ਲੁਧਿਆਣਾ – ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਪਤਿੱਤਪੁਣੇ ਵੱਲ ਜਾਣ ਤੇ ਲਏ ਗੰਭੀਰ ਨੋਟਸ ਤੇ ਖੁਸ਼ੀ ਪਰਗਟ ਕਰਦਿਆਂ ਸਾਈਂ ਮੀਆਂ ਮੀਰ ਫਾਂਊਡੇਸ਼ਨ ਦੇ ਚੇਅਰਮੈਨ ਸ. ਹਰਦਿਆਲ ਸਿੰਘ ਅਮਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਇਹ ਫੈਸਲਾ ਸਮੁੱਚੀ ਕੌਮ ਦੀ ਭਲਾਈ ਵਿੱਚ ਹੈ ।ਉਹਨਾ ਜੱਥੇਦਾਰ ਅਵਤਾਰ ਸਿੰਘ ਜੀ ਨੂੰ ਨਾਲ ਹੀ ਬੇਨਤੀ ਕੀਤੀ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਵੀ ਇਸੇ ਦਾਇਰੇ ਵਿੱਚ ਲਿਆਦਾਂ ਜਾਵੇ ।ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੰਤਰਰਾਸ਼ਟਰੀ ਧਰਮ ਅਤੇ ਮਨੁੱਖੀ ਭਲਾਈ ਸੰਸਥਾ ਦਾ ਦਰਜ਼ਾ ਦਿੰਦਿਆਂ ਸ. ਅਮਨ ਨੇ ਕਿਹਾ ਹੈ ਕਿ ਸੰਸਥਾ ਕੋਲ ਵਿਸ਼ਵ ਪੱਧਰ ਤੇ ਗੁਰਬਾਣੀ ਵਿਚਾਰ ਅਤੇ ਸਿੱਖ ਫਲਸਫਾ ਪਰਚਾਰਨ ਦੀ ਸਮਰੱਥਾ ਅਤੇ ਲੋਕ ਵਿਸ਼ਵਾਸ ਹੈ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਸ਼੍ਰੋਮਣੀ ਕਮੇਟੀ ਸਿਖਿਆ ਅਤੇ ਧਰਮ ਪਸਾਰ ਵਿੱਚ ਉਸ ਤਰਾਂ ਦੀ ਭੂਮਿਕਾ ਨਹੀਂ ਨਿਭਾਅ ਰਹੀ ਜਿਸ ਤਰਾਂ ਦੀ ਨਿਭਾਉਣੀ ਚਾਹੀਦੀ ਹੈ । ਦੂਜੇ ਪਾਸੇ ਧਰਮ ਅਤੇ ਰਾਜਨੀਤੀ ਰਲਗੱਡ ਹੋ ਜਾਣ ਨਾਲ ਇਸ ਸੰਸਥਾ ਦੇ ਸਾਰਥਿਕ ਕੰਮਾ ਤੇ ਵੀ ਅਸਰ ਹੋ ਰਿਹਾ ਹੈ ਜਿਹੜਾ ਲੰਮੇ ਸਮੇਂ ਵਿੱਚ ਸਮੁੱਚੀ ਕੌਮ ਲਈ ਮਾਰੂ ਹੋ ਸਕਦਾ ਹੈ । ਆਪਣੀ ਗੱਲ ਸਪਸ਼ਟ ਕਰਦਿਆਂ ਸ. ਅਮਨ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਦੇ ਮੈਂਬਰ ਆਪਣੀ ਰਾਜਨੀਤਕ ਪਹਿਚਾਣ ਅਤੇ ਤਾਕਤ ਬਨਾਉਣ ਦੀ ਦੌੜ ਵਿੱਚ ਆਪਣੇ ਫਰਜ਼ਾਂ ਤੋਂ ਥਿੜਕ ਰਹੇ ਹਨ । ਸ. ਅਮਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਰਾਜਨੀਤੀ ਤੋਂ ਦੂਰ ਰਹਿਕੇ ਧਰਮ ਪ੍ਰਚਾਰ ਅਤੇ ਮਨੁੱਖੀ ਭਲਾਈ ਕਾਰਜ਼ਾਂ ਤੇ ਕੇਂਦਰਤ ਹੋਣਾ ਚਾਹੀਦਾ ਹੈ ।
ਸ ਅਮਨ ਨੇ ਕਿਹਾ ਕਿ ਲੋਕ ਸ਼੍ਰੋਮਣੀ ਕਮੇਟੀ ਮੈਬਰਾਂ ਨੂੰ ਜਿਸ ਆਸ ਉਮੀਦ ਅਤੇ ਮਕਸਦ ਨਾਲ ਚੁਣਕੇ ਜ਼ਿੰਮੇਵਾਰੀ ਸੌਂਪਦੇ ਹਨ ਉਸਦਾ ਧਿਆਨ ਮੈਂਬਰਾਂ ਨੂੰ ਜ਼ਰੂਰ ਰੱਖਣਾ ਚਾਹੀਦਾ ਹੈ ਕਿਉਂਕਿ ਜਦੋਂ ਉਹ ਰਾਜਨੀਤਕ ਪਾਵਰ ਦਖਾਂਉਦੇ ਹਨ ਤਾਂ ਇਸ ਉਚੀ ਅਤੇ ਸੁਚੀ ਸੰਸਥਾ ਨੂੰ ਵੀ ਢਾਅ ਲਗਦੀ ਹੈ । ਸ. ਅਮਨ ਨੇ ਜੱਥੇਦਾਰ ਅਵਤਾਰ ਸਿੰਘ ਮੱਕੜ ਨੂੰ ਬੇਨਤੀ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਰਾਜਨੀਤੀ ਅਤੇ ਪਤਿੱਤਪੁਣੇ ਤੋਂ ਦੂਰ ਰਹਿਣ ਲਈ ਹਦਾਇਤ ਕੀਤੀ ਜਾਵੇ ।ਸ. ਅਮਨ ਨੇ ਕਿਹਾ ਕਿ ਇਸ ਵੇਲੇ ਸਿੱਖੀ ਅਤੇ ਸਿੱਖ ਕੌਮ ਨੂੰ ਸੱਚੇ ਸੁਚੇ ਪਹਿਰੇਦਾਰਾਂ ਦੀ ਲੋੜ ਹੈ ਜੋ ਕਾਰਜ਼ ਸ਼੍ਰੋਮਣੀ ਕਮੇਟੀ ਮੈਂਬਰ ਕਰ ਸਕਦੇ ਹਨ ।