ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) – ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ 25 ਮਈ 2012 ਨੂੰ ਸੰਦੀਪ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਰੁਪਾਣਾ ਜੋ ਕਿ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦਾ ਸੂਬਾ ਸਕੱਤਰ ਹੈ, ਦੇ ਖਿਲਾਫ਼ ਦਰਜ ਕੀਤੀ ਧਾਰਾ 363/365/ 120-ਬੀ ਆਈ.ਪੀ.ਸੀ.ਅਧੀਨ ਦਰਜ ਕੀਤੀ ਐਫ਼.ਆਈ.ਆਰ. (ਪਰਚੇ) ਦਾ ਗੰਭੀਰ ਨੋਟਿਸ ਲੈਂਦਿਆਂ ਐਸ.ਐਸ.ਪੀ.ਦੁਆਰਾ 15 ਨਵੰਬਰ 2012 ਤੋਂ ਪਹਿਲਾਂ ਜੁਆਬ ਮੰਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸੰਦੀਪ ਸਿੰਘ ਸਰਾਂ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਨੇ ਬਿਨਾਂ ਕੋਈ ਪੜਤਾਲ ਕੀਤੇ ਜਾਂ ਸਟੇਟਮੈਂਟ ਲਏ ਸਿਆਸੀ ਦਬਾਅ ਹੇਠ 19 ਮਈ 2012 ਨੂੰ ਅਕਾਲ ਅਕੈਡਮੀ ਦੇ ਇਕ ਬੱਚੇ ਦੇ ਸੰਬੰਧ ਵਿਚ ਉਪਰੋਕਤ ਪਰਚਾ ਦਰਜ ਕੀਤਾ ਸੀ ਜਿਸ ਦੇ ਸੰਬੰਧ ਵਿਚ ਉਸ ਵੱਲੋਂ ਸਬੂਤਾਂ ਸਹਿਤ ਮਾਨਯੋਗ ਡਾਇਰੈਕਟਰ ਜਨਰਲ ਆਫ਼ ਪੁਲਿਸ, ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਗੁਹਾਰ ਲਾਈ ਗਈ ਸੀ ਜਿਨ੍ਹਾਂ ਉਪਰ ਇਸ ਸਮੇਂ ਸੁਣਵਾਈ ਵਿਚਾਰ ਅਧੀਨ ਹਨ। ਉਨ੍ਹਾਂ ਇਕ ਵਾਰ ਫਿਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਅਜਿਹੇ ਝੂਠੇ ਪਰਚੇ ਦਰਜ ਕਰਨ ਵਾਲੇ ਪੁਲਸ ਅਧਿਕਾਰੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਥੇ ਵਰਣਨਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ 19 ਮਈ 2012 ਨੂੰ ਅਕਾਲ ਅਕੈਡਮੀ ਦੇ ਇਕ ਬੱਚੇ ਮਨਮੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਦੂਹੇਵਾਲਾ ਦੀ ਸ਼ਿਕਾਇਤ ਅਤੇ ਜਸਵਿੰਦਰ ਸਿੰਘ ਖਾਲਸਾ ਜੋ ਕਿ ਮਲੋਟ ਰੋਡ ਤੇ ਪੀ.ਜੀ.ਦਾ ਕਾਰੋਬਾਰ ਕਰਦਾ ਹੈ ਦੀ ਗਵਾਹੀ ਦੇ ਆਧਾਰ ਤੇ ਬੱਚੇ ਦੀ ਮਾਤਾ ਗੁਰਜੀਤ ਕੌਰ, ਉਸ ਦੇ ਪਿਤਾ ਰਣਧੀਰ ਸਿੰਘ, ਚਾਚਾ ਸ਼ਿੰਦਰ ਸਿੰਘ (ਦੋਵੇਂ ਵਾਸੀ ਰਣਸਿੰਘ ਵਾਲਾ) ਅਤੇ ਸੰਦੀਪ ਸਿੰਘ ਦੇ ਖਿਲਾਫ਼ ਉਪਰੋਕਤ ਪਰਚਾ ਦਰਜ ਕੀਤਾ ਸੀ।