ਕਾਬੁਲ- ਅਫ਼ਗਾਨਿਸਤਾਨ ਦੇ ਹੇਲਮੰਦ ਸੂਬੇ ਵਿੱਚ ਤਾਲਿਬਾਨ ਦਹਿਸ਼ਤਗਰਦਾਂ ਨੇ ਨਾਚ ਅਤੇ ਸੰਗੀਤ ਦੇ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ 15 ਆਦਮੀਆਂ ਅਤੇ ਦੋ ਔਰਤਾਂ ਦੇ ਸਿਰ ਕਲਮ ਕਰ ਦਿੱਤੇ।
ਅਫਲਗਾਨਿਸਤਾਨ ਦੇ ਇੱਕ ਸੈਨਿਕ ਅਧਿਕਾਰੀ ਦਾ ਕਹਿਣਾ ਹੈ ਕਿ ਹੇਲਮੰਦ ਸੂਬੇ ਦੇ ਸ਼ਾਹ ਕਰੇਜ ਇਲਾਕੇ ਵਿੱਚ ਸਿਰ ਕਲਮ ਕਰ ਦੇਣ ਦੀ ਇਹ ਵਾਰਦਾਤ ਹੋਈ ਹੈ ਅਤੇ ਮਾਰੇ ਗਏ ਸਾਰੇ ਲੋਕ ਆਮ ਨਾਗਰਿਕ ਹਨ। ਤਾਲਿਬਾਨ ਅਤਵਾਦੀਆਂ ਨੇ 26 ਅਗੱਸਤ ਦੀ ਰਾਤ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ।
ਹੇਲਮੰਦ ਸੂਬੇ ਦੇ ਗਵਰਨਰ ਦੇ ਬੁਲਾਰੇ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤੱਕ ਇਹ ਗੱਲ ਸਪੱਸ਼ਟ ਨਹੀਂ ਹੋਈ ਕਿ ਨਾਗਰਿਕਾਂ ਦਾ ਸਿਰ ਕਲਮ ਕੀਤਾ ਗਿਆ ਹੈ ਜਾਂ ਉਨ੍ਹਾਂ ਨੂੰ ਗੋਲੀ ਮਾਰੀ ਗਈ ਹੈ। ਮੂਸਾ ਕਾਲਾ ਦੇ ਇੱਕ ਉਚ ਅਧਿਕਾਰੀ ਨੇ ਕਿਹਾ ਹੈ ਕਿ ਲੋਕ ਉਤਸਵ ਮਨਾਉਣ ਲਈ ਇੱਕਠੇ ਹੋਏ ਸਨ ਅਤੇ ਸੰਗੀਤ ਦੀ ਧੁੰਨ ਤੇ ਨੱਚ ਰਹੇ ਸਨ, ਜਦ ਕਿ ਤਾਲਿਬਾਨ ਇਸ ਪ੍ਰੋਗਰਾਮ ਨੂੰ ਰੋਕਣਾ ਚਾਹੁੰਦੇ ਸਨ। ਜਿਸ ਇਲਾਕੇ ਵਿੱਚ ਇਹ ਮੰਦਭਾਗੀ ਵਾਰਦਾਤ ਹੋਈ ਹੈ ਉਹ ਪੂਰੀ ਤਰ੍ਹਾਂ ਨਾਲ ਤਾਲਿਬਾਨ ਦੇ ਕੰਟਰੋਲ ਹੇਠ ਹੈ। ਇਸ ਲਈ ਇਸ ਸਬੰਧੀ ਹੋਰ ਜਾਣਕਾਰੀ ਨਹੀਂ ਹੈ।ਤਾਲਿਬਾਨ ਨੇ ਇਸ ਘਟਨਾ ਸਬੰਧੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ।