ਰਾਚੈਸਟਰ (ਨੀਊ ਯਾਰਕ): ਬੀਤੇ ਐਤਵਾਰ ਨੂੰ ਰਾਚੈਸਟਰ ਦੀ ਸਮੂਹ ਸਿੱਖ ਸੰਗਤ ਨੇ, ਵਿਨ-ਜੈਫ਼ ਪਲਾਜ਼ੇ ਵਿਚ ਆਰਜ਼ੀ ਤੌਰ ਉਤੇ ਕਿਰਾਏ ਵਾਲੀ ਥਾਂ ਉਤੇ ਵਿਸਕਾਨਸਨ ਗੁਰਦੁਆਰੇ ਵਿਚ 6 ਸਿੱਖ ਸ਼ਰਧਾਲੂਆਂ ਨੂੰ ਸ਼ਹੀਦ ਕੀਤੇ ਜਾਣ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਵਿਸ਼ੇਸ਼ ਦੀਵਾਨ ਸਜਾਇਆ । ਨਾ ਕੇਵਲ ਰਾਚੈਸਟਰ ਸਿੱਖ ਸੰਗਤ, ਸਗੋਂ ਵੱਖ ਵੱਖ ਸਥਾਨਕ ਧਾਰਮਿਕ ਅਦਾਰੇ ਵੀ ਹਰਕਤ ਵਿਚ ਆਏ ਅਤੇ ਉਨ੍ਹਾਂ ਨੇ ਸਿੱਖਾਂ ਨਾਲ ਹਮਦਰਦੀ ਪ੍ਰਗਟ ਕੀਤੀ । ਉਨ੍ਹਾਂ ਨੇ ਧਾਰਮਿਕ ਅਸਥਾਨਾਂ ਉਤੇ ਐਸੇ ਗ਼ੈਰ-ਮਨੁਖੀ ਹਮਲਿਆਂ ਦੀ ਭਰਪੂਰ ਨਿਖੇਧੀ ਕੀਤੀ । ਇਲਾਕੇ ਦੀ ਮਾਣਯੋਗ ਕਾਂਗਰਸਵੀਮੈਨ ਲੂਈਸ ਸਲਾਟਰ ਸਿਹਤ ਨਾ ਠੀਕ ਹੋਣ ਦੇ ਬਾਵਜੂਦ ਵੀ ਉਚੇਚੇ ਤੌਰ ਉਤੇ ਦੀਵਾਨ ਵਿਚ ਹਾਜ਼ਰ ਹੋਏ । ਉਨ੍ਹਾਂ ਨੇ ਜਿਥੇ ਵਿਸਕਾਨਸਨ ਦੇ ਗੁਰਦੁਆਰੇ ਵਿਚ ਨਸਲਵਾਦੀ ਹਮਲੇ ਦੀ ਨਿਖੇਧੀ ਕੀਤੀ, ਉਥੇ ਉਨ੍ਹਾਂ ਨੇ ਸਿੱਖ ਜਗਤ ਨੂੰ ਉਨ੍ਹਾਂ ਦੀ ਜਾਨ, ਮਾਲ ਅਤੇ ਧਾਰਮਿਕ ਅਸਥਾਨਾਂ ਦੀ ਹਰ ਤਰਾਂ ਨਾਲ ਹਿਫ਼ਾਜ਼ਤ ਦਿਤੇ ਜਾਣ ਦਾ ਭਰੋਸਾ ਦਿਤਾ ।
ਇਸ ਮੌਕੇ ਉਤੇ ਸਿਟੀ ਮੇਅਰ ਦੇ ਪ੍ਰਤੀਨਿਧ, ਰਾਚੈਸਟਰ ਪੁਲੀਸ ਚੀਫ਼ ਮਿਸਟਰ ਜਿਮ ਸ਼ੈਫਰਡ, ਬਰਾਈਟਨ ਟਾਊਨ ਦੇ ਸੁਪਰਵਾਈਜ਼ਰ ਵਿਲੀਅਮ, ਡਾ: ਮੁਹੰਮਦ ਸ਼ਫ਼ੀਕ, ਡਾਇਰੈਕਟਰ ਸੈਂਟਰ ਫ਼ਾਰ ਇੰਟਰਫੇਥ ਸਟਡੀਜ਼ ਐਂਡ ਡਾਇਆਲਾਗ ਨੇ ਵੀ ਸਿੱਖ ਭਾਈਚਾਰੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ । ਇਸਤੋਂ ਇਲਾਵਾ ਲਯੂਕ ਐਂਡ ਸਾਈਮਨ ਸਰੀਨ ਐਪਿਸਕੋਪਲ ਚਰਚ ਦੇ ਰੀਵਰਡ ਮਾਈਕਲ ਹਾਪਕਿਨਜ਼, ਜਿਊਸ਼ ਕਮਿਊਨਿਟੀ ਲੀਡਰ, ਅਹਿਮਦੀਆ ਮੁਸਲਿਮ ਆਫ਼ ਰਾਚੈਸਟਰ ਵਲੋਂ ਡਾ: ਨਸੀਰ ਤੇ ਉਨ੍ਹਾਂ ਦੇ ਸਾਥੀ, ਹਿੰਦੂ ਟੈਂਪਲ ਤੇ ਇੰਡੀਅਨ ਕਮਿਊਨਿਟੀ ਸੈਂਟਰ ਵਲੋਂ ਡਾ: ਕਾਮਥ ਅਤੇ ਆਈ.