ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੰਸਦ ਦੀ ਬੈਠਕ ਦੌਰਾਨ ਕਾਂਗਰਸ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਬੀਜੇਪੀ ਤੇ ਸਖਤ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਲੈਕਮੇਲ ਕਰਨਾ ਭਾਜਪਾ ਦੀ ਰੋਜ਼ੀ ਰੋਟੀ ਬਣ ਗਿਆ ਹੈ। ਉਨ੍ਹਾਂ ਨੇ ਆਪਣੇ ਸੰਸਦ ਮੈਂਬਰਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਭਾਜਪਾ ਦੇ ਰਵਈਏ ਵਿਰੁੱਧ ਹਮਲਾਵਰ ਰੁੱਖ ਅਪਨਾਇਆ ਜਾਵੇ।
ਬੀਜੇਪੀ ਵੱਲੋਂ ਪ੍ਰਧਾਨਮੰਤਰੀ ਤੋਂ ਕੀਤੀ ਜਾ ਰਹੀ ਅਸਤੀਫ਼ੇ ਦੀ ਮੰਗ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ।ਸੋਨੀਆ ਨੇ ਕਿਹਾ, ‘ਬਹਿਸ ਦਾ ਉਚ ਮੰਚ ਸੰਸਦ ਹੀ ਹੈ। ਸੰਸਦ ਨੂੰ ਬੰਧਕ ਬਣਾ ਕੇ ਬਲੈਕਮੇਲ ਕਰਨਾ ਹੀ ਭਾਜਪਾ ਦੀ ਰਜ਼ੀ ਰੋਟੀ ਬਣ ਗਈ ਹੈ। ਇਹ ਉਸ ਦੇ ਸਹਿਯੋਗੀਆਂ ਲਈ ਵੀ ਚਿੰਤਾ ਦਾ ਕਾਰਣ ਹੈ।’ ਭਾਜਪਾ ਦੁਆਰਾ ਮੋਟਾ ਮਾਲ ਖਾਣ ਦੇ ਅਰੋਪ ਨੂੰ ਸਿਰੇ ਤੋਂ ਨਕਾਰਦੇ ਹੋਏ ਉਨ੍ਹਾ ਨੇ ਭਾਜਪਾ ਤੇ ਪਲਟਵਾਰ ਕੀਤੇ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਅਤੇ ਦੁਖਿਦ ਹੈ ਕਿ ਭਾਜਪਾ ਸੰਸਦ ਦੀ ਕਾਰਵਾਈ ਨਹੀਂ ਚੱਲਣ ਦੇ ਰਹੀ।
ਸੋਨੀਆ ਨੇ ਕਿਹਾ ਕਿ ਸੰਸਦ ਦੀ ਕਾਰਵਾਈ ਵਿੱਚ ਵਿਘਨ ਪਾਉਣਾ ਤਾਂ ਭਾਜਪਾ ਦਾ ਰੋਜ਼ਮਰਾ ਦਾ ਕੰਮ ਹੋ ਗਿਆ ਹੈ।ਬੀਜੇਪੀ ਦਾ ਇਹ ਰਵਈਆ ਗੈਰ ਜਿੰਮੇਵਾਰਾਨਾ ਹੈ।ਇਸ ਤੋਂ ਸਾਬਿਤ ਹੁੰਦਾ ਹੈ ਕਿ ਲੋਕਤੰਤਰਿਕ ਸੰਸਥਾਵਾਂ ਪ੍ਰਤੀ ਉਸ ਦੇ ਮਨ ਅੰਦਰ ਕਿੰਨਾ ਆਦਰ ਹੈ। ਸਾਡੀ ਸਰਕਾਰ ਨੂੰ ਅਵੈਧ ਕਹਿ ਕੇ ਉਹ ਦੇਸ਼ ਦੀ ਜਨਤਾ ਦਾ ਮਜਾਕ ਉਡਾ ਰਹੇ ਹਨ। ਉਨ੍ਹਾਂ ਨੇ ਕਿਹਾ, ‘ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕੀ ਹਾਂ ਅਤੇ ਅੱਗੇ ਵੀ ਕਹਾਂਗੀ ਕਿ ਸਰਕਾਰ ਅਤੇ ਪ੍ਰਧਾਨਮੰਤਰੀ ਕਿਸੇ ਵੀ ਮੁੱਦੇ ਤੇ ਚਰਚਾ ਕਰਨ ਲਈ ਸਦਾ ਤਿਆਰ ਹਨ। ਪ੍ਰਧਾਨਮੰਤਰੀ ਨੇ ਕੋਇਲਾ ਵੰਡਣ ਤੇ ਸੰਸਦ ਵਿੱਚ ਬੜਾ ਸਪੱਸ਼ਟ ਅਤੇ ਠੋਸ ਬਿਆਨ ਦਿੱਤਾ ਹੈ, ਜੋ ਕਿ ਪੂਰੀ ਤਰ੍ਹਾ ਨਾਲ ਭਾਜਪਾ ਅਤੇ ਉਸ ਦੇ ਗੁੰਮਰਾਹਕੁਨ ਪਰਚਾਰ ਦਾ ਪੋਲ ਖੋਲ੍ਹਦਾ ਹੈ।’