ਨਵੀਂ ਦਿੱਲੀ- ਬਾਲੀਵੁੱਡ ਐਕਟਰ ਸੰਜੇ ਦੱਤ ਨੂੰ ਸੀਬੀਆਈ ਨੇ ਤਕੜਾ ਝਟਕਾ ਦਿੰਦੇ ਹੋਏ ਕਿਹਾ ਹੈ ਕਿ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਦੋਸ਼ੀ ਠਹਿਰਾਏ ਜਾਣ ਦੇ ਫੇਸਲੇ ਨੂੰ ਬਰਕਰਾਰ ਰੱਖਿਆ ਜਾਵੇ।
ਆਰਮਜ਼ ਐਕਟ ਦੇ ਤਹਿਤ ਦੋਸ਼ੀ ਠਹਿਰਾਏ ਜਾਣ ਦੇ ਖਿਲਾਫ ਸੰਜੇ ਦੱਤ ਵੱਲੋਂ ਸੁਪਰੀਮ ਕੋਰਟ ਵਿੱਚ ਦਾਇਰ ਅਰਜ਼ੀ ਤੇ ਸੁਣਵਾਈ ਦੌਰਾਨ ਸੀਬੀਆਈੇ ਨੇ ਅਦਾਲਤ ਤੋਂ ਇਹ ਮੰਗ ਕੀਤੀ ਕਿ ਉਸ ਸਬੰਧੀ ਪਹਿਲਾਂ ਦਿੱਤੇ ਗਏ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਬੰਬ ਧਮਾਕਿਆਂ ਵਿੱਚ ਦੋਸ਼ੀ ਮੰਨਿਆ ਜਾਵੇ। ਅਰਥਾਤ ਉਸ ਦੀ 6 ਸਾਲ ਦੀ ਸਜ਼ਾ ਨੂੰ ਕਾਇਮ ਰੱਖਿਆ ਜਾਵੇ।ਸੀਬੀਆਈ ਨੇ ਉਨ੍ਹਾਂ ਦੇ ਖਿਲਾਫ਼ ਟਾਡਾ ਦੇ ਕੇਸ ਚਲਾਉਣ ਤੇ ਜੋਰ ਨਹੀਂ ਦਿੱਤਾ। ਸੀਬੀਆਈ ਨੂੰ ਟਾਡਾ ਐਕਟ ਦੇ ਤਹਿਤ ਲਗਾਏ ਗਏ ਅਰੋਪਾਂ ਤੋਂ ਸੰਜੇ ਦੱਤ ਨੂੰ ਬਰੀ ਕੀਤੇ ਜਾਣ ਤੇ ਕੋਈ ਸਮਸਿਆ ਨਹੀਂ ਹੈ। ਸੰਜੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਸ ਕੋਲ ਸਿਤੰਬਰ 1992 ਤੋਂ ਹੀ 9 ਐਮਐਮ ਦੀ ਪਿਸਟਲ ਮੌਜੂਦ ਸੀ ਅਤੇ ਉਸ ਕੋਲੋਂ ਕੋਈ ਵੀ ਗੋਲਾ-ਬਰੂਦ ਜਾਂ ਹੱਥਿਆਰ ਬਰਾਮਦ ਨਹੀਂ ਹੋਏ।
ਵਰਨਣਯੋਗ ਹੈ ਕਿ1993 ‘ਚ ਮੁੰਬਈ ਵਿੱਚ ਹੋਏ ਬੰਬ ਧਮਾਕਿਆਂ ਦੇ ਬਾਅਦ ਮਾਰਸਿ਼ਸ ਤੋਂ ਸ਼ੂਟਿੰਗ ਕਰਕੇ ਵਾਪਿਸ ਪਰਤੇ ਸੰਜੇ ਦੱਤ ਨੂੰ ਮੁੰਬਈ ਪਹੁੰਚਦੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸੰਜੇ ਨੂੰ 18 ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ ਸੀ। ਉਸ ਤੋਂ ਬਾਅਦ ਕੁਝ ਸ਼ਰਤਾਂ ਤੇ ਉਸ ਨੂੰ ਜਮਾਨਤ ਦੇ ਦਿੱਤੀ ਗਈ ਸੀ। 12 ਮਾਰਚ, 1993 ਨੂੰ ਮੁੰਬਈ ਵਿੱਚ ਕਈ ਧਮਾਕੇ ਹੋਏ ਸਨ। ਇਨ੍ਹਾਂ ਧਮਾਕਿਆਂ ਵਿੱਚ 257 ਲੋਕ ਮਾਰੇ ਗਏ ਸਨ ਅਤੇ 713 ਜਖਮੀ ਹੋਏ ਸਨ। ਇਸ ਮਾਮਲੇ ਵਿੱਚ 123 ਲੋਕਾਂ ਤੇ ਮੁਕੱਮੇ ਚਲੇ ਸਨ, ਪਰ ਟਾਡਾ ਕੋਰਟ ਨੇ 100 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਬਾਕੀਆਂ ਨੂੰ ਬਰੀ ਕਰ ਦਿੱਤਾ ਸੀ।