ਸਰੀ:ਕੈਨੇਡਾ, (ਸ਼ਿੰਗਾਰ ਸਿੰਘ ਸੰਧੂ) ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਸਮਰਪਤ ਪੰਜਾਬੀ ਅਦਬੀ ਸੰਗਤ ਲਿਟਰੇਰੀ ਸੋਸਾਇਟੀ ਆਫ ਕੈਨੇਡਾ ਰਜਿ ਵਲੋਂ 6 ਅਗਸਤ ਦਿਨ ਸੋਮਵਾਰ ਗਰੈਂਡ ਤਾਜ ਬੈਂਕੂਇਟ ਹਾਲ ਸਰੀ ਵਿਖੇ ਜੈਤੇਗ ਸਿੰਘ ਅਨੰਤ ਦੀ ਸੰਪਾਦਤ ਕੀਤੀ ਪੁਸਤਕ “”’ਗਾਇਕੀ ਦਾ ਬੇਸ਼ਕੀਮਤੀ ਹੀਰਾ ਰੀਲੀਜ ਇੱਕ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਮਾਗਮ ਆਯੋਜਤ ਕੀਤਾ ਗਿਆ। ਸੰਸਥਾ ਦੇ ਸਕੱਤਰ ਸ਼ਿੰਗਾਰ ਸਿੰਘ ਸੰਧੂ ਵਲੋਂ ਪ੍ਰਧਾਨਗੀ ਮੰਡਲ ਨੂੰ ਮੰਚ ਤੇ ਆਉਣ ਦਾ ਸੱਦਾ ਦਿੱਤਾ ਗਿਆ,ਜਿਸ ਵਿੱਚ ਸੰਸਥਾ ਦੇ ਮੁੱਖ ਖਿਦਮਤਗਾਰ ਜੈਤੇਗ ਸਿੰਘ ਅਨੰਤ,ਜਗਜੀਤ ਸਿੰਘ ਤੱਖੜ,ਮੀਤ ਪ੍ਰਧਾਨ,ਦਲਜੀਤ ਕਲਿਆਣਪੁਰੀ ਤੇ ਅਮਰੀਕਾ ਤੋਂ ਪੁਜੇ ਪ੍ਰਿੰਸੀਪਲ ਬੀਰ ਸਿੰਘ ਰੰਧਾਵਾ ਸ਼ਾਮਲ ਸਨ। ਦੂਰੋਂ ਨੇੜਿਓਂ ਵੱਡੀ ਗਿਣਤੀ ਵਿੱਚ ਲੇਖਕ, ਵਿਦਵਾਨ, ਸਾਹਿਤਕਾਰ,ਲੋਕ ਗਾਇਕ, ਸੰਗੀਤਕਾਰ ਤੇ ਸਾਜੀ ਭਾਈਚਾਰੇ ਦੀਆਂ ਉਘੀਆਂ ਸ਼ਖਸ਼ੀਅਤਾਂ ਨੇ ਹਾਜਰੀ ਲਗਵਾਈ। ਸਭ ਤੋਂ ਪਹਿਲਾਂ ਸੰਸਥਾ ਵਲੋਂ ਜੈਤੇਗ ਸਿੰਘ ਅਨੰਤ ਨੇ ਸਮਾਗਮ ਤੇ ਪੁੱਜੇ ਸਮੁੱਚੇ ਭਾਈਚਾਰੇ ਨੂੰ ਜੀਅ ਆਇਆਂ ਆਖਦੇ ਸਮਾਗਮ ਦੀ ਰੂਪ ਰੇਖਾ,ਦਲਜੀਤ ਕਲਿਆਣਪੁਰੀ ਦੇ ਜਨਜੀਵਨ ਤੇ ਅਧਾਰਤ ਸਚਿਤਰ ਪੁਸਤਕ ਗਾਇਕੀ ਦਾ ਬੇਸ਼ਕੀਮਤੀ ਹੀਰਾ ਦੇ ਵਿਸ਼ਾ ਵਸਤੂ ਦੀ ਜਾਣਕਾਰੀ ਤੇ ਗਾਇਕ ਕਲਿਆਣਪੁਰੀ ਦੇ ਰੰਗਲੇ ਜੀਵਨ ਦੀਆਂ ਰੰਗਲੀਆਂ ਤੇ ਝਾਤ ਪਾਈ। ਉਹਨਾ ਸਮਾਗਮ ਦੀ ਮਹੱਤਤਾ ਤੇ ਪੁਸਤਕ ਸਭਿਆਚਾਰ ਪ੍ਰਤੀ ਸਰੋਤਿਆਂ ਨੂੰ ਸੁਚੇਤ ਕੀਤਾ।
