ਅੰਮ੍ਰਿਤਸਰ :- ਅਮਰੀਕਾ ਦੇ ਸ਼ਹਿਰ ਉਕ ਕਰੀਕ ਵਿਖੇ ਗੁਰਦੁਆਰਾ ਸਾਹਿਬ ਅੰਦਰ ਸੈਂਕੜੇ ਲੋਕਾਂ ਤੇ ਅੰਨ੍ਹੇਵਾਹ ਫਾਇਰਿੰਗ ਕਰਕੇ 6 ਲੋਕਾਂ ਨੂੰ ਮੌਤ ਦੇ ਘਾਟ ਉਤਾਰਨ, 20 ਤੋਂ ਜਿਆਦਾ ਲੋਕਾਂ ਨੂੰ ਜਖਮੀਂ ਕਰਨ ਅਤੇ ਬੰਧਕ ਬਣਾਉਣ ਵਾਲੀ ਦੁੱਖਦਾਇਕ ਘਟਨਾ ਦੀ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ ਤੇ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਡੂੰਘੇ ਅਫਸੋਸ ਦਾ ਇਜ਼ਹਾਰ ਕੀਤਾ ਅਤੇ ਜਖਮੀਆਂ ਦੇ ਜਲਦੀ ਸਿਹਤਯਾਬੀ ਲਈ ਅਕਾਲ ਪੁਰਖ ਦੇ ਦਰ ਅਰਦਾਸ ਕੀਤੀ ਹੈ। ਇਸ ਦੁੱਖਦਾਈ ਤੇ ਨਿੰਦਣਯੋਗ ਘਟਨਾ ਸਬੰਧੀ ਮੁਕੰਮਲ ਜਾਂਚ ਪੜਤਾਲ ਕਰਕੇ ਰਿਪੋਰਟ ਦੇਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਠੇਕੇਦਾਰ ਸ.ਸੁਰਿੰਦਰ ਸਿੰਘ ਭੁਲੇਰਾਠਾਂ, ਸ.ਅਮਰਜੀਤ ਸਿੰਘ ਚਾਵਲਾ, ਸ.ਪ੍ਰਮਜੀਤ ਸਿੰਘ ਖਾਲਸਾ ਦੇ ਨਾਮ ਸ਼ਾਮਲ ਕੀਤੇ ਗਏ ਹਨ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਦੇ ਬੱਚੇ, ਬਜੁਰਗ ਅਤੇ ਮਾਤਾਵਾਂ ਗੁਰਦੁਆਰਾ ਸਾਹਿਬ ‘ਚ ਰੋਜ਼ਾਨਾ ਵਾਂਗ ਨਿਤਨੇਮ ਕਰ ਰਹੇ ਸਨ। ਅਚਾਨਕ ਹਥਿਆਰਾਂ ਨਾਲ ਲੈੱਸ ਕੁਝ ਗੁੰਡਾ ਅਨਸਰਾਂ ਵਲੋਂ ਗੁਰਦੁਆਰਾ ਸਾਹਿਬ ਉਕ ਕਰੀਕ ‘ਚ ਦਾਖਲ ਹੋ ਕੇ ਨਿਹੱਥੇ ਲੋਕਾਂ ਉੱਪਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਛੇ ਲੋਕਾਂ ਦੇ ਮਾਰੇ ਜਾਣ ਤੇ 20 ਤੋਂ ਵੱਧ ਲੋਕਾਂ ਦੇ ਜਖ਼ਮੀ ਹੋਣ ਅਤੇ ਬਹੁਤ ਸਾਰੀ ਸਿੱਖ ਸੰਗਤ ਨੂੰ ਬੰਧਕ ਬਣਾਉਣ ਦੀ ਦੁਖਦਾਈ ਘਟਨਾ ਵਾਪਰੀ ਹੈ ਜਿਸ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਮੈਂ ਆਪ ਵੀ ਜਲਦੀ ਹੀ ਇਸ ਘਟਨਾ ਸਬੰਧੀ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਤੇ ਦਿੱਲੀ ਸਥਿਤ ਅਮਰੀਕਾ ਦੇ ਦੂਤਾਵਾਸ ਨੂੰ ਮਿਲਾਂਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰੀਕਾ ਸਥਿਤ ਗੁਰਦੁਆਰਾ ਸਾਹਿਬ ਉਕ ਕਰੀਰ ‘ਚ ਗੁੰਡਾ ਅਨਸਰਾਂ ਵੱਲੋਂ ਕੀਤੀ ਗਈ ਅੰਨੇਵਾਹ ਫਾਇਰਿੰਗ ਵਿੱਚ ਮਾਰੇ ਗਏ ਸਿੱਖ ਸ਼ਰਧਾਲੂਆਂ ਦੇ ਨਮਿਤ 8 ਅਗਸਤ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਤੇ 10 ਅਗਸਤ ਨੂੰ ਭੋਗ ਪੈਣਗੇ। ਇਸ ਹਿਰਦੇ ਵੇਦਕ ਘਟਨਾ ਵਿੱਚ ਦਿੱਲੀ ਦੇ ਦੋ ਮਾਰੇ ਗਏ ਸਿੱਖ ਪ੍ਰਚਾਰਕਾਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦੋ-ਦੋ ਲੱਖ ਰੁਪਏ ਸਹਾਇਤਾ ਵਜੋਂ ਦਿੱਤੇ ਜਾਣਗੇ। ਉਨ੍ਹਾਂ ਸਮੂਹ ਨਾਨਕ ਨਾਮ-ਲੇਵਾ ਜਥੇਬੰਦੀਆਂ, ਸਭਾ ਸੁਸਾਇਟੀਆਂ, ਟਕਸਾਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਆਪਣੇ-ਆਪਣੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੇ ਗੁਰਦੁਆਰਾ ਸਾਹਿਬਾਨ ‘ਚ ਵਿਛੜੀਆਂ ਰੂਹਾਂ ਦੇ ਨਮਿਤ ਅਰਦਾਸ ਕਰਨ।
