ਅੰਮ੍ਰਿਤਸਰ :- ਦਿੱਲੀ ਸਥਿਤ ਕਨੇਡਾ ਦੇ ਸਫੀਰ ਸ੍ਰੀ ਸਟੀਵਰਟ ਬੀਕ ਨੇ ਆਪਣੇ ਪਰਿਵਾਰ ਸਮੇਤ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਸਿਰੋਪਾਓ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਉਹ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਗਏ ਤੇ ਸੂਚਨਾ ਅਧਿਕਾਰੀ ਸ.ਜਸਵਿੰਦਰ ਸਿੰਘ ਤੇ ਸ.ਗੁਰਬਚਨ ਸਿੰਘ ਪਾਸੋਂ ਲੰਗਰ ਦੀ ਮਹਾਨਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਤੁਰੰਤ ਹੀ ਲੰਗਰ ਛਕਣ ਵਾਲੀ ਸੰਗਤ ਨੂੰ ਆਪਣੇ ਪੁੱਤਰਾਂ ਸਮੇਤ ਹੱਥੀਂ ਥਾਲੀਆਂ ਵਰਤਾਉਣ ਦੀ ਸੇਵਾ ਕਰਨ ਲੱਗ ਪਏ ਤੇ ਤਕਰੀਬਨ 10 ਮਿੰਟ ਸੇਵਾ ਕਰਦੇ ਰਹੇ। ਕਨੇਡਾ ਦੇ ਸਫੀਰ ਸ੍ਰੀ ਸਟੀਵਰਟ ਬੀਕ ਨੂੰ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ ‘ਚ ਲੱਗੀ ਵੱਡੀ ਸਕਰੀਨ ਬਾਰੇ ਦੱਸਿਆ ਕਿ ਤਕਰੀਬਨ 50 ਲੱਖ ਰੁਪਏ ਦੀ ਲਾਗਤ ਨਾਲ ਇਹ ਸਕਰੀਨ ਕਨੇਡਾ ਦੀ ਸੰਗਤ ਵੱਲੋਂ ਲਗਾਈ ਗਈ ਹੈ ਤਾਂ ਉਹ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਕਨੇਡਾ ‘ਚ ਸਿੱਖ ਭਾਈਚਾਰਾ ਬਹੁਤ ਸੁਰੱਖਿਅਤ ਹੈ ਤੇ ਉਥੇ ਕੋਈ ਮੁਸ਼ਕਲ ਨਹੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ.ਦਲਮੇਘ ਸਿੰਘ ਖਟੜਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਸਟੀਵਰਟ ਬੀਕ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਸਿਰੋਪਾਓ ਨਾਲ ਸਨਮਾਨਤ ਕੀਤਾ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਕਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਸਟੀਫਨ ਹਾਰਪਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਚੜਾਈ ਤਸਵੀਰ ਸ੍ਰੀ ਸਟੀਵਰਟ ਬੀਕ ਨੂੰ ਦਿਖਾਈ ਤਾਂ ਉਹ ਬਹੁਤ ਖੁਸ਼ ਹੋਏ।
ਸ੍ਰੀ ਸਟੀਵਰਟ ਬੀਕ ਨੇ ਸੂਚਨਾ ਕੇਂਦਰ ਵਿਖੇ ਯਾਤਰੂ ਸਿਮਰਤੀ ‘ਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਲਿਖਿਆ ਕਿ ਅੱਜ ਦੀ ਸਵੇਰ ਉਹਨਾਂ ਲਈ ਬਹੁਤ ਵਧੀਆ ਰਹੀ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਉਹ ਕਨੇਡੀਅਨ ਸਫੀਰ ਦੇ ਤੌਰ ਤੇ ਪਹਿਲੀ ਵਾਰ ਆਏ ਹਨ। ਇਥੇ ਆ ਕੇ ਸਿੱਖ ਧਰਮ ਦੀ ਮਰਯਾਦਾ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਨਾਲ ਕਨੇਡਾ ‘ਚ ਰਹਿੰਦੇ ਸਿੱਖਾਂ ਨੂੰ ਸਮਝਣਾ ਸੌਖਾ ਹੋਵੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲੇ ਸਤਿਕਾਰ ਤੇ ਧਾਰਮਿਕ ਜਾਣਕਾਰੀ ਤੋਂ ਉਹ ਸੰਤੁਸ਼ਟ ਹਨ। ਉਨ੍ਹਾਂ ਸ.ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਕਨੇਡਾ ਦੀ ਭੁਗੋਲਕ ਜਾਣਕਾਰੀ ਵਾਲੀ ਪੁਸਤਕ ਵੀ ਭੇਟ ਕੀਤੀ।