ਚੰਡੀਗੜ੍ਹ- ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਪ੍ਰੈਸ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਜਸਟਿਸ ਮਾਰਕੰਡੇ ਕਾਟਜੂ ਨੇ ਦਿੱਲੀ ਵਿੱਚ ਬਾਬਾ ਰਾਮਦੇਵ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ਼ ਭ੍ਰਿਸ਼ਟਾਚਾਰ ਵਿਰੁੱਧ ਕੀਤੇ ਗਏ ਅੰਦੋਲਨ ਨੂੰ ਇੱਕ ਖਾਲੀ ਗੁਬਾਰਾ ਦਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਦਸ ਦਿਨਾਂ ਦੇ ਤਮਾਸ਼ੇ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਣ ਨਾਲ ਭ੍ਰਿਸ਼ਟਾਚਾਰ ਖਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਗ੍ਰਿਫਤਾਰੀਆਂ ਦੇਣਾ ਇੱਕ ਸਰਕਸ ਵਾਂਗ ਹੈ। ਇਸ ਦਾ ਨਾਂ ਤਾਂ ਸਰਕਾਰ ਤੇ ਕੋਈ ਪ੍ਰਭਾਵ ਪਵੇਗਾ ਅਤੇ ਨਾਂ ਹੀ ਦੇਸ਼ ਵਿੱਚ ਪਸਰੇ ਭ੍ਰਿਸ਼ਟਾਚਾਰ ਤੇ ਅਸਰ ਹੋਣਾ ਹੈ।
ਜਸਟਿਸ ਮਾਰਕੰਡੇ ਨੇ ਕਿਹਾ ਕਿ ਦੇਸ਼ ਵਿੱਚ ਵਿਕਾਸ ਅਤੇ ਉਦਯੋਗੀਕਰਣ ਦੀ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਹੀ ਦੇਸ਼ ਵਿੱਚ ਸਮਾਜ ਸਥਿਰ ਹੋਵੇਗਾ ਅਤੇ ਭ੍ਰਿਸ਼ਟਾਚਾਰ ਤੇ ਕਾਬੂ ਪਾਉਣਾ ਸੰਭਵ ਹੋ ਸਕੇਗਾ। ਇਸ ਲਈ ਅਗਲੇ 15 ਸਾਲਾਂ ਤੱਕ ਭ੍ਰਿਸ਼ਟਾਚਾਰ ਜਾਰੀ ਰਹੇਗਾ।ਇਸ ਨੂੰ ਕੋਈ ਵੀ ਰੋਕ ਨਹੀਂ ਸਕਦਾ। ਕਾਟਜੂ ਨੇ ਪੱਛਮੀ ਦੇਸ਼ਾਂ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਹ ਦੇਸ਼ ਵੀ ਉਦੋਂ ਹੀ ਭ੍ਰਿਸ਼ਟਾਚਾਰ ਤੇ ਕਾਬੂ ਪਾਉਣ ਵਿੱਚ ਸਮਰੱਥ ਹੋਏ, ਜਦੋਂ ਉਹ ਵਿਕਸਤ ਹੋ ਗਏ। ਉਨ੍ਹਾਂ ਨੇ ਮੀਡੀਆ ਦੀ ਜਿੰਮੇਵਾਰੀ ਤੇ ਵੀ ਚਿੰਤਾ ਜਾਹਿਰ ਕੀਤੀ।ਉਨ੍ਹਾਂ ਨੇ ਕਿਹਾ ਕਿ ਮੀਡੀਏ ਦਾ ਕੰਮ ਸਮਾਜ ਵਿੱਚ ਅੰਧਵਿਸ਼ਵਾਸ਼ ਫੈਲਾਉਣਾ ਨਹੀਂ ਹੈ, ਸਗੋਂ ਜਨਤਾ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਹੈ। ਲੋਕਾਂ ਵਿੱਚ ਵਿਗਿਆਨਕ ਚੇਤਨਾ ਅਤੇ ਤਰਕਸ਼ੀਲਤਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।ਕਾਟਜੂ ਨੇ ਕਿਹਾ ਕਿ ਉਹ ਮੀਡੀਏ ਦੀ ਆਜ਼ਾਦੀ ਦੇ ਹੱਕ ਵਿੱਚ ਹਨ, ਪਰ ਮੀਡੀਏ ਨੂੰ ਵੀ ਆਪਣੀ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਮੀਡੀਏ ਨੂੰ ਵੀ ਲੋਕਾਂ ਪ੍ਰਤੀ ਜਵਾਬਦੇਹ ਹੋਣਾ ਚਾਹੀਦਾ ਹੈ।