ਲੁਧਿਆਣਾ:-‘‘ਲਗਾਤਾਰ ਵਧ ਰਹੇ ਪ੍ਰਦੂਸ਼ਣ, ਰਸਾਇਣਾਂ ਦੇ ਨਾਲ ਵਾਤਾਵਰਨ ਗੰਭੀਰ ਹੱਦ ਤਕ ਪਲੀਤ ਹੋ ਰਿਹਾ ਹੈ ਅਤੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਜੰਗਲਾਤ ਅਹਿਮ ਰੋਲ ਅਦਾ ਕਰ ਸਕਦੇ ਹਨ।’’ ਇਹ ਸ਼ਬਦ ਪੰਜਾਬ ਦੇ ਗ੍ਰਹਿ ਸਕੱਤਰ-ਕਮ-ਜੰਗਲਾਤ ਅਤੇ ਵਣ ਜੀਵਨ ਵਿਭਾਗ ਦੇ ਵਿੱਤ ਕਮਿਸ਼ਨਰ ਸ਼੍ਰੀ ਡੀ ਐਸ ਬੈਂਸ ਨੇ ਆਪਣੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੌਰੇ ਦੌਰਾਨ ਕਹੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਜੰਗਲਾਤ ਵਿਭਾਗ ਦੇ ਚੀਫ ਕੰਜ਼ਰਵੇਟਰ ਸ਼੍ਰੀ ਐਚ ਐਸ ਗੁਜਰਾਲ ਅਤੇ ਲੁਧਿਆਣਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਤਿਵਾੜੀ ਵੀ ਹਾਜ਼ਰ ਸਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਵਣ ਮਹਾਂਉਤਸਵ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਟ੍ਰੇਨਿੰਗ ਹਾਸਿਲ ਕਰ ਰਹੇ ਫੌਰੈਸਟ ਗਾਰਡਾਂ ਨੇ 200 ਤੋਂ ਵੱਧ ਪੌਦੇ ਵੀ ਲਗਾਏ।
ਇਸ ਮੌਕੇ ਸ਼੍ਰੀ ਬੈਂਸ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹਰਿਆ ਭਰਿਆ ਬਣਾਉਣ ਲਈ ਬੀਤੇ ਦਿਨੀਂ ਫਾਜ਼ਿਲਕਾ ਤੋਂ ਇਕ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਆਉਣ ਵਾਲੇ ਸਾਲ ਦੌਰਾਨ 40 ਕਰੋੜ ਤੋਂ ਵੀ ਵੱਧ ਪੌਦੇ ਲਗਾਉਣ ਦਾ ਟੀਚਾ ਹੈ। ਉਨ੍ਹਾਂ ਟ੍ਰੇਨਿੰਗ ਹਾਸਿਲ ਕਰ ਰਹੇ ਗਾਰਡਾਂ ਨੂੰ ਵਧਾਈ ਦਿੱਤੀ ਕਿ ਉਹ ਦੇਸ਼ ਦੀ ਨਾਮੀ ਯੂਨੀਵਰਸਿਟੀ ਤੋਂ ਸਿਖਲਾਈ ਹਾਸਿਲ ਕਰ ਰਹੇ ਹਨ। ਸ਼੍ਰੀ ਗੁਜਰਾਲ ਅਤੇ ਸ਼੍ਰੀ ਤਿਵਾੜੀ ਨੇ ਵੀ ਵਾਤਾਵਰਨ ਦੀ ਸਾਂਭ-ਸੰਭਾਲ ਸੰਬੰਧੀ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਪੰਜਾਬ ਸੂਬੇ ਵਿੱਚ ਜੰਗਲਾਤ ਦਾ ਅਨੁਪਾਤ ਲੋੜੀਂਦੇ ਜੰਗਲਾਤ ਨਾਲੋਂ ਘੱਟ ਹੈ। ਜੰਗਲਾਤ ਦਾ ਖੇਤਰ ਘੱਟ ਹੋਣ ਕਾਰਨ ਵਾਤਾਵਰਨ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਆਰੰਭ ਹੁੰਦੀਆਂ ਹਨ। ਉਨ੍ਹਾ ਆਸ ਜਤਾਈ ਕਿ ਵਿੱਢੀ ਗਈ ਇਸ ਮੁਹਿੰਮ ਨਾਲ ਪੰਜਾਬ ਸੂਬੇ ਵਿੱਚ 7 ਤੋਂ 15 ਫੀ ਸਦੀ ਤਕ ਜੰਗਲਾਤ ਦੇ ਖੇਤਰ ਵਿੱਚ ਵਾਧਾ ਹੋਵੇਗਾ। ਯੂਨੀਵਰਸਿਟੀ ਦੇ ਜੰਗਲਾਤ ਅਤੇ ਕੁਦਰਤੀ ਸੋਮਿਆਂ ਵਿਭਾਗ ਦੇ ਮੁਖੀ ਡਾ: ਅਵਤਾਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਤੌਰ ਤੇ ਰੁੱਖਾਂ ਦੀ ਨਰਸਰੀ ਤਿਆਰ ਕੀਤੀ ਜਾ ਰਹੀ ਹੈ।