ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਪੰਜਾਬ ਸਰਕਾਰ ਵੱਲੋਂ ਬਿਜਲੀ ਦੀਆਂ ਦਰਾਂ ਵਿਚ ਕੀਤੇ ਵਾਧੇ ਅਤੇ ਨਵੇਂ ਪ੍ਰਸਤਾਵਿਤ ਟੈਕਸਾਂ ਦੇ ਬੋਝ ਨਾਲ ਆਮ ਆਦਮੀ ’ਤੇ ਆਰਥਿਕ ਬੋਝ ਪਾਉਣ ਦੀਆਂ ਵਿਰੋਧੀ ਨੀਤੀਆਂ ਦੇ ਵਿਰੁੱਧ ਅੱਜ ਸਾਂਝੇ ਮੋਰਚੇ ਵੱਲੋਂ ਸੂਬੇ ਭਰ ਵਿਚ ਜ਼ਿਲਾ ਪੱਧਰੀ ਰੋਸ ਧਰਨੇ ਲਾਏ ਗਏ ਅਤੇ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸੇ ਤਰ੍ਹਾਂ ਸਾਂਝੇ ਮੋਰਚੇ ਦੀ ਸਥਾਨਕ ਜ਼ਿਲਾ ਇਕਾਈ ਵੱਲੋਂ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਜ਼ਿਲਾ ਪ੍ਰਧਾਨ ਜਗਜੀਤ ਸਿੰਘ ਹਨੀ ਬਰਾੜ ਫੱਤਣਵਾਲਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਮੋਰਚੇ ਦੇ ਵਰਕਰਾਂ ਤੋਂ ਇਲਾਵਾ ਆਮ ਲੋਕਾਂ ਨੇ ਵੀ ਸਮੂਲੀਅਤ ਕੀਤੀ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਪੀ.ਪੀ.ਪੀ.ਦੇ ਜ਼ਿਲਾ ਪ੍ਰਧਾਨ ਹਨੀ ਫੱਤਣਵਾਲਾ ਨੇ ਸੂਬਾ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਬਿਜਲੀ ਦੀਆਂ ਦਰਾਂ ਵਿਚ ਕੀਤੇ ਗਏ ਵਾਧੇ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਸੂਬੇ ਨੂੰ ਬਿਜਲੀ ਖੇਤਰ ਵਿਚ ਸਰਪਲਸ ਸੂਬਾ ਬਨਾਉਣ ਦੇ ਦਾਅਵੇ ਕਰ ਰਹੀ ਹੈ ਦੂਜੇ ਪਾਸੇ ਸਰਕਾਰ ਕੋਲ ਲੋੜਾਂ ਪੂਰੀਆਂ ਕਰਨ ਲਈ ਵੀ ਬਿਜਲੀ ਨਹੀਂ ਹੈ ਤੇ ਉਤੋਂ ਸਰਕਾਰ ਬਿਜਲੀ ਦੀਆਂ ਦਰਾਂ ਵਿਚ ਵਾਧਾ ਕਰਕੇ ਪਿਛਲੀਆਂ ਤਰੀਕਾਂ ਵਿਚ ਵਸੂਲੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਖੁਸ਼ਹਾਲੀ ਲਿਆਉਣ ਦੀ ਥਾਂ ਰਜਿਸਟਰੀਆਂ ਦੇ ਰੇਟਾਂ ਵਿਚ ਵਾਧਾ ਕਰਕੇ, ਕਾਮਿਆਂ ਨੂੰ ਤਨਖਾਹਾਂ ਨਾ ਦੇ ਕੇ ਸਿਰਫ਼ ਧੜਾਧੜ ਨਵੇਂ ਟੈਕਸ ਲਾਗੂ ਕਰਨ ਵੱਲ ਹੀ ਧਿਆਨ ਦੇ ਰਹੀ ਹੈ ਜਿਸ ਨਾਲ ਸਾਫ਼ ਹੈ ਕਿ ਸਰਕਾਰ ਆਮ ਲੋਕਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੈ। ਇਸ ਮੌਕੇ ਮਨਜੀਤ ਸਿੰਘ ਫੱਤਣਵਾਲਾ ਸਾਬਕਾ ਚੇਅਰਮੈਨ, ਐਡਵੋਕੇਟ ਰਾਜਵਿੰਦਰ ਸਿੰਘ ਬਰਾੜ, ਜਿੰਮੀ ਬਰਾੜ, ਸੁਰਜੀਤ ਸਿੰਘ ਲੁਬਾਣਿਆਂਵਾਲੀ, ਗੁਰਜੀਤ ਸਿੰਘ ਘੁਮਿਆਰਾ, ਨਛੱਤਰ ਸਿੰਘ ਕਰਾਈਵਾਲਾ, ਕਾਮਰੇਡ ਅਲਬੇਲ ਸਿੰਘ, ਗੁਰਮੀਤ ਸਿੰਘ ਮਸੌਣ, ਖੜਕ ਸਿੰਘ ਸਰਪੰਚ, ਰਾਜਵਿੰਦਰ ਸਿੰਘ ਸਰਪੰਚ ਦੂਹੇਵਾਲਾ, ਜਗਸੀਰ ਸਿੰਘ ਸੋਥਾ, ਮਨਿੰਦਰ ਸਿੰਘ ਚੜੇਵਾਨ, ਬਲਜਿੰਦਰ ਸਿੰਘ ਕਾਲਾ ਪ੍ਰਧਾਨ ਤੇ ਬੋਹੜ ਸਿੰਘ ਹਰਾਜ ਆਦਿ ਨੇ ਸੰਬੋਧਨ ਕਰਦਿਆਂ ਬਿਜਲੀ ਦੀਆਂ ਦਰਾਂ ’ਚ ਕੀਤੇ ਵਾਧੇ ਨੂੰ ਵਾਪਿਸ ਲੈਣ ਅਤੇ ਨਵੇਂ ਪ੍ਰਸਤਾਵਿਤ ਟੈਕਸਾਂ ਨੂੰ ਲਾਗੂ ਨਾ ਕਰਨ ਦੀ ਪੁਰਜ਼ੋਰ ਮੰਗ ਕੀਤੀ। ਇਸ ਮੌਕੇ ਮੋਰਚੇ ਦੇ ਆਗੂਆਂ ਨੇ ਮੰਗਾਂ ਸੰਬੰਧੀ ਇਕ ਮੰਗ ਪੱਤਰ ਨਾਇਬ ਤਹਿਸੀਲਦਾਰ ਨੂੰ ਦਿੱਤਾ। ਇਸ ਮੌਕੇ ਕਾਮਰੇਡ ਇੰਦਰਜੀਤ ਸਿੰਘ, ਕਾਮਰੇਡ ਹਰੀ ਰਾਮ, ਰਜਨੀਸ਼ ਪਠੇਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਸਨ।