋਣ ਵਾਲੇ ਕਾਰਨਾਂ ਨੂੰ ਸਾਹਮਣੇ ਲਿਆਦਾ ਜਾਂਵੇ ਅਤੇ ਦੋਸੀਆ ਨੂੰ ਅਮਰੀਕਾ ਦੇ ਕਾਨੂੰਨ ਅਨੁਸਾਰ ਸਖ਼ਤ ਸਜ਼ਾਵਾਂ ਦੇਣ ਦੇ ਨਾਲ-ਨਾਲ ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਕੌਮਾਂਤਰੀ ਪੱਧਰ ਤੇ ਪ੍ਰਚਾਰਿਆ ਜਾਵੇ ਕਿਉਕਿ ਸਿੱਖ ਕੌਮ ਆਪਣੇ ਘਰਬਾਰ ਤੋ ਦੂਰ ਰਹਿਕੇ ਉਹਨਾਂ ਮੁਲਕਾਂ ਦੀ ਤਰੱਕੀ ਵਿਚ ਯੋਗਦਾਨ ਵੀ ਪਾ ਰਹੀ ਅਤੇ ਉਹਨਾਂ ਮੁਲਕਾਂ ਦੇ ਕਾਨੂੰਨ ਅਨੁਸਾਰ ਸਮਾਬੰਦ ਵਿਚਰ ਵੀ ਰਹੀ ਹੈ । ਉਹਨਾਂ ਬਾਦਲ ਹਕੂਮਤ ਅਤੇ ਹੋਰ ਜਮਾਤਾਂ ਵਿਚ ਵਿਚਰ ਰਹੇ ਸਿੱਖ ਆਗੂਆਂ ਦੀ ਚੁੱਪੀ ਉਤੇ ਵੀ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੀਆਂ ਆਤਮਾਵਾਂ ਹਿੰਦੂਤਵ ਹੁਕਮਰਾਨਾਂ ਦੀਆਂ ਗੁਲਾਮ ਬਣ ਚੁੱਕੀਆਂ ਹਨ ਅਤੇ ਸਿੱਖ ਕੌਮ ਤੇ ਹੋ ਰਹੇ ਜ਼ਬਰ ਨੂੰ ਵੇਖਕੇ ਵੀ ਇਨ੍ਹਾਂ ਦੀਆਂ ਆਤਮਾਵਾਂ ਨਹੀ ਜਾਗਦੀਆਂ ।