ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਹੋਮ ਸਾਇੰਸ ਕਾਲਜ ਦੇ ਮਾਨਵ ਵਿਕਾਸ ਵਿਭਾਗ ਵੱਲੋਂ ਗੋਲਡਨ ਜੁਬਲੀ ਦੇ ਸੰਦਰਭ ਵਿੱਚ ਬੱਚਿਆਂ ਦੇ ਵਿਕਾਸ ਦੀ ਸੰਸਥਾ ਦੇ ਸਹਿਯੋਗ ਨਾਲ ‘ਬੱਚਾ, ਸਕੂਲ ਅਤੇ ਪਰਿਵਾਰ ਦੀ ਕਾਉਂਸਲਿੰਗ’ ਵਿਸ਼ੇ ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਮੌਕੇ ਉਰਵਿੰਦਰ ਕੌਰ ਗਰੇਵਾਲ, ਮੈਂਬਰ ਪੀ ਏ ਯੂ ਪ੍ਰਬੰਧਕੀ ਬੋਰਡ ਨੇ ਅੱਜ ਦੀ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਸਭਿਆਚਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣ ਤੇ ਜ਼ੋਰ ਦਿੱਤਾ। ਉਨ੍ਹਾਂ ਅਨੁਸਾਰ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚਲੇ ਕੰਮ ਕਾਜ ਦੇ ਤੌਰ ਤਰੀਕੇ ਮਾਨਸਿਕ ਤਣਾਓ ਦੇ ਵਧਣ ਦਾ ਕਾਰਨ ਬਣਦੇ ਜਾ ਰਹੇ ਹਨ, ਜਿਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਕਾਉਂਸਲਿੰਗ ਦੀ ਸਖਤ ਜ਼ਰੂਰਤ ਹੈ।
ਇਸ ਮੌਕੇ ਡਾ: ਨੀਲਮ ਗਰੇਵਾਲ, ਡੀਨ, ਹੋਮ ਸਾਇੰਸ ਨੇ ਕਿਹਾ ਕਿ ਪਰਿਵਾਰਾਂ ਵਿੱਚ ਪੁਰਖਿਆਂ ਦੀ ਭੂਮਿਕਾ ਹਮੇਸ਼ਾਂ ਹੀ ਅਹਿਮ ਰਹੀ ਹੈ। ਭਾਰਤ ਦੀ ਮਾਨਸਿਕ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ (ਡਬਲਿਯੂ ਐਚ ਓ) ਦੀ ਰਿਪੋਰਟ ਅਨੁਸਾਰ ਆਉਣ ਵਾਲੇ ਦਹਾਕੇ ਵਿੱਚ ਮਾਨਸਿਕ ਤਣਾਓ ਇਕ ਦੂਜੀ ਵੱਡੀ ਬੀਮਾਰੀ ਹੋਵੇਗੀ, ਜਿਸ ਦੇ ਹਰ ਸਾਲ ਢਾਈ ਲੱਖ ਲੋਕ ਸ਼ਿਕਾਰ ਹੋਣਗੇ।
ਇਸ ਮੌਕੇ ਆਏ ਮਹਿਮਾਨਾਂ ਨੂੰ ਨਿੱਘਾ ਜੀ ਆਇਆਂ ਆਖਦਿਆਂ ਡਾ:(ਸ਼੍ਰੀਮਤੀ) ਜਤਿੰਦਰ ਕੌਰ ਗੁਲਾਟੀ, ਪ੍ਰੋਫੈਸਰ ਅਤੇ ਮੁਖੀ ਨੇ ਕਿਹਾ ਕਿ ਇਹ ਸੈਮੀਨਾਰ ਬੱਚਿਆਂ ਦੀ ਸਮਾਜਕ ਅਤੇ ਵਿਵਹਾਰਕ ਜ਼ਿੰਦਗੀ ਨੂੰ ਬਿਹਤਰ ਬਣਾਉਣ ਅਤੇ ਉਨ੍ਹਾਂ ਦੇ ਮਾਨਸਿਕ ਵਿਕਾਸ ਵਿੱਚ ਵਾਧਾ ਕਰਨ ਲਈ ਮਹੱਤਵਪੂਰਨ ਭੂਮਿਕਾ ਅਦਾ ਕਰੇਗਾ। ਉਨ੍ਹਾਂ ਦੱਸਿਆ ਕਿ ਵਿਸ਼ਵ ਪੱਧਰ ਤੇ ਹੋ ਰਹੀਆਂ ਮਾਨਸਿਕ ਬੇਤਰਤੀਬੀਆਂ ਤਿੰਨ ਫੀਸਦੀ ਬੀਮਾਰੀਆਂ ਦਾ ਕਾਰਨ ਬਣਦੀਆਂ ਹਨ। ਮਾਨਸਿਕ ਸਿਹਤ ਦੀ ਰਾਸ਼ਟਰੀ ਸੰਸਥਾ (ਐਨ ਆਈ ਐਮ ਐਚ) ਦੇ ਮੁਤਾਬਕ ਸਾਇਜੋਫਰਨੀਆ ਜੋ ਕਿ ਬਚੁਤ ਵੱਡੇ ਪੱਧਰ ਦੀ ਮਾਨਸਿਕ ਬੇਤਰਤੀਬੀ ਹੈ, ਭਾਰਤ ਦੀ ਕੁੱਲ ਅਬਾਦੀ ਵਿੱਚ 1.1 ਪ੍ਰਤੀਸ਼ਤ ਫੈਲੀ ਹੋਈ ਹੈ। ਉਨ੍ਹਾਂ ਅਨੁਸਾਰ ਭਾਰਤ ਵਿੱਚ ਤਿੰਨ ਹਜ਼ਾਰ ਵੀ ਯੋਗਤਾ ਰੱਖਣ ਵਾਲੇ ਕਾਉਂਸਰ ਨਹੀਂ ਹਨ, ਜਦੋਂ ਕਿ ਇਨ੍ਹਾਂ ਦੀ ਲੋੜ ਬਹੁਤ ਜ਼ਿਆਦਾ ਹੈ। ਡਾ: ਗੁਲਾਟੀ ਨੇ ਕਿਹਾ ਕਿ ਸਮੇਂ ਸਿਰ ਅਤੇ ਦਿੱਤੀ ਸੁਯੋਗ ਅਗਵਾਈ ਨਾਲ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ।
ਡਾ: ਵਿਧੂ ਮੋਹਨ, ਸਾਬਕਾ ਮੁਖੀ ਮਨੋਵਿਗਿਆਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਜ਼ਿੰਦਗੀ ਦੇ ਵਿਭਿੰਨ ਪੜਾਵਾਂ ਤੇ ਅਗਵਾਈ ਅਤੇ ਕਾਉਂਸਲਿੰਗ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ: ਰਵਿੰਦਰ ਕਾਲਾ ਨਿਰਦੇਸ਼ਕ ਕਾਲਾ ਨਰਸਿੰਗ ਹੋਮ, ਡਾ: ਜੇਅੰਤੀ ਦੱਤਾ ਸਾਇਕੋਲੋਜਿਸਟ, ਯੂਨੀਵਰਸਿਟੀ ਆਫ ਦਿੱਲੀ, ਦਿੱਲੀ, ਡਾ: ਪਰਮ ਸੈਣੀ ਸਾਬਕਾ ਕਲੀਨੀਕਲ ਸਾਇਕੋਲੋਜਿਸਟ, ਚਿਲਡਰਨ ਅਤੇ ਫੈਮਲੀ ਸਰਵਿਸਜ਼, ਲਾਸ ਏਂਜਲਸ ਯੂ.ਐਸ ਏ ਅਤੇ ਡਾ: ਪਰਵੀਨ ਗੋਇਲ ਆਦਿ ਮਾਹਿਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸੈਮੀਨਾਰ ਵਿੱਚ ਲੁਧਿਆਣਾ ਅਤੇ ਇਸ ਦੇ ਨੇੜਲੇ ਇਲਾਕਿਆਂ ਦੇ ਸਕੂਲਾਂ ਤੇ ਕਾਲਜਾਂ ਵਿੱਚੋਂ ਲਗਪਗ 150 ਅਧਿਆਪਕਾਂ ਅਤੇ ਸਕੂਲ ਕਾਉਂਸਲਰਾਂ ਨੇ ਹਿੱਸਾ ਲਿਆ। ਇਸ ਵਿੱਚ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਵੀ ਡੈਲੀਗੇਟਾਂ ਨੇ ਸ਼ਿਰਕਤ ਕੀਤੀ।
ਸਭਿਆਚਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਉਣਾ ਸਮੇਂ ਦੀ ਮੁੱਖ ਲੋੜ- ਉਰਵਿੰਦਰ ਕੌਰ ਗਰੇਵਾਲ
This entry was posted in ਖੇਤੀਬਾੜੀ.