ਸਰੀ-ਪਿਛਲੇ ਦਿਨੀ ਸਰੀ, ਬੀ ਸੀ, ਕੈਨੇਡਾ ਦੇ ਵਾਇਸਰਾਏ ਬੈਂਕਟ ਹਾਲ ਵਿਚ ਹੋਏ ਸੱਭਿਆਚਾਰਕ ਸੁੰਦਰਤਾ ਮੁਕਾਬਲੇ “ ਮਿਸ ਕੈਨੇਡਾ ਪੰਜਾਬਣ ਵੈਨਕੁਵਰ 2012” ਦਾ ਤਾਜ਼ ਕੈਨੇਡਾ ਦੀ ਜੰਮੀ ਜਾਈ ਖੂਬਸੂਰਤ ਤੇ ਖੂਬਸੀਰਤ ਪੰਜਾਬੀ ਮੁਟਿਆਰ ਸਮਨਪ੍ਰੀਤ ਕੌਰ ਚੰਦੀ ਦੇ ਸਿਰ ਸਜਿਆ। ਦੂਸਰੇ ਤੇ ਤੀਸਰੇ ਨੰਬਰ ਤੇ ਆਉਣ ਵਾਲੀਆਂ ਮੁਟਿਆਰਾਂ, ਜਸਮੀਨ ਜੋਹਲ ਤੇ ਪਰਮ ਰੂਪ ਕੌਰ ਦਾ ਜਨਮ ਵੀ ਕੈਨੇਡਾ ਵਿਚ ਹੋਇਆ ਹੈ । ਦਿਲਚਸਪ ਗਲ ਇਹ ਹੈ ਕਿ ਕੈਨੇਡਾ ਵਾਂਗ ਇਸ ਸਾਲ ਵਿਚ ਹੁਣ ਤਕ ਹੋਏ ਅਸਟਰੇਲੀਆ, ਅਮਰੀਕਾ, ਯੂਰਪ ਵਿਚ ਹੋਏ ਸਾਰੇ “ਪੰਜਾਬਣ” ਮੁਕਾਬਲਿਆਂ ਦੀਆਂ ਜੇਤੂ ਮੁਟਿਆਰਾਂ ਵੀ ਅਪਣੇ ਅਪਣੇ ਦੇਸ਼ ਵਿਚ ਜੰਮੀਆਂ ਤੇ ਪਲੀਆਂ ਹਨ ਤੇ ਸਬੱਬ ਨਾਲ ਸਭਨਾਂ ਦੇ ਕੱਦ ਵੀ ਇਕੋ ਜਿਹੇ ਪੰਜ ਫੁਟ ਨੌਂ ਇੰਚ ਹਨ ।
ਸੱਭਿਆਚਾਰਕ ਸੱਥ ਪੰਜਾਬ ਭਾਰਤ ਦੀ ਕੈਨੇਡਾ ਇਕਾਈ ਵਲੋਂ ਬ੍ਰਿਟਿਸ਼ ਕੋਲੰਬੀਆ ਦੀਆਂ ਮਹੱਤਵਪੂਰਨ ਸ਼ਖਸੀਅਤਾਂ ਦੀ ਹਾਜ਼ਰੀ ਵਿਚ ਕਰਵਾਏ ਇਸ ਮੁਕਾਬਲੇ ਵਿਚ ਰਮਨਦੀਪ ਕੌਰ ਚੀਮਾਂ ਨੇ ਗਿਧਿਆ ਦੀ ਰਾਣੀ, ਰਾਜਦੀਪ ਧਾਲੀਵਾਲ ਨੇ ਖੂਬਸੂਰਤ ਲੋਕ ਨਾਚ, ਅਮ੍ਰਿਤ ਡਡਵਾਲ ਨੇ ਗੁਣਵੰਤੀ ਪੰਜਾਬਣ ਤੇ ਕਿਰਪਨ ਪ੍ਰੀਤ ਢਿਲੋਂ ਨੇ ਸੁਘੜ ਸਿਆਣੀ ਪੰਜਾਬਣ ਦੇ ਸਬ ਟਾਈਟਲ ਜਿੱਤੇ ।ਇਸ ਮੁਕਾਬਲੇ ਦੀ ਜੇਤੂ ਸਮਨਪ੍ਰੀਤ ਚੰਦੀ ਨੂੰ ਬਾਰਵੇਂ ਅੰਤਰ-ਰਾਸ਼ਟਰੀ ਵਿੱਲਖਣ ਸੁੰਦਰਤਾ ਮੁਕਾਬਲੇ “ ਮਿਸ ਵਰਲਡ ਪੰਜਾਬਣ 2012” ਵਿਚ ਭਾਗ ਲੈਣ ਲਈ ਭਾਰਤ ਆਉਣ ਜਾਣ ਦੀ ਮੁਫਤ ਹਵਾਈ ਟਿਕਟ ਪੁਰਬਾ ਕਸਟਮ ਫਰਨੀਚਰ ਸਰੀ ਵਲੋਂ ਦਿਤੀ ਜਾਵੇਗੀ । ਨਕਦ ਇਨਾਮਾਂ ਤੋਂ ਇਲਾਵਾ ਇਹਨਾਂ ਪੰਜਾਬਣਾਂ ਨੂੰ ਰਵਾਇਤੀ ਪੰਜਾਬੀ ਗਹਿਣੇ, ਟਰਾਫੀਆਂ , ਨੀਲੀਬਾਰ ਵਲੋਂ ਫੁਲਕਾਰੀ ਸੂਟ ਦੇਕੇ ਸਨਮਾਨਿਆਂ ਗਿਆਂ। ਇਸ ਮੁਕਾਬਲੇ ਦਾ ਨਿਰਣਾ ਕਰਨ ਲਈ ਫਿਲਮ ਚੰਨ ਪਰਦੇਸ਼ੀ ਦੇ ਲੇਖਕ ਤੇ ਨਿਰਮਾਤਾ ਬਲਦੇਵ ਗਿਲ, ਵੀਡੀਓ ਫਿਲਮਾਂ ਦੇ ਨਿਰਦੇਸ਼ਕ ਪ੍ਰਮੋਦ ਰਾਣਾ ਸ਼ਰਮਾ, ਪ੍ਰਸਿੱਧ ਗੀਤਕਾਰ ਸ਼ਾਹੀ ਬੋਇਲ, ਲੇਖਿਕਾ ਪ੍ਰੋ: ਹਰਿੰਦਰ ਕੌਰ ਸੋਹੀ ਅਤੇ ਬਲਵਿੰਦਰ ਕੌਰ ਮਾਨ ਹਾਜ਼ਰ ਸਨ।
ਸੱਭਿਆਚਾਰਕ ਸੱਥ ਦੇ ਚੇਅਰਮੈਨ ਅਤੇ ਪ੍ਰੋਗਰਾਮ ਨਿਰਦੇਸ਼ਕ ਸ੍ਰ: ਜਸਮੇਰ ਸਿੰਘ ਢੱਟ ਨੇ ਦਸਿਆ ਕਿ ਪਿਛਲੇ 20 ਸਾਲਾਂ ਤੋਂ ਸਾਡੀ ਲੜਾਈ ਨੰਗੇਜ਼ ਤੇ ਅਸ਼ਲੀਲਤਾ ਖਿਲਾਫ ਜਾਰੀ ਹ,ੈ ਕਿਉਕਿ ਪੰਜਾਬਣ ਦਾ ਮਾਨ ਤੇ ਸ਼ਾਨ ਸਰੀਰਕ ਤੋਰ ਤੇ ਕੱਜੇ ਹੋਣ, ਅਪਣੀ ਬੋਲੀ, ਵਿਰਸੇ ਤੇ ਸੱਭਿਆਚਾਰ ਦੇ ਗਿਆਨ ਤੇ ਲਿਆਕਤ ਵਿਚ ਹੈ । ਉਹਨਾਂ ਦਸਿਆ ਕਿ ਕੈਨੇਡਾ ਦੇ ਉਨਟਾਰੀਓ ਖੇਤਰ ਦੇ ਮਿਸ ਕੈਨੇਡਾ ਪੰਜਾਬਣ ਟੋਰੰਟੋ ਮੁਕਾਬਲੇ 5 ਅਕਤੂਬਰ ਨੂੰ ਮੇਰਾਜ਼ ਕਨਵੈਨਸ਼ਨ ਸੈਂਟਰ ਵਿਖੇ ਸ੍ਰੀ ਸੁੱਖੀ ਨਿੱਝਰ (ਵਤਨੋਂ ਦੂਰ) ਵਲੋਂ ਹਮੇਸ਼ਾਂ ਵਾਂਗ ਅਯੋਜਿਤ ਕੀਤੇ ਜਾਣਗੇ ।ਸੱਥ ਦੀ ਕੈਨੇਡਾ ਇਕਾਈ ਦੇ ਪ੍ਰਧਾਨ ਸ੍ਰੀ ਕੁਲਦੀਪ ਗਿਲ ਨੇ ਆਏ ਮਹਿਮਾਨਾਂ, ਕਲਾਕਾਰਾਂ ਤੇ ਨਿਰਣਾਇਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਕੈਨੇਡਾ ਵੱਸਦੀਆਂ ਬੇਟੀਆਂ ਦੇ ਸਰਬਪੱਖੀ ਵਿਕਾਸ ਲਈ ਇਸਤਰਾਂ ਦੇ ਮੌਕੇ ਦੇਣਾ ਸਾਡਾ ਸਭ ਦਾ ਫਰਜ਼ ਹੈ । ਸੱਥ ਦੇ ਸਕੱਤਰ ਮੋਹਣ ਗਿਲ ਅਤੇ ਪ੍ਰਸਿੱਧ ਮੰਚ ਸੰਚਾਲਕਾ ਮੀਰਾ ਨੇ ਪੂਰੇ ਪ੍ਰੋਗਰਾਮ ਦੀ ਸੰਚਾਲਨਾ ਕੀਤੀ।
