ਨਵੀਂ ਦਿੱਲੀ- ਕੋਇਲਾ ਮੰਤਰੀ ਸ੍ਰੀ ਪ੍ਰਕਾਸ਼ ਜੈਸਵਾਲ ਨੇ ਵਿਰੋਧੀ ਦਲਾਂ ਵੱਲੋਂ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਅਸਤੀਫ਼ੇ ਦੀ ਮੰਗ ਨੂੰ ਸਾਜਿਸ਼ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਸਾਜਿਸ਼ ਵਿੱਚ ਸੰਵਿਧਾਨਿਕ ਸੰਸਥਾਵਾਂ ਵੀ ਸ਼ਾਮਿਲ ਹਨ। ਬੇਸ਼ਕ ਉਨ੍ਹਾਂ ਨੇ ਕਿਸੇ ਸੰਸਥਾ ਦਾ ਨਾਂ ਨਹੀਂ ਲਿਆ।
ਕਾਨ੍ਹਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਇਲਾ ਮੰਤਰੀ ਜੈਸਵਾਲ ਨੇ ਕਿਹਾ ਕਿ ਪਿੱਛਲੇ ਪੰਜਾਂ ਦਿਨਾਂ ਤੋਂ ਸੰਸਦ ਨਾਂ ਚੱਲਣ ਦੇਣ ਵਾਲੇ ਵਿਰੋਧੀ ਦਲਾਂ ਦੇ ਮੈਂਬਰ ਚਾਹੁੰਣ ਤਾਂ ਬੇਸ਼ੱਕ ਅਸਤੀਫ਼ੇ ਦੇ ਦੇਣ ਪਰ ਪ੍ਰਧਾਨਮੰਤਰੀ ਤਿਆਗਪੱਤਰ ਨਹੀਂ ਦੇਣਗੇ। ਡਾ: ਮਨਮੋਹਨ ਸਿੰਘ ਉਨ੍ਹਾਂ ਇੱਕ-ਦੋ ਨੇਤਾਵਾਂ ਵਿੱਚ ਸ਼ਾਮਿਲ ਹਨ, ਜਿਨ੍ਹਾਂ ਦਾ ਦਾਮਨ ਬੇਦਾਗ ਹੈ। ਉਨ੍ਹਾਂ ਦਾ ਨਾਂ ਲੈ ਕੇ ਲੋਕ ਇਮਾਨਦਾਰੀ ਦੀ ਦੁਹਾਈ ਦਿੰਦੇ ਹਨ। ਅਜਿਹੇ ਸਾਫ਼ ਸੁਥਰੀ ਸ਼ਖਸੀਅਤ ਦੇ ਮਾਲਿਕ ਨੇਤਾ ਤੇ ਸਾਜਿਸ਼ ਦੇ ਤਹਿਤ ਚਿੱਕੜ ਸੁੱਟਿਆ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਸੰਸਦ ਵਿੱਚ ਬਹਿਸ ਕਰਨ ਦੀ ਬਜਾਏ ਕੇਵਲ ਰਾਜਨੀਤਕ ਲਾਭ ਲੈਣ ਦੇ ਯਤਨ ਕੀਤੇ ਜਾ ਰਹੇ ਹਨ।ਇਸੇ ਕਰਕੇ ਹੀ ਸਰਕਾਰ ਨੂੰ ਬਦਨਾਮ ਕਰਨ ਦੀ ਨੀਤੀ ਦੇ ਤਹਿਤ ਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਨਿਸ਼ਾਨਾ ਬਣਾਉਣ ਪਿੱਛੇ ਬਹੁਤ ਡੂੰਘੀ ਸਾਜਿਸ਼ ਹੈ ਜਿਸ ਵਿੱਚ ਕੁਝ ਵੱਡੇ ਲੋਕ ਅਤੇ ਸੰਵਿਧਾਨਿਕ ਏਜੰਸੀਆਂ ਸ਼ਾਮਿਲ ਹਨ। ਜੈਸਵਾਲ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਚੋਣ ਲੜਨ, ਸਾਂਸਦ ਬਣਾਉਣ ਅਤੇ ਅਸਤੀਫ਼ਾ ਦੇਣ ਦਾ ਸੰਵਿਧਾਨਿਕ ਅਧਿਕਾਰ ਮਿਲਿਆ ਹੋਇਆ ਹੈ, ਉਹ ਜੋ ਮਰਜੀ ਕਰਨ ਪਰ ਪ੍ਰਧਾਨਮੰਤਰੀ ਦੀ ਇਮਾਨਦਾਰੀ ਤੇ ਉਂਗਲੀ ਨਾਂ ਉਠਾਉਣ।