ਨਾਮਵਰ ਢਾਡੀ ਤੇ ਸਾਰੰਗੀ ਮਾਸਟਰ ਚਮਕੌਰ ਸਿੰਘ ਸੇਖੋਂ ਤੇ ਰਾਜ ਸਿੰਘ ਸਿੱਧੂ ਨੇ ਸਾਰੰਗੀ ਤੇ ਦਲਜੀਤ ਕਲਿਆਣਪੁਰੀ ਦਾ ਚਾਲੀ ਸਾਲ ਪਹਿਲਾਂ ਲਿਖਿਆ ਗੀਤ ਸਾਉਣ ਦਾ ਮਹੀਨਾ ਆ ਗਿਆ ,ਅਜੇ ਤੱਕ ਮਾਹੀ ਘਰ ਨਹੀਂ ਆਇਆ ਤੇ ਚਰਨ ਸਿੰਘ ਸਫਰੀ ਦੀ ਲਿਖੀ ਊਧਮ ਸਿੰਘ ਦੀ ਵਾਰ ਦਾ ਗਾਇਨ ਕਰਕੇ ਢਾਡੀ ਕਲਾ ਦੀਆਂ ਸਿਖਰਾਂ ਛੋਹ ਦਿੱਤੀਆਂ। ਗੀਤ ਸੰਗੀਤ ਵਿੱਚ ਕੈਲੇਫੋਰਨੀਆਂ ਤੋਂ ਪੁੱਜੇ ਲੋਕ ਗਾਇਕ ਸੁਲਤਾਨ ਅਖਤਰ ,ਸੁਰੀਲੀ ਆਵਾਜ ਦੇ ਮਾਲਕ ਰਾਮਿੰਦਰ ਭੁਲਰ,ਗਾਇਕੀ ਦੀ ਪਿਆਰੀ ਸ਼ਖਸ਼ੀਅਤ ਸੁਰਜੀਤ ਮਾਧੋਪੁਰੀ ਤੇ ਚਾਰਲੀ ਕੰਗ ਨੇ ਵੀ ਆਪਣੀ ਗਾਇਕੀ ਦੇ ਵੱਖ ਵੱਖ ਰੰਗਾਂ ਨੂੰ ਸਰੋਤਿਆਂ ਨੇ ਸੁਣਿਆਂ ਤੇ ਚੰਗੀ ਵਾਹ ਵਾਹ ਖੱਟੀ।
ਸਾਹਿਤ ਅਕਾਡਮੀ ਇਨਾਮ ਪ੍ਰਾਪਤ ਲੇਖਕ ਤੇ ਸਾਹਿਤਕਾਰ ਦਰਸ਼ਨ ਸਿੰਘ ਆਸ਼ਟ ਦਾ ਲਿਖਿਆ ਪਰਚਾ ਫੁਲਵਾੜੀ ਦਾ ਟਹਿਕਦਾ ਫੁੱਲ ਹੈ ਪੁਸਤਕ ਗਾਇਕੀ ਦਾ ਬੇਸ਼ਕੀਮਤੀ ਹੀਰਾ ਨੂੰ ਸ਼ਿੰਗਾਰ ਸਿੰਘ ਸੰਧੂ ਨੇ ਪੜ੍ਹਿਆ। ਪੁਸਤਕ ਦੀ ਘੁੰਡ ਚੁਕਾਈ ਦੀ ਰਸਮ ਨਾਮਵਰ ਲੇਖਕ ਗਿਲ ਮੋਰਾਂਵਾਲੀ ਨੇ ਤਾੜੀਆਂ ਦੀ ਗੂੰਜ ਵਿੱਚ ਕੀਤੀ। ਇਸ ਸੰਸਥਾ ਵਲੋਂ ਲੋਕ ਗਾਇਕ ਦਲਜੀਤ ਕਲਿਆਣਪੁਰੀ ਨੂੰ ਜੈਤੇਗ ਸਿੰਘ ਅਨੰਤ ਤੇ ਜਗਜੀਤ ਸਿੰਘ ਤੱਖੜ ਨੇ ਚਰਨ ਸਿੰਘ ਸਫਰੀ ਯਾਦਗਾਰੀ ਅਵਾਰਡ ਨਾਲ ਸਨਮਾਨਤ ਕੀਤਾ। ਜਿਸ ਵਿੱਚ ਸੰਸਥਾ ਵਲੋਂ ਇੱਕ ਦੁਸ਼ਾਲਾ,ਦਸਤਾਰ,ਯਾਦਗਾਰੀ ਚਿੰਨ ਅਤੇ ਪਰਸ ਸ਼ਾਮਲ ਸੀ ।ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਸੰਧੂ ਨੇ ਪੰਜਾਬੀ ਅਦਬੀ ਸੰਗਤ ਵਲੋਂ ਸਾਹਿਤ ਤੇ ਸਭਿਆਚਾਰ ਦੀ ਸਾਂਭ ਸੰਭਾਲ ਤੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਪ੍ਰਸੰਸਾ ਕੀਤੀ ਤੇ ਕਲਿਆਣਪੁਰੀ ਦੀ ਲੋਕ ਗਾਇਕੀ ਦੇ ਪਿੜ ਵਿੱਚ ਸ਼ਾਨਦਾਰ ਸੇਵਾਵਾਂ ਦਾ ਸਤਿਕਾਰ ਕਰਦੇ ਹੋਏ ਹਾਊਸ ਆਫ ਕਾਮਨਜ ਵਲੋਂ ਅਵਾਰਡ ਆਫ ਆਨਰਜ ਭੇਂਟ ਕੀਤਾ। ਸੰਸਥਾ ਵਲੋਂ ਗਿਲ ਮੋਰਾਂਵਾਲੀ ਨੂੰ ਵੀ ਲਹਿੰਦੇ ਪੰਜਾਬ ਦੇ ਅਦੀਬਾਂ ਦੀਆਂ ਪੁਸਤਕਾਂ ਦਾ ਇੱਕ ਸੈਟ ਅਤੇ ਇੱਕ ਯਾਦਗਾਰੀ ਚਿੰਨ ਭੇਂਟ ਕੀਤਾ ਗਿਆ।ਸਮਾਗਮ ਵਿੱਚ ਅਮਰੀਕਾ ਤੋਂ ਪੁੱਜੇ ਲੋਕ ਗਾਇਕ ਸੁਲਤਾਨ ਅਖਤਰ,ਕੈਲੇਫੋਰਨੀਆਂ ਤੋਂ ਪੁੱਜੇ ਸਤਨਾਮ ਸਿੰਘ ਸੰਧੂ,ਜਨਾਬ ਸੁਖੀ ਬਾਠ, ਹਰਭਜਨ ਗਿਲ,ਕਾਮਾਗਾਟਾਮਾਰੂ ਫਾਊਂਡੇਸ਼ਨ,ਅਮਰੀਕ ਸਿੰਘ ਮਾਨ ਨੂੰ ਵੀ ਸਮਾਗਮ ਨੂੰ ਚਾਰ ਚੰਨ ਲਾਉਣ ਹਿਤ ਸੰਸਥਾ ਵਲੋਂ ਸ਼ਾਨੋ ਸ਼ੌਕਤ ਨਾਲ ਸਨਮਾਨਤ ਕੀਤਾ ਗਿਆ।
ਪੰਜਾਬੀ ਭਾਈਚਾਰੇ ਦੀ ਹਰਮਨ ਪਿਆਰੀ ਸ਼ਖਸ਼ੀਅਤ ਪਿਆਰਾ ਸਿੰਘ ਨੱਤ ਨੇ ਸੰਸਥਾ ਵਲੋਂ ਥੋੜ੍ਹੇ ਸਮੇਂ ਵਿੱਚ ਵੱਡੀਆਂ ਪੁਲਾਂਘਾਂ ਪੁਟਣ ਦਾ ਸੰਕੇਤ ਹੀ ਨਹੀਂ ਦਿੱਤਾ ਸਗੋਂ ਸਮੁੱਚੇ ਭਾਈਚਾਰੇ ਨੂੰ ਸੰਸਥਾ ਦਾ ਤਨ, ਮਨ, ਧਨ ਨਾਲ ਸਰਪ੍ਰਸਤੀ ਦੇਣ ਦੀ ਗੱਲ ਕੀਤੀ।ਰੋਸ ਗੁਰੂ ਘਰ ਵੈਨਕੂਵਰ ਦੇ ਮੁੱਖ ਸੇਵਾਦਾਰ ਸ੍ਰ ਸੋਹਨ ਸਿੰਘ ਦਿਓ,ਗਿਲ ਮੋਰਾਂਵਾਲੀ,ਪ੍ਰਿੰ ਬੀਰ ਸਿੰਘ ਰੰਧਾਵਾ,ਨਦੀਮ ਪਰਮਾਰ,ਮੋਹਨ ਗਿਲ,ਜਗਜੀਤ ਸਿੰਘ ਤੱਖੜ ਵਲੋਂ ਪੰਜਾਬੀ ਅਦਬੀ ਸੰਗਤ ਦੇ ਕਾਰਜਾਂ ਖਾਸ ਤੌਰ ਤੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਨ ਅਤੇ ਕਲਿਆਣਪੁਰੀ ਪ੍ਰਤੀ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਅਰਥ ਭਰਪੂਰ ਸ਼ਬਦਾਂ ਨਾਲ ਕੁਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ।
ਸਮਾਗਮ ਦੇ ਆਰੰਭ ਵਿੱਚ ਹੀ ਪੰਜਾਬੀ ਸਾਹਿਤ,ਕਲਾ ਤੇ ਸਭਿਆਚਾਰ ਦੇ ਖੇਤਰ ਵਿੱਚ ਜਿਹਨਾ ਆਪਣੇ ਜੀਵਨ ਵਿੱਚ ਆਪੋ ਆਪਣੇ ਖੇਤਰਾਂ ਵਿੱਚ ਸਿਖਰਾਂ ਤੇ ਬੁ¦ਦੀਆਂ ਸਰ ਕੀਤੀਆਂ ਤੇ ਜੋ ਅੱਜ ਇਸ ਸੰਸਾਰ ਤੋਂ ਕੂਚ ਕਰ ਗਏ ਹਨ,ਉਹਨਾ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਇਜਹਾਰ ਕੀਤਾ।ਜਿਹਨਾ ਵਿੱਚ ਅਜਾਇਬ ਚਿਤਰਕਾਰ, ਡਾ ਗੁਰਦੇਵ ਸਿੰਘ ਦਿਓਲ,ਦਰਸ਼ਨ ਸਿੰਘ ਦਰਸ਼ਨ,ਰਾਜੇਸ਼ ਖੰਨਾ, ਦਾਰਾ ਸਿੰਘ ਅਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਸ਼ਾਇਰ ਸਹਿਜਾਦ ਅਹਿਮਦ ਸ਼ਾਮਲ ਹਨ। ਇਸਦੇ ਨਾਲ ਹੀ ਅਮਰੀਕਾ ਦੇ ਵਿਸਕਾਨਸਨ ਪ੍ਰਾਂਤ ਦੇ ਮਿਲਵਾਕੀ ਸ਼ਹਿਰ ਦੇ ਓਕ ਕਰੀਕ ਗੁਰੂ ਘਰ ਵਿੱਚ ਹਮਲਾਵਰਾਂ ਵਲੋਂ ਅੰਨੇਵਾਹ ਕੀਤੀ ਗਈ ਗੋਲਾਬਾਰੀ ਤੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ,ਜਿਸ ਵਿੱਚ ਛੇ ਸਿੱਖ ਮਾਰੇ ਗਏ ਸਨ। ਅਮਰੀਕਾ ਸਰਕਾਰ ਘਟਨਾ ਦੀ ਤਹਿ ਤੱਕ ਜਾਕੇ ਪੜਤਾਲ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਿਵਾਏ। ਇਸ ਭਰਵੇਂ ਇੱਕਠ ਵਿੱਚ ਸ਼ੋਕ ਮਤੇ ਪਾਸ ਕਰਦੇ ਹੋਏ ਵਿਛੜੀਆਂ ਰੂਹਾਂ ਦੀ ਆਤਮਾ ਦੀ ਸ਼ਾਂਤੀ ਲਈ ਇੱਕ ਮਿੰਟ ਦਾ ਮੋਨ ਖੜ੍ਹੇ ਹੋ ਸ਼ਰਧਾਂਜਲੀ ਭੇਂਟ ਕੀਤੀ ਗਈ।
