ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ 21-22 ਸਤੰਬਰ ਨੂੰ ਲੁਧਿਆਣਾ ਵਿਖੇ ਹੋਣ ਵਾਲੇ ਕਿਸਾਨ ਮੇਲੇ ਮੌਕੇ ਵੱਖ-ਵੱਖ ਫ਼ਸਲਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਨ੍ਹਾਂ ਫ਼ਸਲਾਂ ਵਿੱਚ ਭਿੰਡੀ, ਕਰੇਲਾ, ਮਿਰਚਾਂ, ਰਾਮ ਤੋਰੀ, ਮੂਲੀ, ਰਵਾਂ, ਘੀਆ ਕੱਦੂ, ਹਲਵਾ ਕੱਦੂ, ਬੈਂਗਣ ਅਤੇ ਹੋਰ ਸਬਜ਼ੀਆਂ ਸ਼ਾਮਿਲ ਹਨ ਜਦ ਕਿ ਫ਼ਲਾਂ ਵਿਚੋਂ ਅਮਰੂਦ ਨਿੰਬੂ, ਮਾਲਟਾ, ਗਰੇਪ ਫਰੂਟ, ਪਪੀਤੇ ਦੇ ਮੁਕਾਬਲੇ ਕਰਵਾਏ ਜਾਣਗੇ। ਫੁੱਲਾਂ ਵਿੱਚ ਗੁਲਦਾਉਦੀ, ਗੁਲਾਬ, ਰਜ਼ਨੀਗੰਧਾ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਪਸਾਰ ਮਾਹਿਰ ਡਾ: ਸਤਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਮੇਲੇ ਦੌਰਾਨ ਵਿਸ਼ੇਸ਼ ਤੌਰ ਤੇ ਬੇਬੀ ਕਾਰਨ, ਨਰਮਾ, ਗੰਨਾ ਆਦਿ ਫ਼ਸਲਾਂ ਦੇ ਵੀ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜਿਣਸਾਂ ਦੇ ਨਮੂਨੇ ਕੈਰੋਂ ਕਿਸਾਨ ਘਰ ਵਿਖੇ ਲਗਾਏ ਜਾਣ ਵਾਲੇ ਸਟਾਲ ਤੇ ਮੇਲੇ ਦੇ ਪਹਿਲੇ ਦਿਨ 21 ਸਤੰਬਰ ਨੂੰ 11.30 ਤੀਕ ਹੀ ਲਏ ਜਾਣਗੇ। ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਨਮੂਨੇ ਰੱਦ ਕਰ ਦਿੱਤੇ ਜਾਣਗੇ। ਨਮੂਨੇ ਵਿੱਚ ਸਬਜ਼ੀਆਂ ਅੱਧਾ ਕਿਲੋ ਦੇ ਅਨੁਸਾਰ ਸ਼ਾਮਿਲ ਕੀਤੀਆਂ ਜਾਣਗੀਆਂ ਜਦ ਕਿ ਅਮੂਰਦ, ਨਿੰਬੂ, ਮਾਲਟਾ ਦਾ ਨਮੂਨਾ ਅੱਧਾ ਕਿਲੋ, ਗਰੇਪ ਫਰੂਟ ਅਤੇ ਪਪੀਤੇ ਦੇ ਦੋ-ਦੋ ਪੀਸ ਲਿਆਂਦੇ ਜਾਣ।
ਕਿਸਾਨ ਮੇਲਿਆਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ: ਬਰਾੜ ਨੇ ਦਸਿਆ ਕਿ ਇਸ ਵਾਰ ਵਿਸ਼ੇਸ਼ ਤੌਰ ਤੇ ਜਿਹੜੇ ਨਮੂਨੇ ਕਿਸਾਨਾਂ ਵੱਲੋਂ ਲਿਆਂਦੇ ਜਾਣਗੇ ਸਿਰਫ ਉਹੀ ਮੁਕਾਬਲੇ ਵਿੱਚ ਭਾਗ ਲੈ ਸਕਣਗੇ। ਜ਼ਿਲ੍ਹਾ ਪਸਾਰ ਮਾਹਿਰਾਂ ਜਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਖੇ ਤਾਇਨਾਤ ਵਿਗਿਆਨੀਆਂ ਵੱਲੋਂ ਲਿਆਂਦੇ ਨਮੂਨਿਆਂ ਨੂੰ ਮੁਕਾਬਲੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ। ਮੁਕਾਬਲੇ ਵਿੱਚ ਭਾਗ ਲੈਣ ਸੰਬੰਧੀ ਕਿਸਾਨ ਸਾਇੰਸਦਾਨਾਂ ਅਤੇ ਪਸਾਰ ਮਾਹਿਰਾਂ ਦੀ ਸਲਾਹ ਜ਼ਰੂਰ ਹਾਸਿਲ ਕਰ ਸਕਦੇ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸ਼੍ਰੇਣੀ ਵਿੱਚ ਪਹਿਲਾ ਅਤੇ ਦੂਜਾ ਇਨਾਮ ਦਿੱਤਾ ਜਾਵੇਗਾ । ਇਸ ਸੰਬੰਧੀ ਇਹ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇਗਾ ਕਿ ਕੋਈ ਵੀ ਭਾਗ ਲੈ ਰਿਹਾ ਕਿਸਾਨ ਦੋ ਤੋਂ ਵੱਧ ਪੁਰਸਕਾਰ ਹਾਸਿਲ ਨਾ ਕਰੇ।