ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਸਿੰਧ ਸੂਬੇ ਵਿੱਚ ਹਿੰਦੂਆਂ ਦੇ ਸੁਰੱਖਿਅਤ ਨਾਂ ਹੋਣ ਸਬੰਧੀ ਲਗੀਆਂ ਖਬਰਾਂ ਆਊਣ ਤੋਂ ਬਾਅਦ ਸਾਂਸਦਾਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਇਹ ਕਮੇਟੀ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਹਿੰਦੂ ਭਾਈਚਾਰੇ ਵਿੱਚ ਫਿਰ ਤੋਂ ਭਰੋਸਾ ਬਹਾਲ ਕਰਨ ਦਾ ਪੂਰਾ ਯਤਨ ਕਰੇਗੀ।
ਰਾਸ਼ਟਰਪਤੀ ਜਰਦਾਰੀ ਦੇ ਬੁਲਾਰੇ ਬਾਬਰ ਨੇ ਕਿਹਾ ਕਿ ਇਹ ਕਮੇਟੀ ਰਾਜ ਦੇ ਘੱਟ ਗਿਣਤੀ ਹਿੰਦੂ ਭਾਈਚਾਰੇ ਵਿੱਚ ਸਰਕਾਰ ਪ੍ਰਤੀ ਭਰੋਸਾ ਪੈਦਾ ਕਰੇਗੀ ਕਿ ਸਰਕਾਰ ਉਨ੍ਹਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਲੈ ਕੇ ਗੰਭੀਰ ਹੈ। ਇਸ ਕਮੇਟੀ ਵਿੱਚ ਹਰੀ ਰਾਮ, ਲਾਲ ਚੰਦ ਅਤੇ ਰਾਜ ਮੰਤਰੀ ਮੌਲਾ ਬਖਸ਼ ਚੰਦਿਓ ਸ਼ਾਮਿਲ ਹਨ। ਸਿੰਧ ਸੂਬੇ ਦੇ ਅਧਿਕਾਰੀਆਂ ਨੂੰ ਵੀ ਸਥਿਤੀ ਦੀ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।
ਵਰਨਣਯੋਗ ਹੈ ਕਿ ਹਾਲ ਹੀ ਵਿੱਚ ਭਾਰਤ ਦੀ ਧਾਰਮਿਕ ਯਾਤਰਾ ਤੇ ਪਾਕਿਸਤਾਨ ਤੋਂ 250 ਹਿੰਦੂਆਂ ਦਾ ਇੱਕ ਜੱਥਾ ਵਾਪਿਸ ਪਾਕਿਸਤਾਨ ਨਹੀਂ ਜਾਣਾ ਚਾਹੁੰਦਾ। ਮੀਡੀਏ ਵਿੱਚ ਹਿੰਦੂਆਂ ਦੇ ਜਬਰਦਸਤੀ ਧਰਮ ਪ੍ਰੀਵਰਤਣ ਕਰਵਾਉਣ ਅਤੇ ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਉਨ੍ਹਾਂ ਨਾਲ ਜਬਰਦਸਤੀ ਨਿਕਾਹ ਕਰਨ ਦੀਆਂ ਖ਼ਬਰਾਂ ਆਮ ਲਗਦੀਆਂ ਹੀ ਰਹਿੰਦੀਆਂ ਹਨ।