ਦਲਜੀਤ ਕਲਿਆਣਪੁਰੀ ਨੇ ਸੰਸਥਾ ਤੇ ਸਮੁਚੇ ਭਾਈਚਾਰੇ ਦਾ ਧੰਨਵਾਦ ਕੀਤਾ ਤੇ ਸਪੌਂਸਰਜ ਵਲੋਂ ਕੀਤੀ ਗਈ ਸਰਪਰਸਤੀ ਲਈ ਕੋਟਿ ਕੋਟਿ ਧੰਨਵਾਦ ਕੀਤਾ। ਸਮਾਗਮ ਦੀ ਸ਼ੋਭਾ ਵਧਾਉਣ ਲਈ ਵੱਡੀ ਗਿਣਤੀ ਵਿੱਚ ਪੰਜਾਬੀ ਪਿਆਰਿਆਂ ਦੀ ਭਰਵੀਂ ਹਾਜਰੀ ਤੇ ਪੰਜਾਬੀ ਮਾਂ ਬੋਲੀ ਤੇ ਵਿਰਸੇ ਪ੍ਰਤੀ ਪਿਆਰ ਦਾ ਪ੍ਰਗਟਾਵਾ ਕੀਤਾ। ਜਿਹਨਾ ਵਿੱਚ ਕੇਵਲ ਸਿੰਘ ਧਾਲੀਵਾਲ, ਸਰਬਜੀਤ ਕੂਨਰ, ਅਜਮੇਰ ਸਿੰਘ ਸੁਤੇ ਅਹੀਰ,ਦਸ਼ਮੇਸ਼ ਦਰਬਾਰ ਦਾ ਸਾਬਕਾ ਪ੍ਰਧਾਨ ਸ੍ਰ ਕੁਲਦੀਪ ਸਿੰਘ ਜਗਪਾਲ,ਨਾਮਵਰ ਅਦੀਬ ਜਰਨੈਲ ਸਿੰਘ ਸੇਖਾ,ਚਰਨ ਸਿੰਘ ਵਿਰਦੀ, ਦਰਸ਼ਨ ਸਿੰਘ ਦਰਸ਼ਨ, ਪ੍ਰਿੰ ਸੁਰਿੰਦਰ ਕੌਰ,ਕਾਲਮ ਨਵੀਸ ਤੇ ਲੇਖਿਕਾ ਗੁਰਦੀਪ ਕੌਰ ਗਰੇਵਾਲ, ਪ੍ਰਕਾਸ਼ ਕੌਰ ਬਰਾੜ, ਅਵਤਾਰ ਕੌਰ ਸਹੋਤਾ, ਗੁਰਚਰਨ ਸਿੰਘ ਸੇਖੋਂ, ਅਮਰੀਕ ਸਿੰਘ ਲਹਿਲ,ਪ੍ਰਿਤਪਾਲ ਗਿਲ,, ਅਜੈਬ ਸਿੰਘ, ਪ੍ਰਿੰ ਮਲੂਕ ਚੰਦ ਕਲੇਰ,ਜਗਦੇਵ ਸਿੰਘ ਸੰਧੂ,ਦਵਿੰਦਰ ਸਿੰਘ ਹੁੰਦਲ,ਇਕਬਾਲ ਸਿੰਘ ਝੂਟੀ, ਜਾਗੀਰ ਸਿੰਘ ਜੌਹਲ, ਸੁਖਦੇਵ ਸਿੰਘ ਲੱਡੂ, ਗੁਰਚਰਨ ਟੱਲੇਵਾਲੀਆ,ਕਮਲ ਭੁਲਰ ਆਦਿ ਸ਼ਾਮਲ ਸਨ। ਪੰਜਾਬੀ ਅਦਬੀ ਸੰਗਤ ਲਿਟਰੇਰੀ ਸੋਸਾਇਟੀ ਆਫ ਕੈਨੇਡਾ ਵਲੋਂ ਗਾਇਕੀ ਦਾ ਬੇਸ਼ਕੀਮਤੀ ਹੀਰਾ ਪੁਸਤਕ ਰੀਲੀਜ ਸਮਾਰੋਹ ਤੇ ਦਲਜੀਤ ਕਲਿਆਣਪੁਰੀ ਸਨਮਾਨ ਸਮਾਰੋਹ ਸਰੋਤਿਆਂ ਤੇ ਪੰਜਾਬੀ ਪਿਆਰਿਆਂ ਦੇ ਦਿਲਾਂ ਤੇ ਆਪਣੀ ਅਮਿਟ ਛਾਪ ਛੱਡਦੇ ਹੋਏ ਸਮਾਪਤ ਹੋਇਆ ਹੈ।