ਅੰਮ੍ਰਿਤਸਰ :- ਜੰਮੂ ਕਸ਼ਮੀਰ ਅੰਦਰ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਸੰਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਨੇ ਇੱਕ ਵਿਸ਼ਥਾਰਤ ਰਿਪੋਰਟ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਹੈ। ਸ. ਦਲਮੇਘ ਸਿੰਘ ਜੋ ਹਾਲ ਹੀ ਵਿਚ ਜੰਮੂ ਕਸ਼ਮੀਰ ਅੰਦਰ ਵੱਸਦੇ ਸਿੱਖਾਂ ਦੇ ਮਸਲਿਆਂ ਸੰਬੰਧੀ ਹੋਈ ਮੀਟਿੰਗ ਵਿਚ ਹਿੱਸਾ ਲੈ ਕੇ ਆਏ ਹਨ, ਨੇ ਆਪਣੀ ਵਿਸ਼ੇਸ਼ ਰਿਪੋਰਟ ਵਿਚ ਕਿਹਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਜੰਮੂ ਕਸ਼ਮੀਰ ਵਿਚ ਵੱਸਦੇ ਸਿੱਖਾਂ ਨੇ ਸਿੱਖੀ ਸਰੂਪ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਪਰ ਸਥਾਨਕ ਸਿੱਖ ਉਥੋਂ ਦੇ ਹਾਲਾਤਾਂ ਕਾਰਨ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸਿੱਖਾਂ ਨੂੰ ਕਾਰੋਬਾਰ ਕਰਨ ਸਮੇਂ ਕਈ ਪ੍ਰਕਾਰ ਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟ ਵਿਚ ਉਨ੍ਹਾਂ ਦੱਸਿਆ ਹੈ ਕਿ ਪਹਿਲਾਂ ਸਰਕਾਰੀ ਅਦਾਰਿਆਂ ਵਿਚ ਸਿੱਖਾਂ ਨੂੰ ਪੰਜਾਬੀ ਅਧਿਆਪਕਾਂ ਵਜੋਂ ਨੌਕਰੀ ਮਿਲ ਜਾਂਦੀ ਸੀ ਪਰ ਹੁਣ ਹਾਲਤ ਇਹ ਹੈ ਕਿ 1988 ਵਿਚ ਸੱਤ ਕਾਲਜਾਂ ਅੰਦਰ ਸੱਤ ਪੋਸਟਾਂ ਸਨ, 2011 ਵਿਚ ਇਹ ਪੰਝੀ ਕਾਲਜ ਹੋਣ ਦੇ ਬਾਵਜੂਦ ਸਿਰਫ ਦੋ ਪੋਸਟਾਂ ਹੀ ਰਹਿ ਗਈਆਂ ਹਨ। ਅਜਿਹੇ ਫੈਸਲੇ ਵਿਚੋਂ ਸਿੱਖ ਵਿਰੋਧੀ ਤਸਵੀਰ ਸਾਫ ਝਲਕਦੀ ਹੈ।
ਜੰਮੂ ਕਸ਼ਮੀਰ ਦੀ ਸਰਕਾਰ ਜਿੰਨਾ ਚਿਰ ਅਸੈਂਬਲੀ ਵਿਚ ਨੋਟੀਫਿਕੇਸ਼ਨ ਪਾਸ ਨਹੀਂ ਕਰਦੀ ਓਨਾ ਚਿਰ ਸਿੱਖਾਂ ਨੂੰ ਮਨਿਓਰਿਟੀ ਸਟੇਟਸ ਨਹੀਂ ਮਿਲ ਸਕਦਾ, ਕਿਉਂਕਿ ਭਾਰਤੀ ਸੰਵਿਧਾਨ ਦੀ ਧਾਰਾ 370 ਜੰਮੂ ਅਤੇ ਕਸ਼ਮੀਰ ਵਿਚ ਲਾਗੂ ਹੈ।
ਰਿਪੋਰਟ ਵਿਚ ਉਨ੍ਹਾਂ ਦੱਸਿਆ ਹੈ ਕਿ ਸਿੱਖਾਂ ਦੀ ਆਰਥਿਕ ਹਾਲਤ ਖੇਤੀ, ਨੌਕਰੀ, ਟਰਾਂਸਪੋਰਟ ਤੋਂ ਵਿਹੂਣੇ ਹੋਣ ਕਾਰਨ ਨਿੱਘਰ ਰਹੀ ਹੈ। ਸਿੱਖਾਂ ਵਿੱਚ ਬੇਗਾਨਗੀ ਦਾ ਅਹਿਸਾਸ ਮਹਿਸੂਸ ਕੀਤਾ ਜਾ ਰਿਹਾ ਹੈ ਅਤੇ ਉਹ ਕਸ਼ਮੀਰ ਛੱਡ ਰਹੇ ਹਨ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਿਪੋਰਟ ਦੇ ਤੱਥਾਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਸਰਕਾਰ ਅਤੇ ਕੇਂਦਰ ਨੂੰ ਇਸ ਦੁਖਾਂਤ ਭਰੇ ਪਹਿਲੂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨਨ ਬਣਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਹਿਜਰਤ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੈਂ ਇਸ ਸਬੰਧੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਜਲਦ ਮਿਲਾਂਗਾ।