ਨਵੀਂ ਦਿੱਲੀ- ਸੰਸਦ ਵਿੱਚ ਵਿਰੋਧੀ ਧਿਰ ਵੱਲੋਂ ਕੋਇਲਾ ਘੋਟਾਲੇ ਦੇ ਸਬੰਧ ਵਿੱਚ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਅਸਤੀਫ਼ੇ ਦੀ ਮੰਗ ਤੇ ਅੜੇ ਰਹਿਣ ਦੀ ਜਿਦ ਦੇ ਸਾਹਮਣੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਖਤ ਰਵਈਏ ਕਰਕੇ ਰਾਜਨੀਤਕ ਸੰਕਟ ਹੋਰ ਵੱਧ ਗਿਆ ਹੈ।ਸੋਨੀਆ ਨੇ ਵਿਰੋਧੀ ਧਿਰ ਦੀ ਜਿਦ ਅੱਗੇ ਨਾਂ ਝੁਕਣ ਦੀ ਨਸੀਅਤ ਤੋਂ ਬਾਅਦ ਕਾਂਗਰਸੀਆਂ ਦੇ ਤੇਵਰ ਹੋਰ ਵੀ ਸਖਤ ਹੋ ਗਏ ਹਨ ਅਤੇ ਹੁਣ ਇਸ ਮਸਲੇ ਦੇ ਸੋਮਵਾਰ ਤੋਂ ਪਹਿਲਾਂ ਹੱਲ ਹੋਣ ਦੇ ਆਸਾਰ ਨਜ਼ਰ ਨਹੀਂ ਆਉਂਦੇ।
ਭਾਜਪਾ ਵੱਲੋਂ ਪ੍ਰਧਾਨਮੰਤਰੀ ਦੇ ਅਸਤੀਫ਼ੇ ਤੋਂ ਘੱਟ ਕਿਸੇ ਵੀ ਗੱਲ ਤੇ ਸਹਿਮੱਤ ਨਾਂ ਹੋਣ ਦੇ ਅੜੀਅਲ ਰਵਈਏ ਤੋਂ ਖਫ਼ਾ ਹੋਈ ਸੋਨੀਆਂ ਨੇ ਆਪਣੇ ਸੰਸਦ ਮੈਂਬਰਾਂ ਨੂੰ ਇਹ ਤਾਕੀਦ ਕੀਤੀ ਹੈ ਕਿ ਕਿਸੇ ਤਰ੍ਹਾਂ ਦੇ ਦਬਾਅ ਹੇਠਾਂ ਨਾਂ ਆਇਆ ਜਾਵੇ। ਉਨ੍ਹਾਂ ਨੇ ਕਾਂਗਰਸ ਸੰਸਦੀ ਦਲ ਦੀ ਬੈਠਕ ਵਿੱਚ ਇਹ ਸਪੱਸ਼ਟ ਤੌਰ ਤੇ ਕਿਹਾ, ‘ਵਿਰੋਧੀ ਧਿਰ ਦਾ ਤਰੀਕਾ ਸਰਾਸਰ ਗਲਤ ਹੈ ਅਤੇ ਸਰਕਾਰ ਨੂੰ ਬਚਾਅ ਕਰਨ ਦੀ ਕੋਈ ਜਰੂਰਤ ਨਹੀਂ ਹੈ। ਇਸ ਲਈ ਸਾਨੂੰ ਵੀ ਹਮਲਾਵਰ ਰੁੱਖ ਹੀ ਅਪਨਾਉਣਾ ਚਾਹੀਦਾ ਹੈ।’ ਸੋਨੀਆਂ ਦੀ ਹੱਲਾਸ਼ੇਰੀ ਤੋਂ ਬਾਅਦ ਕਾਂਗਰਸੀ ਮੰਤਰੀਆਂ ਅਤੇ ਸਾਂਸਦਾਂ ਨੇ ਭਾਜਪਾ ਦੇ ਖਿਲਾਫ਼ ਸ਼ਰੇਆਮ ਮੋਰਚਾ ਖੋਲ੍ਹ ਦਿੱਤਾ ਹੈ। ਇਸ ਨਾਲ ਤਣਾਅ ਹੋਰ ਵੀ ਵੱਧ ਰਿਹਾ ਹੈ। ਕਾਂਗਰਸ ਨੇ ਜੇਪੀਸੀ ਦੇ ਮੁੱਖੀ ਪੀਸੀ ਚਾਕੋ ਨੂੰ ਬੁਲਾਰਾ ਬਣਾ ਕੇ ਇਸ ਦੇ ਸੰਕੇਤ ਦੇ ਦਿੱਤੇ ਹਨ।
ਰਾਜ ਸੱਭਾ ਅਤੇ ਲੋਕ ਸੱਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਭਾਜਪਾ ਅਤੇ ਉਸ ਦੇ ਸਹਿਯੋਗੀ ਦਲਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਸੀ। ਕਾਂਗਰਸ ਸਾਂਸਦਾਂ ਨੇ ਵੀ ਕੋਇਲਾ ਬਲਾਕ ਵੰਡਣ ਤੇ ਭਾਜਪਾ ਸਮੇ ਵਿਰੋਧੀ ਦਲਾਂ ਦੀਆਂ ਰਾਜ ਸਰਕਾਰਾਂ ਨੂੰ ਘੇਰੇ ਵਿੱਚ ਲੈਂਦੇ ਹੋਏ ਵਿਰੋਧੀ ਧਿਰ ਨੂੰ ਸੰਸਦ ਵਿੱਚ ਚਰਚਾ ਕਰਵਾਉਣ ਦੀ ਚੁਣੌਤੀ ਦਿੱਤੀ। ਸਿ਼ੰਦੇ ਨੇ ਵੀ ਸੁਸ਼ਮਾ ਸਵਰਾਜ ਨੂੰ ਮਿਲ ਕੇ ਕੋਈ ਰਾਹ ਕੱਢਣ ਦਾ ਯਤਨ ਕੀਤਾ ਪਰ ਬੀਜੇਪੀ ਨੇ ਕਿਹਾ ਕਿ ਉਹ ਸੋਮਵਾਰ ਨੂੰ ਆਪਣੀ ਰਣਨੀਤੀ ਤੈਅ ਕਰੇਗੀ।