ਨਵੀਂ ਦਿੱਲੀ- ਸਰਕਾਰ ਦੇ ਖਿਲਾਫ਼ ਕਰਪੱਸ਼ਨ ਅਤੇ ਬਲੈਕ ਮਨੀ ਵਿਰੁੱਧ ਅੰਦੋਲਨ ਚਲਾਉਣ ਵਾਲਾ ਬਾਬਾ ਰਾਮਦੇਵ ਖੁਦ ਹੀ ਸਰਕਾਰੀ ਸ਼ਿਕੰਜੇ ਵਿੱਚ ਫਸ ਗਿਆ ਹੈ। ਡਾਇਰੈਕਟਰ ਜਨਰਲ ਆਫ਼ ਸੈਂਟਰਲ ਐਕਸਾਈਜ਼ ਐਂਡ ਕਸਟਮ ਇੰਟਲੀਜੈਂਸ (ਡੀਜੀਸੀਆਈਈ) ਨੇ ਬਾਬਾ ਰਾਮਦੇਵ ਦੇ ਦਿੱਲੀ ਵਿੱਚ ਹੋਏ ਅੰਦੋਲਨ ਦਾ ਹਿਸਾਬ ਕਿਤਾਬ ਮੰਗਿਆ ਹੈ। ਡੀਜੀਸੀਆਈਈ ਨੇ ਦਿੱਲੀ ਵਿੱਚ ਹੋਏ ਅੰਦੋਲਨ ਤੇ ਹੋਏ ਖਰਚ ਦਾ ਪੂਰਾ ਪੂਰਾ ਬਿਊਰਾ ਦੇਣ ਲਈ ਕਿਹਾ ਹੈ।
ਬਾਬਾ ਰਾਮਦੇਵ ਦੇ ਭਾਰਤ ਸਵਾਭਿਮਾਨ ਟਰੱਸਟ ਨੂੰ ਡੀਜੀਸੀਆਈਈ ਵੱਲੋਂ ਇਹ ਨੋਟਿਸ ਭੇਜਿਆ ਗਿਆ ਹੈ। ਡੀਜੀਸੀਆਈਈ ਦੇ ਕਾਨਪੁਰ ਵਾਲੇ ਦਫ਼ਤਰ ਤੋਂ ਭੇਜੇ ਗਏ ਨੋਟਿਸ ਵਿੱਚ ਅੰਦੋਲਨ ਦੌਰਾਨ ਹੋਏ ਹਰ ਤਰ੍ਹਾਂ ਦੇ ਖਰਚ ਦਾ ਹਿਸਾਬ ਮੰਗਿਆ ਗਿਆ ਹੈ। ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਬਾਬੇ ਦੇ ਇਸ ਅੰਦੋਲਨ ਵਿੱਚ ਡੀਜੀਸੀਆਈਈ ਦੇ ਅਧਿਕਰੀ ਗਪਤ ਰੂਪ ਵਿੱਚ ਸ਼ਾਮਿਲ ਹੋ ਕੇ ਅੰਦੋਲਨ ਸਬੰਧੀ ਤਿਆਰੀਆਂ ਅਤੇ ਖਰਚ ਦੇ ਸਾਰੇ ਵੇਰਵੇ ਪ੍ਰਾਪਤ ਕਰ ਲਏ ਹਨ। ਇਸ ਅੰਦੋਲਨ ਲਈ ਕੰਮ ਕਰਨ ਵਾਲੀ ਟੀਮ ਵਿੱਚ ਵੀ ਉਨ੍ਹਾਂ ਨੇ ਆਪਣੇ ਬੰਦੇ ਸ਼ਾਮਿਲ ਕੀਤੇ ਹੋਏ ਸਨ। ਪਤੰਜਲੀ ਯੋਗ ਪੀਠ ਵਿੱਚ ਵੀ ਭਗਤ ਅਤੇ ਮਰੀਜ ਬਣ ਕੇ ਉਨ੍ਹਾਂ ਨੇ ਕਈ ਅਹਿਮ ਜਾਣਕਾਰੀਆਂ ਹਾਸਿਲ ਕੀਤੀਆਂ ਹਨ। ਇਸ ਲਈ ਇਸ ਵਾਰ ਬਾਬੇ ਲਈ ਇਸ ਨੋਟਿਸ ਦਾ ਜਵਾਬ ਦੇਣਾ ਅਸਾਨ ਨਹੀਂ ਹੋਵੇਗਾ।