ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੁਜੀਤ ਸਿੰਘ ਵਲੋਂ (ਕਰਨਾਲ) ਸੇਵਾ ਕਰਨ ਆਏ ਜਥਿਆਂ ਨੂੰ ਸਥਾਨਕ ਸੂਚਨਾਂ ਕੇਂਦਰ ਵਿਖੇ ਸਿਰੋਪੇ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਬੋਲਦਿਆਂ ਕਿਹਾ ਕਿ ਸੇਵਾ ਜਿਥੇ ਮਨੁੱਖ ਨੂੰ ਹੱਥੀਂ ਕਿਰਤ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ ਉਥੈ ਸੇਵਾ ਮਗਰੋਂ ਮਨੁੱਖ ਦਾ ਜੀਵਨ ਹੋਰ ਨਿਖਰ ਜਾਂਦਾ ਹੈ ਅਤੇ ਉਸਦੇ ਸਾਰੇ ਪਾਪ ਧੋਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੇ ਜੀਵਨ ਵਿਚੋਂ ਨਿੱਤ ਦਿਨ ਸੇਵਾ ਅਤੇ ਸਿਮਰਨ ਲਈ ਕੁਝ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ ਤਾਂ ਜੋ ਪ੍ਰਮਾਤਮਾ ਵਲੋਂ ਮਿਲੀ ਵੱਡਮੁਲੀ ਮਨੁੱਖੀ ਯੋਨੀ ਦਾ ਸਤਿਕਾਰ ਹੋ ਸਕੇ। ਉਨ੍ਹਾਂ ਇਸ ਮੌਕੇ ਸ. ਗੁਰਦੀਪ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਅੰਬਾਲਾ ਅਤੇ ਹੋਰਨਾਂ ਨੂੰ ਸਨਮਾਨਤ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵਲੋਂ ਕੋਹਲਾਪੁਰ (ਮਹਾਰਾਸ਼ਟਰ) ਦੇ ਸਿੱਖਾਂ ਦੀ ਸਹਾਇਤਾ ਲਈ ਡੈਲੀਗੇਸ਼ਨ ਭੇਜਣ ਦਾ ਫੈਸਲਾ ਵੀ ਪੰਥ ਹਿੱਤ ਅਤੇ ਸ਼ਲਾਘਾਯੋਗ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਵਿਕਰਮਜੀਤ ਸਿੰਘ ਮੀਡੀਆ ਸਲਾਹਕਾਰ, ਸ. ਗੁਰਬਚਨ ਸਿੰਘ, ਬੀਬੀ ਕੁਲਬੀਰ ਕੌਰ ਪ੍ਰਧਾਨ ਅਕਾਲੀ ਜਥਾ ਪੰਚਕੁਲਾ, ਸ. ਤਰਲੋਕ ਸਿੰਘ ਅੰਬਾਲਾ ਤੇ ਸ. ਗੁਰਮੀਤ ਸਿੰਘ ਆਦਿ ਹਾਜ਼ਰ ਸਨ।