ਸੀ. ਸ਼ਾਹ, ਪਾਕਿਸਤਾਨੀ ਅਮੈਰਿਕਨ ਸੁਸਾਇਟੀ ਆਫ਼ ਰਾਚੈਸਟਰ ਦੇ ਪ੍ਰਧਾਨ ਡਾ: ਤਾਰਿਕ ਕੁਰੈਸ਼ੀ, ਬਰਾਕਪੋਰਟ ਕਾਲਜ ਤੋਂ ਜੋ ਮੈਲੀਕਲ, ਇਸਲਾਮਿਕ ਸੈਂਟਰ, ਅਤੇ ਹੋਰ ਅਨੇਕਾਂ ਧਰਮਾਂ ਦੇ ਬਰਦਰਜ਼, ਸਿਸਟਰਜ਼ ਅਤੇ ਹੋਰ ਮੁਖੀਆਂ ਨੇ ਸ਼ਿਰਕੱਤ ਕੀਤੀ । ਖ਼ਾਸ ਤੌਰ ਉਤੇ ਪੁਲੀਸ ਚੀਫ਼ ਮਿਸਟਰ ਜਿਮ ਸ਼ੈਫਰਡ ਨੇ ਜ਼ੋਰਦਾਰ ਸ਼ਬਦਾਂ ਵਿਚ ਕਿਹਾ ਕਿ ਬਤੌਰ ਪੁਲੀਸ ਮੁਖੀ ਉਹ ਹਰ ਸਿੱਖ ਦੀ ਹਰ ਕਦਮ, ਹਰ ਕੀਮਤ ਉਤੇ ਹਿਫ਼ਾਜ਼ਤ ਕਰੇਗਾ । ਉਸਨੇ ਇਹ ਵੀ ਕਿਹਾ ਕਿ ਜੇ ਕਿਸੇ ਨੂੰ ਕੋਈ ਵੀ ਮੁਸ਼ਕਲ ਪੇਸ਼ ਆਉਂਦੀ ਹੈ, ਤਾਂ ਉਹ ਉਸ ਨਾਲ ਸੰਪਰਕ ਕਰੇ।
ਦੀਵਾਨ ਵਿਚ ਪ੍ਰਮਿੰਦਰ ਸਿੰਘ ਸੋਚ ਨੇ ਸਾਰੇ ਮਹਿਮਾਨਾਂ ਦੀ ਸੰਗਤ ਨਾਲ ਜਾਣ ਪਹਿਚਾਣ ਕਰਾਈ ਅਤੇ ਇਸ ਦੁੱਖ ਸਮੇਂ ਭਾਈਵਾਲ ਹੋਣ ਲਈ ਸਾਰੀ ਸਿੱਖ ਸੰਗਤ ਵਲੋਂ ਧੰਨਵਾਦ ਕੀਤਾ । ਉਪ੍ਰੰਤ ਗੁਰੂ ਕੇ ਅਟੁੱਟ ਲੰਗਰ ਵਰਤਾਏ ਗਏ ।
ਇਸੇ ਦਿਨ ਸ਼ਾਮ ਨੂੰ ਇੰਟਰਫੇਥ ਵਲੋਂ ਇਤਿਹਾਸਕ ਲਿਬਰਟੀ ਪੋਲ ਵਾਲੇ ਚੌਂਕ ਵਿਚ ਇਕ ਭਾਰੀ ਇਕੱਠ ਹੋਇਆ, ਜਿਸ ਵਿਚ ਸਿੱਖ ਕੌਮ ਪ੍ਰਤੀ ਉਨ੍ਹਾਂ ਨੇ ਆਪਣੀ ਹਮਾਇਤ ਦਾ ਇਜ਼ਹਾਰ ਕੀਤਾ । ਨੌਜੁਆਨ ਅਜੇ ਸਿੰਘ ਨੇ ਆਪਣੇ ਸਾਥੀਆਂ ਸਮੇਤ ਸਿਖ ਧਰਮ ਵਲੋਂ ਪ੍ਰਤੀਨਿਧਤਾ ਕੀਤੀ ਅਤੇ ਉਸਤੋਂ ਤੁਰਤ ਪਿਛੋ ਇਸਸਲਾਮਿਕ ਸੈਂਟਰ ਵਿਚ ਇਕ ਸ਼ੋਕ ਸਭਾ ਵੀ ਹੋਈ, ਜਿਸ ਵਿਚ ਪ੍ਰਮਿੰਦਰ ਸਿੰਘ ਸੋਚ ਵਲੋਂ ਸਾਰੇ ਧਰਮਾਂ ਵਲੋਂ ਮਿਲੀ ਹਮਾਇਤ ਵਾਸਤੇ ਧੰਨਵਾਦ ਕੀਤਾ । ਇਥੇ ਇਹ ਦਸਣਾ ਵੀ ਜ਼ਰੂਰੀ ਹੈ ਕਿ ਕੁਝ ਦਿਨ ਪਹਿਲਾਂ ਹਿੰਦੂ ਟੈਂਪਲ ਵਲੋਂ ਵੀ ਇਕ ਸ਼ੋਕ ਸਭਾ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿਚ ਪ੍ਰਮਿੰਦਰ ਸਿੰਘ ਸੋਚ ਨੇ ਸਾਰੀ ਸਥਾਨਕ ਸਿੱਖ ਸੰਗਤ ਵਲੋਂ ਹਿੰਦੂ ਟੈਂਪਲ ਦੇ ਪ੍ਰਬੰਧਕਾਂ ਦਾ ਸ਼ੁਕਰੀਆ ਅਦਾ ਕੀਤਾ ।