ਨਵੀਂ ਦਿੱਲੀ – ਸ: ਓਂਕਾਰ ਸਿੰਘ ਰਾਜਾ ਪ੍ਰਧਾਨ ਸਾਊਥ ਦਿੱਲੀ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਯੂਥ ਵਿੰਗ ਦੇ ਪ੍ਰਧਾਨ ਸ: ਮਨਜਿੰਦਰ ਸਿੰਘ ਸਿਰਸਾ ਵਲੋਂ ਕੀਤੇ ਗਏ ਦਾਅਵੇ ਕਿ ਅਕਾਲੀ ਦਲ (ਬਾਦਲ) ਨਵੰਬਰ-84 ਦੇ ਦੋਸ਼ੀਆਂ ਨੂੰ ਸਜ਼ਾ ਦੁਆਣ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੈ, ਨੂੰ ਗੁਮਰਾਹ-ਕੁੰਨ ਅਤੇ ਆਪਣੇ ਗੁਨਾਹਵਾਂ ਪੁਰ ਪਰਦਾ ਪਾਈ ਰਖਣ ਦੀ ਨਾਕਾਮ ਕੌਸ਼ਿਸ਼ ਕਰਾਰ ਦਿਤਾ ਹੈ।
ਸ: ਓਂਕਾਰ ਸਿੰਘ ਰਾਜਾ ਨੇ ਇਥੇ ਜਾਰੀ ਆਪਣੇ ਬਿਆਨ ਵਿਚ ਕਿਹਾ ਹੈ ਕਿ ਜੇ ਸ: ਸਿਰਸਾ ਅਨੁਸਾਰ ਅਕਾਲੀ ਦਲ (ਬਾਦਲ) ਦੇ ਮੁਖੀ ਨਵੰਬਰ-84 ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਪ੍ਰਤੀ ਈਮਾਨਦਾਰ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਦਲ ਵਿਚੋਂ ਉਨ੍ਹਾਂ ਲੋਕਾਂ ਨੂੰ ਬਾਹਰ ਕਢ ਦੇਣਾ ਚਾਹੀਦਾ ਹੈ, ਜਿਨ੍ਹਾਂ ਨੇ ਨਵੰਬਰ-84 ਦੇ ਗਰਦਾਨੇ ਜਾਂਦੇ ਗੁਨਾਹਗਾਰ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿਤੀ ਤੇ ਜਿਨ੍ਹਾਂ ਉਸਨੂੰ ਸਿਰੋਪਾਉ ਦੇ ਕੇ ਸਨਮਾਨਤ ਕਰਨ ਵਾਲਿਆਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਦਾ ਮੈਂਬਰ ਬਨਾਉਣ ਵਿਚ ਮਦਦ ਹੀ ਨਹੀਂ ਕੀਤੀ, ਸਗੋਂ ਉਸਦੇ ਲਈ ਸਮੁੱਚੀ ਤਾਕਤ ਵੀ ਝੌਂਕੀ।
ਸ: ਰਾਜਾ ਨੇ ਆਪਣੇ ਬਿਆਨ ਵਿਚ ਪੁਛਿਆ ਕਿ ਕੀ ਸ: ਸਿਰਸਾ ਉਨ੍ਹਾਂ ਵਿਅਕਤੀਆਂ ਨੂੰ ਦਲ ਵਿਚੋਂ ਬਾਹਰ ਕਢਵਾਉਣ ਲਈ ਮੁਹਿੰਮ ਛੇੜਨਗੇ ਜਿਨ੍ਹਾਂ ਪੁਰ ਐਡਵੋਕੇਟ ਫੂਲਕਾ ਨੇ ਲਿਖਤ ਰੂਪ ਵਿਚ ਦੋਸ਼ੀਆਂ ਦੀ ਮਦਦ ਕਰਨ ਤੇ ਉਨ੍ਹਾਂ ਨਾਲ ਗੁਆਹਵਾਂ ਦੇ ਸੌਦੇ ਕਰਾਉਣ ਦੇ ਦੋਸ਼ ਲਾਏ ਹਨ ? ਸ: ਰਾਜਾ ਨੇ ਹੋਰ ਕਿਹਾ ਕਿ ਸ: ਸਿਰਸਾ ਨੂੰ ਸ਼ਾਇਦ ਪਤਾ ਨਹੀਂ ਕਿ ਕੇਵਲ ਬਿਆਨ-ਬਾਜ਼ੀ ਕਰ, ਮੁਜ਼ਾਹਿਰੇ ਕਰ ਅਤੇ ਹਵਾ ਵਿਚ ਬਾਹਵਾਂ ਉਲਾਰ-ਉਲਾਰ ਕੇ ਨਾਹਰੇ ਲਾਣ ਨਾਲ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ, ਤੇ ਨਾ ਹੀ ਗੁਆਹਵਾਂ ਦੇ ਦੋਸ਼ੀਆਂ ਨਾਲ ਸੌਦੇ ਕਰਵਾ ਕੇ ਸਜ਼ਾਵਾਂ ਦੁਆਈਆਂ ਜਾ ਸਕਦੀਆਂ ਹਨ। ਇਸਦੇ ਲਈ ਅਮਲੀ ਤੋਰ ਤੇ ਕੁਝ ਕਰਨਾ ਅਤੇ ਆਪਣੇ ਆਪਨੂੰ ਈਮਾਨਦਾਰ ਸਾਬਤ ਕਰਨਾ ਪੈਂਦਾ ਹੈ। ਸ: ਓਂਕਾਰ ਸਿੰਘ ਨੇ ਕਿਹਾ ਕਿ ਸ: ਸਿਰਸਾ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਪੁਰ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਅਤੇ ਅਪਣੇ ਮੁਖੀਆਂ ਦੀ ਪੀੜੀ ਹੇਠ ਸੋਟਾ ਫੇਰ ਲੈਣਾ ਚਾਹੀਦਾ ਹੈ ।