ਅੰਮ੍ਰਿਤਸਰ:-ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਸ੍ਰੀ ਅੰਮ੍ਰਿਤਸਰ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਅਤੇ ਸਰਕਾਰੀ / ਗੈਰ ਸਰਕਾਰੀ ਸਕੂਲਾਂ / ਕਾਲਜਾਂ ਵਿਖੇ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਦੁਨਿਆਂਵੀ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਦੇਣ ਦੇ ਮਨੋਰਥ ਨਾਲ ਹਰ ਸਾਲ ਨਵੰਬਰ ਮਹੀਨੇ ਵਿੱਚ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਲਈ ਸਮੂਹ ਸਕੂਲਾਂ / ਕਾਲਜਾਂ ਦੇ ਮੁਖੀਆਂ / ਪ੍ਰਬੰਧਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪੋ-ਆਪਣੇ ਵਿਦਿਅਕ ਅਦਾਰਿਆਂ ਵਿੱਚੋਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਨਵੰਬਰ 2012 ਵਿਚ ਹੋਣ ਵਾਲੀ ਇਸ ਪ੍ਰੀਖਿਆ ਵਿਚ ਸ਼ਾਮਲ ਕਰਨ / ਕਰਵਾਉਣ ਦਾ ਉਪਰਾਲਾ ਕਰਨ।
ਪ੍ਰੈਸ ਰਲੀਜ਼ ‘ਚ ਜਾਣਕਾਰੀ ਦੇਂਦਿਆਂ ਧਰਮ ਪ੍ਰਚਾਰ ਕਮੇਟੀ ਦੇ ਐਡੀਸ਼ਨਲ ਸਕੱਤਰ ਸ.ਸਤਬੀਰ ਸਿੰਘ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਯੋਗ ਅਗਵਾਈ ਵਿੱਚ ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰਿਖਿਆ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਨਾਲ ਸੰਬਧਤ ਸਿਲੇਬਸ ਅਤੇ ਦਾਖਲਾ ਫਾਰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬ ਸਾਈਟ ਾ.ਸਗਪਚ.ਨੲਟ ਤੋਂ ਡਾਊਨਲੋਡ, ਈ-ਮੇਲ ਦਪ_ਦਪਚ੍ੇੳਹੋ.ਚੋਮ ਰਾਹੀਂ ਜਾਂ ਧਾਰਮਿਕ ਪ੍ਰੀਖਿਆ ਵਿਭਾਗ, ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਸ੍ਰੀ ਅੰਮ੍ਰਿਤਸਰ ਤੋਂ ਪ੍ਰਾਪਤ ਕਰਕੇ ਮਿਤੀ 30 ਸਤੰਬਰ 2012 ਤੀਕ ਪ੍ਰੀਖਿਆ ਵਿਭਾਗ ਵਿਖੇ ਡਾਕ ਰਾਹੀਂ ਜਾਂ ਦਸਤੀ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਦਰਜਾ ਪਹਿਲਾ ਲਈ 6ਵੀਂ ਕਲਾਸ ਤੋਂ 8ਵੀਂ ਕਲਾਸ, ਦਰਜਾ ਦੂਜਾ ਲਈ 9ਵੀਂ ਤੋਂ 10+2 ਕਲਾਸ, ਦਰਜਾ ਤੀਜਾ ਲਈ ਗ੍ਰੈਜੂਏਸ਼ਨ ਅਤੇ ਦਰਜਾ ਚੌਥਾ ਲਈ ਪੋਸਟ ਗ੍ਰੈਜੂਏਸ਼ਨ ਕਲਾਸ ਵਿੱਚ ਰੈਗੂਲਰ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ ਅਤੇ ਪ੍ਰੀਖਿਆ ਵਿੱਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 1100, 2100, 3100 ਅਤੇ 4100/- ਰੁਪਏ ਸਲਾਨਾ ਵਜੀਫ਼ਾ ਅਤੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਜੀਫ਼ੇ ਤੋਂ ਇਲਾਵਾ ਕ੍ਰਮਵਾਰ 2100, 1500 ਅਤੇ 1100/- ਰੁਪਏ ਵਿਸ਼ੇਸ਼ ਇਨਾਮ ਵਜੋਂ ਦਿੱਤੇ ਜਾਣਗੇ। ਉਨ੍ਹਾਂ ਹੋਰ ਕਿਹਾ ਕਿ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਦਰਜੇ ਵਾਰ 5, 10, 15 ਅਤੇ 20 ਰੁਪਏ ਕੇਵਲ ਪ੍ਰਤੀ ਵਿਦਿਆਰਥੀ ਦਾਖਲਾ ਫੀਸ ਨਿਰਧਾਰਿਤ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੈਲੀਫੂਨ ਨੰਬਰ 2553956 ਤੋਂ ਧਾਰਮਿਕ ਪ੍ਰੀਖਿਆ ਵਿਭਾਗ (ਧਰਮ ਪ੍ਰਚਾਰ ਕਮੇਟੀ) ਦੇ ਐਕਸ਼ਟੈਂਸ਼ਨ ਨੰਬਰ 305 ਜਾਂ ਮੋਬਾਈਲ ਨੰਬਰ 97819-93788 ਅਤੇ 99149-00516 ਨਾਲ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਵਿਦਿਅਕ ਅਦਾਰੇ ਦੇ ਮੁਖੀ ਜਾਂ ਧਾਰਮਿਕ ਅਧਿਆਪਕ ਦੀ ਤਸਦੀਕ ‘ਤੇ ਸਿਲੇਬਸ ਅਨੁਸਾਰ ਦਰਜਾ ਪਹਿਲਾ ਲਈ ਤਿਆਰ ਕਰਵਾਈ ਗਈ ਪੁਸਤਕ ‘ਗੁਰਮਤਿ ਗਿਆਨ’ (ਭਾਗ ਪਹਿਲਾ) ਵਿਦਿਆਰਥੀਆਂ ਨੂੰ ਨਿਰਧਾਰਿਤ ਕੀਮਤ 60/- ਰੁਪਏ ਦੀ ਬਜਾਏ ਅੱਧੀ ਕੀਮਤ ਭਾਵ 30/- ਰੁਪਏ ਵਿੱਚ ਦਿੱਤੀ ਜਾਵੇਗੀ।