ਨਵੀਂ ਦਿੱਲੀ- ਦਿੱਲੀ ਸਰਕਾਰ ਵੱਲੋਂ ਰਸੋਈਘਰਾਂ ਨੂੰ ਕੈਰੋਸਿਨ ਮੁਕਤ ਕਰਨ ਦੇ ਫੈਸਲੇ ਦਾ ਵਾਤਾਵਰਣ ਮਾਹਿਰਾਂ ਨੇ ਸਵਾਗਤ ਕੀਤਾ ਹੈ। ਖਾਣਾ ਤਿਆਰ ਕਰਨ ਲਈ ਕੈਰੋਸਿਨ ਦੀ ਵਰਤੋਂ ਬੰਦ ਕਰਨ ਅਤੇ ਐਲਪੀਜੀ ਵਰਤਣ ਨਾਲ ਨਾਂ ਕੇਵਲ ਸ਼ਹਿਰ ਦੀ ਹਵਾ ਹੀ ਸਾਫ ਹੋਵੇਗੀ, ਸਗੋਂ ਜੋ ਪਰਿਵਾਰ ਕੈਰੋਸਿਨ ਦੀ ਵਰਤੋਂ ਕਰਦੇ ਸਨ ਹੁਣ ਉਨ੍ਹਾਂ ਦੀ ਸਿਹਤ ਲਈ ਵੀ ਲਾਭਦਾਇਕ ਰਹੇਗਾ। ਸਰਕਾਰ ਦੀ ਇਸ ਯੋਜਨਾ ਨਾਲ ਭਾਂਵੇ ਬਾਈ ਸੌ ਦੇ ਕਰੀਬ ਡੀਪੂਆਂ ਵਾਲੇ ਬੇਰੁਜਗਾਰ ਹੋ ਜਾਣਗੇ।
ਦਿੱਲੀ ਦੀ ਮੁੱਖਮੰਤਰੀ ਨੇ ਵਿਧਾਨ ਸੱਭਾ ਵਿੱਚ ਦਿੱਲੀ ਨੂੰ ਕੈਰੋਸਿਨ ਮੁਕਤ ਕਰਨ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। 21 ਅਗੱਸਤ ਨੂੰ ਮੁੱਖਮੰਤਰੀ ਸ਼ੀਲਾ ਦੀਕਸ਼ਤ ਇਸ ਯੋਜਨਾ ਨੂੰ ਸ਼ੁਰੂ ਕਰਨ ਜਾ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸ਼ਹਿਰ ਵਿੱਚ ਅੱਜ ਵੀ ਪੌਣੇ ਦੋ ਲੱਖ ਪਰਿਵਾਰਾਂ ਦੀ ਰਸੋਈ ਵਿੱਚ ਕੈਰੋਸਿਨ ਦਾ ਪ੍ਰਯੋਗ ਕੀਤਾ ਜਾਂਦਾ ਹੈ। ਸਰਕਾਰ ਵੱਲੋਂ ਅਜਿਹੇ ਪਰਿਵਾਰਾਂ ਦੀ ਪਛਾਣ ਕਰਕੇ ਇਸ ਨਵੀਂ ਯੋਜਨਾ ਦੇ ਤਹਿਤ ਉਨ੍ਹਾਂ ਨੂੰ ਦੋ ਹਜ਼ਾਰ ਰੁਪੈ ਦਿੱਤੇ ਜਾਣਗੇ ਤਾਂ ਜੋ ਉਹ ਆਪਣੇ ਲਈ ਗੈਸ ਸਿਲੰਡਰ ਅਤੇ ਚੁੱਲ੍ਹਾ ਖ੍ਰੀਦ ਸਕਣ। ਇਸ ਯੋਜਨਾ ਨੂੰ ਬੇਸ਼ਕ ਆ ਰਹੀਆਂ ਵਿਧਾਨ ਸੱਭਾ ਚੋਣਾਂ ਕਰਕੇ ਵੋਟ ਬੈਂਕ ਦੀ ਰਾਜਨੀਤੀ ਕਰਾਰ ਦਿੱਤਾ ਜਾਵੇ ਪਰ ਇਸ ਨਾਲ ਸ਼ਹਿਰ ਵਿੱਚ ਪਰਦੂਸ਼ਣ ਘੱਟ ਹੋਵੇਗਾ ਅਤੇ ਹਵਾ ਸਾਫ਼ ਸੁਥਰੀ ਹੋਵੇਗੀ। ਕੈਰੋਸਿਨ ਦੀ ਵਰਤੋਂ ਬੰਦ ਹੋਣ ਨਾਲ ਬੇਰੁਜਗਾਰ ਹੋਣ ਵਾਲੇ ਡੀਪੂਆਂ ਵਾਲਿਆਂ ਲਈ ਦੇ ਪੁਨਰਵਾਸ ਲਈ ਅਜੇ ਤੱਕ ਕੋਈ ਯੋਜਨਾ ਨਹੀਂ ਹੈ।