ਅਲਕਾਇਦਾ ਜਥੇਬੰਦੀ ਦੇ ਦੂਸਰੇ ਨੰਬਰ ਦੇ ਨੇਤਾ ਅਯਮਨ ਅਲ ਜਵਾਹਿਰੀ ਨੇ ਇਕ ਆਡੀਓ ਸੁਨੇਹੇ ਵਿਚ ਅਮਰੀਕਾ ਦੇ ਨਵੇ ਚੁਣੇ ਰਾਸ਼ਟਰਪਤੀ ਬਰਾਕ ਓਬਾਮਾ ਉਤੇ ਆਪਣੀ ” ਮੁਸਲਿਮ ਪਛਾਣ” ਨੂੰ ਧੋਖਾ ਦੇਣ ਦਾ ਅਰੋਪ ਲਾਇਆ। ਉਸਨੇ ਓਬਾਮਾ ਨੂੰ ਇਕ ਐਸਾ “ਗੁਲਾਮ” ਦਸਿਆ ਜੋ ਇਸਲਾਮ ਦੇ ਦੁਸ਼ਮਣਾਂ ਨਾਲ ਮਿਲ ਗਿਆ ਹੈ। ਜਵਾਹਿਰੀ ਦਾ ਇਹ ਸੁਨੇਹਾ ਅਤਵਾਦੀਆਂ ਦੀ ਇਕ ਵੈਬਸਾਈਟ ਤੇ ਤਸਵੀਰਾਂ ਨਾਲ ਲਗਿਆ ਹੋਇਆ ਸੀ। ਆਪਣੇ 11 ਮਿੰਟ ਦੇ ਸੁਨੇਹੇ ਵਿਚ ਜਵਾਹਿਰੀ ਨੇ ਕਿਹਾ ਹੈ ਕਿ ਓਬਾਮਾ ਦੇ ਰਾਸ਼ਟਰਪਤੀ ਚੁਣੇ ਜਾਣ ਨਾਲ ਅਮਰੀਕਾ ਦੀ ਮੁਸਲਮਾਨਾਂ ਪ੍ਰਤੀ ਨੀਤੀ ਵਿਚ ਕੋਈ ਤਬਦੀਲੀ ਨਹੀ ਆਵੇਗੀ। ਉਸਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਓਬਾਮਾ ਵੀ ਬੁਸ਼ ਦੀਆਂ ਨੀਤੀਆਂ ਤੇ ਚਲੇਗਾ ਤਾਂ ਉਹ ਵੀ ਅਸਫਲ ਸਾਬਿਤ ਹੋਵੇਗਾ। ਓਬਾਮਾ ਨੇ ਕਿਹਾ ਸੀ ਕਿ ਅਲਕਾਇਦਾ ਨੂੰ ਸਦਾ ਲਈ ਖਤਮ ਕਰਨ ਨੂੰ ਪਹਿਲ ਦਿਤੀ ਜਾਵੇਗੀ। ਉਸਨੇ ਇਹ ਵੀ ਕਿਹਾ ਸੀ ਕਿ ਓਸਾਮਾ ਬਿਨ ਲਾਦਿਨ ਨੂੰ ਮਾਰਨਾ ਅਮਰੀਕੀ ਸੁਰਖਿਆ ਲਈ ਅਹਿਮ ਹੋਵੇਗਾ। ਜਵਾਹਿਰੀ ਦੇ ਇਸ ਸੁਨੇਹੇ ਤੇ ਅਮਰੀਕਾ ਦਾ ਕਹਿਣਾ ਹੈ ਕਿ ਅਮਰੀਕਾ ਲਈ ਖਤਰੇ ਵਾਲੀ ਕੋਈ ਗਲ ਨਹੀ ਹੈ। ਜਵਾਹਿਰੀ ਨੂੰ ਅਲਕਾਇਦਾ ਜਥੇਬੰਦੀ ਵਿਚ ਓਸਾਮਾ ਬਿਨ ਲਾਦਿਨ ਦਾ ਸਜਾ ਹੱਥ ਸਮਝਿਆ ਜਾਂਦਾ ਹੈ। ਜਵਾਹਿਰੀ ਮਿਸਰ ਦਾ ਨਾਗਰਿਕ ਹੈ ਅਤੇ ਪੇਸ਼ੇ ਤੋਂ ਡਾਕਟਰ ਰਿਹਾ ਹੈ। ਅਮਰੀਕਾ ਵਿਚ ਹੋਏ ਸਿਤੰਬਰ 11 ਦੇ ਹਮਲਿਆਂ ਵਿਚ ਵੀ ਇਸਦਾ ਹੱਥ ਸਮਝਿਆ ਜਾਂਦਾ ਹੈ। ਅਫਗਾਨਿਸਤਾਨ ਵਿਚ ਤਾਲੇਬਾਨ ਦੀ ਸਰਕਾਰ ਖਤਮ ਹੋਣ ਤੋਂ ਬਾਅਦ ਜਵਾਹਿਰੀ ਅੰਡਰਗਰਾਂੳਂੂਡ ਹੋ ਗਿਆ ਸੀ।