ਨਵੀਂ ਦਿੱਲੀ- ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰੀਕਾ ਦੇ ਵਿਸਕੋਂਸਿਨ ਸਟੇਟ ਦੇ ਗੁਰਦੁਆਰੇ ਵਿਖੇ ਹੋਏ ਗੋਲੀਕਾਂਡ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਆਤਮਿਕ ਸ਼ਾਂਤੀ ਲਈ ਅਤੇ ਜਖਮੀਆਂ ਦੀ ਛੇਤੀ ਸਿਹਤਯਾਬੀ ਲਈ ਗੁਰੁ ਚਰਨਾਂ ਵਿੱਚ ਅਰਦਾਸ ਕਰਨ ਲਈ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ।ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਸ੍ਰ: ਹਰਵਿੰਦਰ ਸਿੰਘ ਸਰਨਾ ਨੇ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਗੁਰਦੁਆਰਾ ਕਮੇਟੀ ਵੱਲੋਂ ਸ਼ਹੀਦ ਹੋਏ ਦਿੱਲੀ ਵਾਸੀ ਸਿੱਖ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪੈ ਸਹਾਇਤਾ ਵਜੋਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਗੁਰਦੁਆਰਾ ਕਮੇਟੀ ਵੱਲੋਂ ਇਨ੍ਹਾਂ ਪਰੀਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਅਮਰੀਕੀ ਪੁਲਿਸ ਅਫਸਰ ਬਰਾਇਨ ਮਰਫ਼ੀ ਨੂੰ ਵੀ ਗੁਦੁਆਰਾ ਕਮੇਟੀ ਵੱਲੋਂ ਪੰਜ ਹਜ਼ਾਰ ਪੌਂਡ ਸਨਮਾਨ ਵਜੋਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸ੍ਰ: ਸਰਨਾ ਨੇ ਅਮਰੀਕਾ ਵਿਰੁੱਧ ਪ੍ਰਦਰਸ਼ਨ ਕਰਨ ਵਾਲਿਆਂ ਅਤੇ ਅਮਰੀਕੀ ਝੰਡਾ ਸਾੜਨ ਵਾਲਿਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਅਤੇ ਅਮਰੀਕਾ ਦੇ ਲੋਕਾਂ ਨੇ ਇਸ ਦੁਖਦਾਈ ਘਟਨਾ ਤੇ ਇੱਕਮੁੱਠ ਹੋ ਕੇ ਸਿੱਖਾਂ ਨਾਲ ਹਮਦਰਦੀ ਪ੍ਰਗਟਾਈ ਹੈ ਅਤੇ ਇਸ ਦੁੱਖ ਨੂੰ ਰਾਸ਼ਟਰ ਦਾ ਦੁੱਖ ਸਵੀਕਾਰ ਕਰਦੇ ਹੋਏ ਸਿੱਖਾ ਦੇ ਨਾਲ ਖੜੇ ਹੋਏ।
ਇਸ ਮੌਕੇ ਤੇ ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਇਸ ਘਟਨਾ ਨੂੰ ਦੁੱਖਦਾਈ ਕਾਂਡ ਕਰਾਰ ਦਿੱਤਾ ਅਤੇ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਭੇਟ ਕਰਦਿਆਂ ਪੀੜਤਾਂ ਨੂੰ ਹਰ ਤਰ੍ਹਾਂ ਦੀ ਲੋੜੀਂਦੀ ਮੱਦਦ ਦੇਣ ਦਾ ਭਰੋਸਾ ਦਿਵਾਇਆ। ਦੱਲੀ ਦੇ ਟਰਾਂਸਪੋਰਟ ਮੰਤਰੀ ਸ੍ਰ: ਅਰਵਿੰਦਰ ਸਿੰਘ ਲਵਲੀ ਵੀ ਅਰਦਾਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ।
ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਵੀ ਅਮਰੀਕਾ ਤੋਂ ਵਾਪਿਸ ਆ ਕੇ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਿਲ ਹੋਏ ਅਤੇ ਅਮਰੀਕਾ ਦੇ ਗੁਰਦੁਆਰੇ ਵਿੱਚ ਹੋਏ ਗੋਲੀ ਕਾਂਡ ਦੀ ਘਟਨਾ ਨੂੰ ਘਿਨੌਣੀ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕੇਂਦਰ ਵੱਲੋਂ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ੍ਰ: ਤਰਸੇਮ ਸਿੰਘ ਨੇ ਘਟਨਾ ਦੇ ਵੇਰਵੇ ਵਿਸਥਾਰ ਨਾਲ ਦਿੰਦਿਆਂ ਸ਼ਰਧਾਂਜਲੀ ਭੇਟ ਕੀਤੀ। ਦਿੱਲੀ ਦੀ ਸਿੱਖ ਸੰਗਤ ਨੇ ਭਾਰੀ ਗਿਣਤੀ ਵਿੱਚ ਇਸ ਅਰਦਾਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਭੇਟ ਕੀਤੀ।