ਨਵੀਂ ਦਿੱਲੀ :- ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ, ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ 12ਵੀਂ ਅਤੇ ਉਨ੍ਹਾਂ ਦੇ ਸਾਹਿਬਜ਼ਾਦੇ ਸੂਰਜ ਮਲ ਜੀ ਦੀ 11ਵੀਂ ਅੰਸ ਹਨ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪਵਿਤ੍ਰ ਸ਼ਸਤਰ, ਜਿਨ੍ਹਾਂ ਵਿੱਚ ਉਨ੍ਹਾਂ ਦੀ ਸੁਨਹਿਰੀ ਮੁੱਠ ਵਾਲੀ ਕਿਰਪਾਨ ਅਤੇ ਢਾਲ ਸ਼ਾਮਲ ਹਨ, ਕਿਸੇ ਅਜਿਹੀ ਸਿੱਖ ਸੰਸਥਾ ਨੂੰ ਸੌਂਪਣਾ ਚਾਹੁੰਦੇ ਹਨ, ਜੋ ਉਨ੍ਹਾਂ ਦੀ ਸੁਚੱਜੀ ਸੇਵਾ-ਸੰਭਾਲ ਕਰ ਸਕੇ। ਜਸਟਿਸ ਸੋਢੀ ਨੇ ਦਸਿਆ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪਰਿਵਾਰ ਨਾਲ ਸਬੰਧਤ ਹਰ ਸੋਢੀ ਪਾਸ ਗੁਰੁ ਸਾਹਿਬ ਦੇ ਸ਼ਸਤਰ ਅਤੇ ਹੋਰ ਨਿਸ਼ਾਨੀਆਂ ਸਨ। ਜਿਨ੍ਹਾਂ ਵਿਚੋਂ ਕਈ ਤਾਂ ਵੇਚ ਦਿੱਤੀਆਂ ਗਈਆਂ ਅਤੇ ਕਈ ਲੋੜੀਂਦੀ ਸੇਵਾ-ਸੰਭਾਲ ਨਾ ਹੋ ਸਕਣ ਕਾਰਣ ਰੁਲ ਗਈਆਂ ਹਨ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਬਜ਼ੁਰਗਾਂ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਕਿਰਪਾਨ ਅਤੇ ਢਾਲ ਨੂੰ ਅਣਮੁਲੇ ਖਜ਼ਾਨੇ ਵਾਂਗ ਸੰਭਾਲ ਕੇ ਰਖਿਆ। ਹੁਣ ਉਹ ਸਮਝਦੇ ਹਨ ਕਿ ਉਨ੍ਹਾਂ ਤੋਂ ਬਾਅਦ ਸ਼ਾਇਦ ਪਰਿਵਾਰ ਵਲੋਂ ਇਨ੍ਹਾਂ ਪਵਿਤ੍ਰ ਸ਼ਸਤਰਾਂ ਦੀ ਉਸ ਤਰ੍ਹਾਂ ਦੀ ਸੰਭਾਲ ਨਾ ਕੀਤੀ ਜਾ ਸਕੇ, ਜਿਸਤਰ੍ਹਾਂ ਦੀ ਸੰਭਾਲ ਇਨ੍ਹਾਂ ਦੀ ਕੀਤੀ ਜਾਣੀ ਚਾਹੀਦੀ ਹੈ। ਇਸੇ ਕਾਰਣ ਉਹ ਇਨ੍ਹਾਂ ਪਵਿਤ੍ਰ ਨਿਸ਼ਾਨੀਆਂ ਦੀ ਸੌਂਪਣਾ, ਕਿਸੇ ਅਜਿਹੀ ਸਿੱਖ ਸੰਸਥਾ ਨੂੰ ਕਰਨਾ ਚਾਹੁੰਦੇ ਹਨ, ਜੋ ਇਨ੍ਹਾਂ ਦਾ ਬਣਦਾ ਸਤਿਕਾਰ ਕਾਇਮ ਰਖਦਿਆਂ ਇਨ੍ਹਾਂ ਦੀ ਸੇਵਾ-ਸੰਭਾਲ ਕਰ ਸਕੇ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪਵਿਤ੍ਰ ਸ਼ਸਤਰ ਸਿੱਖ ਸੰਸਥਾ ਨੂੰ ਸੌਂਪਣਾ ਚਾਹੁੰਦੇ ਹਨ-ਸੋਢੀ
This entry was posted in ਭਾਰਤ.