ਨਵੀਂ ਦਿੱਲੀ- ਦੇਸ਼ ਦੇ 66ਵੇਂ ਸੁਤੰਤਰਤਾ ਦਿਵਸ ਦੇ ਮੌਕੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੇਸ਼ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਦੇਸ਼ ਦੇ ਵਿਕਾਸ ਨਾਲ ਜੁੜੇ ਮਾਮਲਿਆਂ ਨੂੰ ਨੈਸ਼ਨਲ ਸਕਿਉਰਟੀ ਦੇ ਨਾਲ ਜੁੜੇ ਮਾਮਲਿਆਂ ਦੇ ਬਰਾਬਰ ਹੀ ਮਹੱਤਵ ਦਿੱਤਾ ਜਾਵੇ। ਲਾਲ ਕਿਲ੍ਹੇ ਤੇ ਤਿਰੰਗਾ ਝੁਲਾਉਣ ਤੋਂ ਬਾਅਦ ਪ੍ਰਧਾਨਮੰਤਰੀ ਨੇ ਆਪਣੇ ਭਾਸ਼ਣ ਵਿੱਚ ਲਗਭਗ ਹਰ ਤਬਕੇ ਅਤੇ ਹਰ ਖੇਤਰ ਦਾ ਧਿਆਨ ਰੱਖਦੇ ਹੋਏ ਉਸ ਨੂੰ ਛੂਹਣ ਦੀ ਕੋਸ਼ਿਸ਼ ਕੀਤੀ। ਸਿਹਤ, ਸਿੱਖਿਆ ਅਤੇ ਰੁਜਗਾਰ ਸਮੇਤ ਕਈ ਮੁੱਦਿਆਂ ਤੇ ਉਨ੍ਹਾਂ ਨੇ ਸਰਕਾਰ ਦੇ ਯਤਨਾਂ ਅਤੇ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨਮੰਤਰੀ ਨੇ ਵਾਅਦਾ ਕੀਤਾ ਕਿ ਅਗਲੇ ਪੰਜ ਸਾਲਾਂ ਦੌਰਾਨ ਹਰ ਘਰ ਵਿੱਚ ਬਿਜਲੀ ਦੀ ਸਹੂਲਤ ਹੋਵੇਗੀ।
ਪ੍ਰਧਾਨਮੰਤਰੀ ਨੇ ਦੁਨੀਆਂਭਰ ਵਿੱਚ ਛਾਏ ਆਰਥਿਕ ਸੰਕਟ ਤੋਂ ਦੇਸ਼ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ 12ਵੀਂ ਪੰਜ ਸਾਲਾ ਯੋਜਨਾ ਵਿੱਚ ਸਰਕਾਰ ਅਜਿਹੇ ਕਦਮ ਉਠਾਵੇਗੀ ਤਾਂ ਕਿ ਯੋਜਨਾ ਦੇ ਆਖਰੀ ਸਾਲ ਵਿੱਚ ਸਾਡੀ ਆਰਥਿਕ ਵਿਕਾਸ ਦਰ 9% ਹੋ ਜਾਵੇ। ਉਨ੍ਹਾਂ ਨੇ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਰਹਿਣ ਵਾਲੇ ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਮੁਹਈਆ ਕਰਵਾਉਣ ਲਈ ਸਰਕਾਰ ਪੂਰੀ ਕੋਸ਼ਿਸ਼ ਕਰੇਗੀ। ਸਿੱਖਿਆ ਦੇ ਖੇਤਰ ਵਿੱਚ ਸਰਕਾਰ ਦੀਆਂ ਉਪਲੱਭਦੀਆਂ ਦਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਿੱਛਲੇ ਦੋ ਸਾਲਾਂ ਵਿੱਚ 51 ਹਜ਼ਾਰ ਨਵੇਂ ਸਕੂਲ ਖੋਲ੍ਹੇ ਗਏ ਹਨ। ਸਿੱਖਿਆ ਨੂੰ ਬੇਹਤਰ ਬਣਾਉਣ ਲਈ ਹੋਰ ਵੀ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਐਚਆਰਐਚਮ ਦੇ ਤਹਿਤ ਪੇਂਡੂ ਖੇਤਰਾਂ ਵਿੱਚ ਸਿਹਤ ਸੇਵਾਵਾਂ ਵਿੱਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਕੁਪੋਸ਼ਣ ਵਰਗੀਆਂ ਸਮਸਿਆਵਾਂ ਨਾਲ ਨਜਿੱਠਣ ਲਈ ਵੀ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨਮੰਤਰੀ ਨੇ ਕਿਹਾ ਕਿ ਮਹਿੰਗਾਈ ਨੂੰ ਘੱਟ ਕਰਨ ਲਈ ਵੀ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ।ਉਨ੍ਹਾ ਨੇ ਆਪਣੇ ਭਾਸ਼ਣ ਵਿੱਚ ਸੈਨਾ ਦੀ ਵੀ ਜਮ ਕੇ ਤਾਰੀਫ਼ ਕੀਤੀ। ਉਨ੍ਹਾਂ ਨੇ ੳਮੀਦ ਜਤਾਈ ਕਿ ਪਰੇਸ਼ਾਨੀਆਂ ਦਾ ਦੌਰ ਜਿਆਦਾ ਦੇਰ ਤੱਕ ਨਹੀਂ ਰਹੇਗਾ। ਉਨ੍ਹਾਂ ਨੇ ਕਿਹਾ, ‘ਅਸਾਂ ਕਈਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਪਿੱਛਲੇ 8 ਸਾਲਾਂ ਵਿੱਚ ਕਈਆਂ ਖੇਤਰਾਂ ਵਿੱਚ ਸਫਲਤਾ ਹਾਸਿਲ ਕੀਤੀ ਹੈ ਅਤੇ ਅੱਗੇ ਵੀ ਕਰਦੇ ਰਹਾਂਗੇ।’