ਉਨ੍ਹਾਂ ਕਿਹਾ ਕਿ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਪਹਿਲਾਂ ਵੀ ਸਿੱਖ ਨਸਲੀ ਹਮਲਿਆਂ ਦਾ ਸ਼ਿਕਾਰ ਹੋ ਚੁੱਕੇ ਹਨ ਪਰ ਇਹ ਪਹਿਲਾ ਮੌਕਾ ਹੈ ਕਿ ਗੁੰਡਿਆਂ ਵਲੋਂ ਪੂਰੇ ਯੋਜਨਾ-ਬਧ ਤਰੀਕੇ ਨਾਲ ਗੁਰੂ-ਘਰ ‘ਚ ਨਿਤਨੇਮ ਤੇ ਸੇਵਾ ਕਰ ਰਹੇ ਲੋਕਾਂ ਉਪਰ ਵੱਡਾ ਹਮਲਾ ਕੀਤਾ ਗਿਆ ਹੈ ਅਜਿਹੇ ਹਮਲੇ ਦੀ ਵੱਧ ਤੋਂ ਵੱਧ ਨਿੰਦਾ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕ-ਤੰਤਰੀ ਦੇਸ਼ ਵਿਚ ਧਾਰਮਿਕ ਸਥਾਨ ਸੁਰੱਖਿਅਤ ਨਹੀਂ, ਅਮਰੀਕਾ ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਗੁਰਦੁਆਰਾ ਸਾਹਿਬਾਨ ਦੀ ਸੁਰੱਖਿਆ ਯਕੀਨੀ ਬਣਾਵੇ ਅਤੇ ਹਮਲਾਵਰਾਂ ਨੂੰ ਤੁਰੰਤ ਹੀ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਗੁਰਦੁਆਰਾ ਸਾਹਿਬ ਅੰਦਰ ਸੈਂਕੜੇ ਲੋਕਾਂ ਉੱਪਰ ਹਮਲਾ ਕਰਨ ਬਾਰੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ ਤਾਂ ਕਿ ਅਸਲੀਅਤ ਸਾਹਮਣੇ ਆ ਸਕੇ।
ਉਨ੍ਹਾਂ ਕਿਹਾ ਕਿ ਅਮਰੀਕਾ ਦੀ ਤਰੱਕੀ ਵਿਚ ਸਿੱਖ ਭਾਈਚਾਰੇ ਦਾ ਅਹਿਮ ਯੋਗਦਾਨ ਹੈ ਇਸ ਦੇਸ਼ ਵਿਚ ਸਿੱਖ ਭਾਈਚਾਰੇ ਦੇ ਵੱਡੇ-ਵੱਡੇ ਕਾਰੋਬਾਰਾਂ ਤੋਂ ਇਲਾਵਾ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਲਈ ਬਣੀਆਂ ਸਕਿਉਰਟੀ ਫੋਰਸਾਂ ‘ਚ ਵੀ ਸਿੱਖ ਭਰਤੀ ਹਨ ਪਰੰਤੂ ਕੁਝ ਗੁੰਡਾ ਅਨਸਰਾਂ ਨੂੰ ਸ਼ਾਇਦ ਸਿੱਖਾਂ ਦੀ ਚੜ੍ਹਤ ਚੰਗੀ ਨਹੀਂ ਲੱਗਦੀ ਤੇ ਉਹ ਅਜਿਹੇ ਘਿਨੌਣੇ ਹਮਲੇ ਕਰਕੇ ਸਿੱਖ ਭਾਈਚਾਰੇ ਨੂੰ ਡਰਾਉਣਾ ਚਾਹੁੰਦੇ ਹਨ। ਉਨ੍ਹਾਂ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਉਹ ਸ਼ਾਂਤੀ ਬਣਾਈ ਰੱਖਣ ਤੇ ਕਿਸੇ ਕਿਸਮ ਦੀ ਭੜਕਾਹਟ ‘ਚ ਨਾ ਆਉਣ ਬਲਕਿ ਸ਼ਾਂਤਮਈ ਤਰੀਕੇ ਨਾਲ ਗੁਰੂ-ਘਰ ਉਪਰ ਹੋਏ ਹਮਲੇ ਦਾ ਵਿਰੋਧ ਕਰਨ।
ਉਨ੍ਹਾਂ ਉਬਾਮਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਮਰੀਕਾ ਦੇਸ਼ ਅੰਦਰ ਵੱਸਦੇ ਸਿੱਖ ਭਾਈਚਾਰੇ ਦੀ ਜਾਨ-ਮਾਲ ਦੀ ਹਿਫਾਜਤ ਕੀਤੀ ਜਾਵੇ ਤੇ ਗੁਰਦੁਆਰਾ ਸਾਹਿਬ ਅੰਦਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਸ਼ਾਂਤਮਈ ਸਿੱਖ ਸੰਗਤਾਂ ਨੂੰ ਮੌਤ ਦੇ ਘਾਟ ਉਤਾਰਨ ਤੇ ਜਖਮੀ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਉਨ੍ਹਾਂ ਦੇ ਅਸਲ ਮਨਸੂਬਿਆਂ ਦਾ ਪਤਾ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਘਟਨਾ ਕ੍ਰਮ ਬਾਰੇ ਸਬ-ਕਮੇਟੀ ਜਲਦੀ ਹੀ ਰਿਪੋਰਟ ਦੇ ਦੇਵੇਗੀ।