ਸੱਥ ਦੇ ਸਰਪਰਸਤ ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸੱਮੁਚੇ ਗਲੋਬ ਤੇ ਵਸਦੇ ਪੰਜਾਬੀਆਂ ਨੂੰ ਅਪਣੀਆਂ ਬੇਟੀਆਂ ਦੀਆਂ ਤਲੀਆਂ’ਚ ਗਿੱਧਾ ਜਿਉਂਦਾ ਰੱਖਣ ਲਈ ਹੋਰ ਵਧੇਰੇ ਮੌਕੇ ਪੈਦਾ ਕਰਨ ਦੀ ਲੋੜ ਹੈ । ਲਿਆਕਤ ਅਤੇ ਸੀਰਤ ਦੇ ਇਸ ਮੁਕਾਬਲੇ ਵਿਚ ਸਾਨੂੰ ਪਰਿਵਾਰਕ ਤੋਰ ਤੇ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਜੁੰਮੇਵਾਰ ਮਹੋਲ ਵਿਚ ਧੀਆਂ ਨੂੰ ਵਿਕਾਸ ਦੇ ਹੋਰ ਮੋਕੇ ਮੁਹੱਈਆਂ ਕਰਵਾਕੇ ਇਸ ਖੇਤਰ ਦੀਆਂ ਮੁਟਿਆਰਾਂ ਨੂੰ ਵਿਸ਼ਵ ਪੱਧਰੀ ਮੁਕਾਬਲੇ ‘ਚ ਸ਼ਾਮਲ ਹੋਣ ਦਾ ਮੋਕਾ ਦਿਤਾ ਜਾ ਸਕੇ । ਸਮਾਗਮ ਵਿਚ ਜਸਦੇਵ ਯਮਲਾ ਨੇ ਗੀਤਾਂ ਨਾਲ ਤੇ ਸ਼ਾਨੇ ਪੰਜਾਬ ਅਕਾਦਮੀ ਦੇ ਬਚਿਆਂ ਨੇ ਭੰਗੜੇ ਨਾਲ ਲੋਕਾਂ ਦਾ ਮੰਨੋਰਜਨ ਵੀ ਕੀਤਾ ।ਸੱਭਿਆਚਾਰਕ ਸੱਥ ਕੈਨੇਡਾ ਵਲੋਂ ਮਿਸ਼ਜ ਲਵਲੀਨ ਪੁਰਬਾ, ਨੇ ਆਏ ਮਹਿਮਾਨਾਂ, ਸਮਾਗਮ ਦੇ ਪ੍ਰਯੋਜਕਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਤੇ ਦੋ ਸਾਲ ਬਾਅਦ ਇਸ ਧਰਤੀ ਤੇ ਫਿਰ ਇਹ ਮੁਕਾਬਲੇ ਕਰਵਾਉਣ ਦਾ ਵਾਅਦਾ ਕੀਤਾ ।
ਇਸ ਸਮਾਗਮ ਸਮੇਂ ਸੱਰੀ ਦੇ ਦੇ ਪ੍ਰਸਿੱਧ ਵਿਅਕਤੀ ਸਰਬ ਸ੍ਰੀ ਅਮਰਜੀਤ ਸਮਰਾ, ਹਰਜਿੰਦਰ ਸਿੰਘ ਚੀਮਾਂ, ਗੁਰਵਿੰਦਰ ਸਿੰਘ ਧਾਲੀਵਾਲ, ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ, ਅਜੀਤ ਗਿੱਲ, ਪ੍ਰਿਤਪਾਲ ਸਿੰਘ ਗਿੱਲ, ਅੰਗਰੇਜ਼ ਬਰਾੜ, ਜੈਸ ਪੁਰਬਾ, ਅਪਰ ਅਪਾਰ ਨਿੱਝਰ ( ਮੈਡੀਸ਼ਨ ਹੈਟ) ਜਤਿੰਦਰ ਔਲਖ, ਸ਼ਗਨਦੀਪ ਕੌਰ, ਜਸਵੀਰ ਜੱਸੀ, ਹੈਰੀ ਜੱਸਲ, ਸੁਰਜੀਤ ਮਾਧੋਪੁਰੀ, ਸ਼ਮੀ ਝੱਜ, ਪਾਲ ਬਰਾੜ ਬੰਬੇ ਬੈਂਕੁਇਟ ਹਾਲ, ਸ਼ੇਮ ਰਖੜਾ, ਦਰਸ਼ਨ ਸੰਘਾਂ, ਹੈਪੀ ਘੁੰਮਣ, ਗੁਰਦਿਆਲ ਸਿੰਘ ਜੋਹਲ,ਤੋਂ ਇਲਾਵਾ ਪੰਜਾਬੀ ਲੇਖਕ ਡਾ: ਸਾਧੂ ਸਿੰਘ, ਸਤੀਸ਼ ਗੁਲਾਟੀ, ਹਰਚੰਦ ਸਿੰਘ ਬਾਗੜੀ, ਨੱਛਤਰ ਸਿੰਘ ਕੱਦੋਂ ਵੀ ਹਾਜ਼ਰ ਸਨ ।