ਅੰਮ੍ਰਿਤਸਰ: – ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਚੌਂਕ ਪਰਾਗਦਾਸ ਨੇੜੇ ਗੁਰਦੁਆਰਾ ਬਾਬਾ ਬਸੰਤ ਸਿੰਘ ਦੀ ਵਸਨੀਕ ਬੀਬੀ ਅਵਤਾਰ ਕੌਰ ਤੇ ਬੀਬੀ ਗੁਰਸ਼ਰਨ ਕੌਰ ਵੱਲੋਂ ਆਪਣੀ ਮਲਕੀਅਤੀ 500 ਗਜ ਜਗ੍ਹਾ ਦਾਨ ਵਜੋਂ ਦਿੱਤੀ ਸੀ ਤੇ ਨਾਲ ਹੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਸੀ ਕਿ ਇਸ ਜਗ੍ਹਾਪੁਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਦੇ ਠਹਿਰਨ ਲਈ ਯਾਤਰੂ ਨਿਵਾਸ ਬਣਾਇਆ ਜਾਵੇ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਦਾਨੀ ਬੀਬੀਆਂ ਦੀ ਮਨਸ਼ਾ ਅਨੁਸਾਰ ਇਸ ਜਗ੍ਹਾ ਤੋਂ ਮਲਬਾ ਚੁਕਾਉਣ ਲਈ ਪਹਿਲੇ ਪੜਾਅ ਵਜੋਂ ਬਾਬਾ ਮਨਜੀਤ ਸਿੰਘ ਫਗਵਾੜੇ ਵਾਲਿਆਂ ਨੂੰ ਸੇਵਾ ਸੌਂਪੀ ਗਈ ਹੈ। ਪ੍ਰੰਤੂ ਇਸ ਜਗ੍ਹਾ ਪੁਰ ਭਾਈ ਲਖਬੀਰ ਸਿੰਘ ਪੰਨੂੰ ਰਣਜੀਤ ਐਵੀਨਿਊ ਅੰਮ੍ਰਿਤਸਰ ਤੇ ਭਾਈ ਨਰਿੰਦਰ ਸਿੰਘ ਭੰਗਾਲੀ ਨੇ ਆਪਣਾ ਹੱਕ ਜਤਾਉਂਦਿਆਂ ਸਿਵਲ ਜੱਜ ਸੀਨੀਅਰ ਡਵੀਜਨ ਅੰਮ੍ਰਿਤਸਰ ਪਾਸ ਕੇਸ ਕੀਤਾ ਸੀ, ਪ੍ਰੰਤੂ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਇਸ ਜਗ੍ਹਾ ਪੁਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਲਈ ਯਾਤਰੂ ਨਿਵਾਸ ਬਣਾਇਆ ਜਾ ਰਿਹਾ ਹੈ ਤਾਂ ਭਾਈ ਲਖਬੀਰ ਸਿੰਘ ਪੰਨੂੰ ਰਣਜੀਤ ਐਵੀਨਿਊ ਅੰਮ੍ਰਿਤਸਰ ਤੇ ਭਾਈ ਨਰਿੰਦਰ ਸਿੰਘ ਭੰਗਾਲੀ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਨਿੱਜੀ ਸਕੱਤਰ ਸ.ਮਨਜੀਤ ਸਿੰਘ ਪਾਸ ਪਹੁੰਚ ਕਰਕੇ ਉੱਕਤ ਜਗ੍ਹਾ ਪ੍ਰਤੀ ਕੇਸ ਵਾਪਸ ਲੈਣ ਬਾਰੇ ਜਾਣੂੰ ਕਰਵਾਉਂਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਉਹਨਾਂ ਦੀ ਅਥਾਹ ਸ਼ਰਧਾ ਹੈ ਇਸ ਲਈ ਉਹ ਆਪਣਾ ਕੇਸ ਅੱਜ ਅਦਾਲਤ ‘ਚੋਂ ਵਾਪਸ ਲੈ ਰਹੇ ਹਨ। ਉਹਨਾਂ ਵੱਲੋਂ ਗੁਰੂ-ਘਰ ਪ੍ਰਤੀ ਦਿਖਾਈ ਸ਼ਰਧਾ ਭਾਵਨਾ ਦਾ ਸਤਿਕਾਰ ਕਰਦਿਆਂ ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ ਵੱਲੋਂ ਭਾਈ ਲਖਬੀਰ ਸਿੰਘ ਪੰਨੂੰ, ਭਾਈ ਨਰਿੰਦਰ ਸਿੰਘ ਭੰਗਾਲੀ, ਭਾਈ ਬਲਾਕਾ ਸਿੰਘ ਭੰਗਾਲੀ ਤੇ ਬਾਬਾ ਸਾਹਿਬ ਸਿੰਘ ਸਖੀਰਾ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਸ.ਕੇਵਲ ਸਿੰਘ ਤੇ ਸ.ਸੁਖਦੇਵ ਸਿੰਘ ਭੂਰਾ ਕੋਹਨਾ ਮੀਤ ਸਕੱਤਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਵਿਭਾਗ, ਸ.ਸਕੱਤਰ ਸਿੰਘ ਇੰਚਾਰਜ ਫਲਾਇੰਗ ਵਿਭਾਗ, ਸ.ਹਰਮਿੰਦਰ ਸਿੰਘ ਮੂਧਲ ਸੁਪ੍ਰਿੰਟੈਂਡੈਂਟ, ਬਾਬਾ ਸੁੱਖਾ ਸਿੰਘ, ਬਾਬਾ ਮਨਜੀਤ ਸਿੰਘ ਫਗਵਾੜੇ ਵਾਲੇ, ਸ.ਸੁਲੱਖਣ ਸਿੰਘ ਭੰਗਾਲੀ ਮੈਨੇਜਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਪਾ:ਨੌਵੀ ਬਾਬਾ ਬਕਾਲਾ ਤੇ ਸ.ਬਲਵਿੰਦਰ ਸਿੰਘ ਮੰਡ ਆਦਿ ਮੌਜੂਦ ਸਨ।