ਚੰਡੀਗੜ੍ਹ – “ਆਲ ਇੰਡੀਆਂ ਰੇਡੀਓ ਚੰਡੀਗੜ੍ਹ ਵੱਲੋਂ ਬੀਤੇ ਦਿਨ ਦੇ ਬੁਲਟਿੰਨ ਵਿਚ ਜੋ ਪੰਜਾਬ ਪੁਲਿਸ ਵੱਲੋਂ ਪਟਿਆਲਾ ਵਿਖੇ ਜਿਥੇ ਸ. ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਮੋਹਾਲੀ ਵਿਖੇ ਜਿਥੇ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਝੰਡਾਂ ਝੂਲਾ ਰਹੇ ਹਨ ਅਤੇ ਹੋਰ ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਦੇ ਵਹੀਕਲਜ਼, ਕਾਰਾਂ, ਸਕੂਟਰ, ਮੋਟਰ ਸਾਇਕਲ ਆਦਿ ਦੀ ਤਲਾਸੀ ਲੈਣ ਦੀ ਦਿੱਤੀ ਗਈ ਖ਼ਬਰ ਜਿਥੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਦੁਨੀਆਂ ਵਿਚ “ਜ਼ਰਾਇਮ-ਪੇਸਾ” ਸਾਬਿਤ ਕਰਨ ਦੀ ਕੋਝੀ ਸਾਜਿਸ਼ ਹੈ, ਉਥੇ ਇਹ ਹੋਣ ਜਾ ਰਿਹਾ ਅਮਲ ਨਿਊਰਮਬਰਗ ਟਰਾਈਲ 1945 ਦੇ ਕੌਮਾਂਤਰੀ ਨਿਯਮਾਂ ਦੀ ਵੀ ਘੋਰ ਉਲੰਘਣਾਂ ਹੈ । ਕਿਉਂਕਿ ਰੂਲ ਆਫ਼ ਲਾਅ (Rule of Law) ਅਤੇ ਪ੍ਰਿੰਸੀਪਲਜ਼ ਆਫ਼ ਨੈਚੂਰਲ ਜ਼ਸਟਿਸ (Principles of Natural Justice) ਦੀ ਵੀ ਤੋਹੀਨ ਕਰਨ ਦੇ ਤੁੱਲ ਅਮਲ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਚੰਡੀਗੜ੍ਹ ਰੇਡੀਓ ਸਟੇਸ਼ਨ ਤੋ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਬਿਨ੍ਹਾਂ ‘ਤੇ ਨਸਰ ਹੋਈ ਉਪਰੋਕਤ ਗੈਰ ਕਾਨੂੰਨੀ ਅਤੇ ਗੈਰ ਇਖ਼ਲਾਕੀ ਖ਼ਬਰ ਦਾ ਗੰਭੀਰ ਨੋਟਿਸ ਲੈਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਮੌਜੂਦਾਂ ਪੰਜਾਬ ਦੇ ਬਹੁਤੇ ਵਜ਼ੀਰ, ਸਿਆਸਤਦਾਨ ਅਤੇ ਪੁਲਿਸ ਅਫ਼ਸਰਸ਼ਾਹੀ ਵੱਲੋਂ ਬੀਤੇ ਸਮੇਂ ਵਿਚ ਪੰਜਾਬੀਆਂ ਤੇ ਸਿੱਖ ਕੌਮ ਉਤੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਕੀਤੀਆਂ ਜਾਂਦੀਆ ਰਹੀਆ ਹਨ । ਇਨ੍ਹਾਂ ਵੱਲੋਂ ਕੀਤੇ ਗਏ ਅਣਮਨੁੱਖੀ ਅਤੇ ਗੈਰ ਇਖ਼ਲਾਕੀ ਕੁਕਰਮਾਂ ਦੀ ਬਦੌਲਤ ਅਜਿਹੇ ਦਾਗੀ ਸਿਆਸਤਦਾਨਾਂ ਅਤੇ ਪੁਲਿਸ ਅਫ਼ਸਰਾਂ ਦੀਆਂ ਆਤਮਾਂ ਅਤੇ ਮਨ ਅੰਦਰੋਂ ਖੋਖਲੇ ਹੋ ਕੇ ਖੁਦ ਹੀ ਡਰੇ ਹੋਏ ਹਨ । ਜਦੋ ਕਿ ਪੰਜਾਬੀਆਂ ਤੇ ਸਿੱਖ ਕੌਮ ਨੇ ਤਾਂ ਡੇਢ ਦਹਾਕੇ ਤੱਕ ਇਨ੍ਹਾਂ ਦੇ ਜੁਲਮਾਂ ਦਾ ਟਾਕਰਾ ਵੀ ਕੀਤਾ ਅਤੇ ਦੁੱਖ ਤਕਲੀਫ਼ਾਂ ਵੀ ਝੱਲੀਆਂ । ਕਾਨੂੰਨੀ ਤੇ ਇਖ਼ਲਾਕੀ ਤੌਰ ਤੇ ਸਜ਼ਾਵਾਂ ਤਾਂ ਇਨ੍ਹਾਂ ਦੋਖੀ ਸਿਆਸਤਦਾਨਾਂ ਤੇ ਅਫ਼ਸਰਾਂ ਨੂੰ ਮਿਲਣੀਆਂ ਚਾਹੀਦੀਆਂ ਹਨ । ਪਰ ਦੁੱਖ ਤੇ ਅਫ਼ਸੋਸ ਹੈ ਕਿ ਅੱਜ ਵੀ ਇਹ ਕਾਲੇ ਕਾਰਨਾਮਿਆਂ ਅਤੇ ਕਤਲਾਂ ਵਿਚ ਸ਼ਾਮਿਲ ਸਿਆਸਤਦਾਨ, ਵਜ਼ੀਰ, ਅਫ਼ਸਰਸ਼ਾਹੀ ਆਪਣੇ ਹੀ ਪਾਲੇ ਤੋ ਡਰੇ ਹੋਏ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਤਲਾਸੀਆਂ ਲੈਣ ਦੀ ਕਾਰਵਾਈ ਕਰਕੇ ਉਹਨਾਂ ਨੂੰ ਜ਼ਲੀਲ ਵੀ ਕਰ ਰਹੇ ਹਨ ਅਤੇ ਫਿਰ ਉਨ੍ਹਾਂ ਅਮਨ ਪਸੰਦ ਸ਼ਹਿਰੀਆਂ ਵਿਚ ਦਹਿਸ਼ਤ ਪਾ ਰਹੇ ਹਨ । ਜਿਸ ਨੂੰ ਕਤਈ ਬਰਦਾਸਿਤ ਨਹੀ ਕੀਤਾ ਜਾਵੇਗਾ ।
ਸ. ਮਾਨ ਨੇ ਪੰਜਾਬ ਦੀ ਬਾਦਲ ਹਕੂਮਤ ਅਤੇ ਪੰਜਾਬੀਆਂ ਅਤੇ ਸਿੱਖਾਂ ਦੇ ਕਾਤਿਲ ਪੁਲਿਸ ਅਫ਼ਸਰਾਂ ਵੱਲੋਂ ਆਲ ਇੰਡੀਆਂ ਰੇਡੀਓ ਚੰਡੀਗੜ੍ਹ ਤੋਂ ਕੀਤੇ ਗਏ ਗੈਰ ਕਾਨੂੰਨੀ ਤਾਨਾਸ਼ਾਹੀ ਹੁਕਮਾਂ ਨੂੰ ਲਾਗੂ ਕਰਨ ਵਾਲੀ ਜ਼ਾਬਰ ਅਫ਼ਸਰਸ਼ਾਹੀ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਨਿਊਰਮਬਰਗ ਟਰਾਇਲ ਅਨੁਸਾਰ ਕੋਈ ਵੀ ਪੁਲਿਸ ਅਫ਼ਸਰ ਅਜਿਹੇ ਜ਼ਾਬਰ ਕਾਨੂੰਨਾਂ ਨੂੰ ਲਾਗੂ ਨਹੀ ਕਰ ਸਕਦਾ । ਜੋ ਅਫ਼ਸਰਸ਼ਾਹੀ ਫਿਰ ਵੀ ਅਜਿਹਾ ਕਰੇਗੀ, ਅਜਿਹੀ ਅਫ਼ਸਰਸ਼ਾਹੀ ਕਾਨੂੰਨ ਦੀ ਨਜ਼ਰ ਵਿਚ ਵੱਡੀ ਦੋਸੀ ਹੋਵੇਗੀ ਅਤੇ ਉਹਨਾਂ ਵਿਰੁੱਧ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਕਾਨੂੰਨੀ ਕਾਰਵਾਈ ਕਰਨ ਤੋ ਬਿਲਕੁਲ ਨਹੀ ਝਿਜਕੇਗਾ । ਇਸ ਲਈ ਸ. ਮਾਨ ਨੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਅਪੀਲ ਕਰਦੇ ਹੋੇਏ ਕਿਹਾ ਕਿ 15 ਅਗਸਤ ਤੋ ਪਹਿਲੇ ਜਾਂ ਬਾਅਦ ਜਾਂ ਉਸੇ ਦਿਨ ਕੋਈ ਪੁਲਿਸ ਅਫ਼ਸਰ ਬਿਨ੍ਹਾਂ “ਸਰਚ ਵਾਰੰਟ” ਤੋਂ ਕਿਸੇ ਇਨਸਾਨ ਦੀ ਜਾਂ ਕਿਸੇ ਵਹੀਕਲ ਦੀ ਤਲਾਸੀ ਲੈਣ ਦਾ ਅਧਿਕਾਰ ਨਹੀ ਰੱਖਦਾ ਅਤੇ ਕੋਈ ਵੀ ਪੰਜਾਬੀ ਜਾਂ ਸਿੱਖ ਪੁਲਿਸ ਅਫ਼ਸਰਾਂ ਨੂੰ ਅਜਿਹੀ ਤੋਹੀਨ ਕਰਨ ਦੀ ਬਿਲਕੁਲ ਇਜ਼ਾਜਤ ਨਾ ਦੇਵੇ । ਜੇਕਰ ਕੋਈ ਅਫ਼ਸਰ ਜ਼ਬਰ ਕਰਦਾ ਹੈ, ਤਾਂ ਉਸੇ ਸਥਾਨ ਤੇ ਪੰਜਾਬ ਹਕੂਮਤ, ਪੰਜਾਬ ਪੁਲਿਸ ਮੁਰਦਾਬਾਦ ਦੇ ਨਾਅਰੇ ਲਗਾਉਦੇ ਹੋਏ ਧਰਨੇ ਦੇਣ ਦੇ ਉੱਦਮ ਕਰਨ ।