ਲੁਧਿਆਣਾ-:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ (ਪੀ ਏ ਯੂ) ਵੱਲੋਂ ਹਰਿਆਣਾ ਦੀ ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ ਨਾਲ ਇਕ ਵਿਦਿਅਕ ਅਹਿਦਨਾਮੇ ਤੇ ਦਸਤਖਤ ਕੀਤੇ ਗਏ ਜਿਸ ਅਧੀਨ ਉਚੇਰੀ ਸਿੱਖਿਆ ਹਾਸਿਲ ਕਰ ਰਹੇ ਵਿਦਿਆਰਥੀ ਦੋਹਾਂ ਯੂਨੀਵਰਸਿਟੀਆਂ ਵਿੱਚ ਹੋ ਰਹੇ ਵਿਦਿਅਕ ਪ੍ਰੋਗਰਾਮਾਂ ਤੋਂ ਲਾਹਾ ਲੈ ਸਕਣਗੇ। ਇਸ ਅਹਿਦਨਾਮੇ ਤੇ ਪੀ ਏ ਯੂ ਵੱਲੋਂ ਡਾ: ਬਲਦੇਵ ਸਿੰਘ ਢਿੱਲੋਂ ਵਾਈਸ ਚਾਂਸਲਰ ਜਦ ਕਿ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਡਾ: ਕ੍ਰਿਸ਼ਨ ਸਿੰਘ ਖੋਖਰ ਵਾਈਸ ਚਾਂਸਲਰ ਵੱਲੋਂ ਦਸਤਖਤ ਕੀਤੇ ਗਏ। ਇਸ ਮੌਕੇ ਪੀ ਏ ਯੂ ਦੇ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਵੀ ਹਾਜ਼ਰ ਸਨ।
ਡਾ: ਢਿੱਲੋਂ ਨੇ ਕਿਹਾ ਕਿ ਪੀ ਏ ਯੂ ਖੇਤੀ ਖੋਜ, ਵਿੱਦਿਆ ਅਤੇ ਤਕਨੀਕੀ ਪਸਾਰ ਵਿੱਚ ਆਪਣੇ ਯੋਗਦਾਨ ਵਜੋਂ ਦੇਸ਼ਾਂ ਵਿਦੇਸਾਂ ਵਿੱਚ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦੁਵੱਲੇ ਸਹਿਯੋਗ ਨਾਲ ਦੇਸ਼ ਦੀਆ ਦੋ ਮੋਹਰੀ ਯੂਨੀਵਰਸਿਟੀਆਂ ਨੂੰ ਚੱਲ ਰਹੇ ਵੱਖ ਵੱਖ ਪ੍ਰੋਗਰਾਮਾਂ ਦੀਆਂ ਖੋਜ ਪ੍ਰਾਪਤੀਆਂ ਤੋਂ ਲਾਭ ਮਿਲੇਗਾ। ਰਲ ਮਿਲ ਕੇ ਖੇਤੀ ਚੁਣੌਤੀਆਂ ਨੂੰ ਨਜਿੱਠਣ ਨਾਲ ਅਜਿਹੇ ਅਹਿਦਨਾਮੇ ਸਹਾਈ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਸਾਲ 2012-13 ਦੌਰਾਨ ਫ਼ਸਲ ਵਿਗਿਆਨ, ਕੀਟ ਵਿਗਿਆਨ, ਭੂਮੀ ਵਿਗਿਆਨ ਅਤੇ ਮਾਈਕਰੋਬਾਇਲੋਜੀ ਵਿਸ਼ੇ ਵਿੱਚ ਪੀ ਐੱਚ ਡੀ ਸਿੱਖਿਆ ਹਾਸਿਲ ਕਰਨ ਵਾਲੇ ਪੀ ਏ ਯੂ ਦੇ ਵਿਦਿਆਰਥੀ ਆਪਣੇ ਪਹਿਲੇ ਸਮੈਸਟਰ ਦੌਰਾਨ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵਿਖੇ ਪੜ੍ਹਾਈ ਕਰਨਗੇ। ਉਨ੍ਹਾਂ ਦੱਸਿਆ ਕਿ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਇਨਸਰਵਿਸ ਅਧਿਆਪਕਾਂ ਲਈ ਖੇਤੀਬਾੜੀ ਇੰਜੀਨੀਅਰਿੰਗ ਵਿੱਚ ਪੀ ਐੱਚ ਡੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੀ ਵਿਦਿਅਕ ਪੂਰਤੀ ਪੀ ਏ ਯੂ ਅਤੇ ਖੋਜ ਦੀ ਪੂਰਤੀ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੋਵੇਗੀ। ਇਸ ਵਾਸਤੇ ਪੀ ਏ ਯੂ ਦੇ ਖੇਤੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਅਧਿਆਪਕ ਉਸ ਦੀ ਰਹਿਨੁਮਾਈ ਕਰਨਗੇ। ਇਸ ਨਾਲ ਵਿਦਿਆਰਥੀਆਂ ਨੂੰ ਸਿੱਖਣ ਦੇ ਵਧੇਰੇ ਵਿਸਤਰਿਤ ਮੌਕੇ ਮਿਲ ਸਕਣਗੇ।
ਇਹ ਅਹਿਦਨਾਮਾ ਆਗਾਮੀ ਪੰਜ ਸਾਲਾਂ ਤਕ ਲਾਗੂ ਰਹੇਗਾ ਅਤੇ ਦੋਹਾਂ ਯੂਨੀਵਰਸਿਟੀਆਂ ਵੱਲੋਂ ਤਿਆਰ ਕੀਤੇ ਵੱਖ ਵੱਖ ਵਿਦਿਅਕ ਕੋਰਸਾਂ ਵਿੱਚ ਇਕਸਾਰਤਾ ਲਿਆਉਣ ਲਈ ਵਿਭਾਗਾਂ ਦੇ ਮੁਖੀਆਂ ਡੀਨ ਪੋਸਟ ਗਰੈਜੂਏਟ ਸਟੱਡੀਜ਼ ਨੂੰ ਕਿਹਾ ਗਿਆ ਹੈ। ਡਾ: ਖੋਖਰ ਨੇ ਦੱਸਿਆ ਕਿ ਕਿਸਾਨੀ ਦੀ ਲੋੜ ਮੁਤਾਬਕ ਦੋਹਾਂ ਯੂਨੀਵਰਸਿਟੀਆਂ ਦੇ ਮਾਹਿਰ ਖੋਜ ਦਾ ਵਿਸ਼ਾ ਤੈਅ ਕਰਨਗੇ। ਡਾ: ਗੁਰਸ਼ਰਨ ਸਿੰਘ ਨੇ ਕਿਹਾ ਕਿ ਅੰਤਰ ਰਾਸ਼ਟਰੀ ਵਿਦਿਆਰਥੀ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਵੱਲੋਂ ਦਾਖਲ ਵਿਦਿਆਰਥੀ ਇਸ ਪ੍ਰੋਗਰਾਮ ਅਧੀਨ ਵੀ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਪਸੀ ਸਹਿਯੋਗ ਰਾਹੀਂ ਚੰਗੇਰੇ ਵਿਗਿਆਨੀ ਪੈਦਾ ਕਰਨ ਵੱਲ ਕਦਮ ਪੁੱਟੇ ਜਾ ਸਕਦੇ ਹਨ।