ਸ਼੍ਰੀ ਹਰਿਕੋਟਾ-ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰਿਕੋਟਾ ਤੋਂ ਦੇਸ਼ ਵਿੱਚ ਬਣੇ ਰਾਕੇਟ ਪੀਐਸਐਲਵੀ-ਸੀ 21 ਨੇ ਦੋ ਵਿਦੇਸ਼ੀ ਉਪਗ੍ਰਹਿ ਦੇ ਨਾਲ ਉਡਾਣ ਭਰੀ। ਇਸਰੋ ਦਾ ਇਹ 100ਵਾਂ ਮਿਸ਼ਨ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਮੌਜੂਦਗੀ ਵਿੱਚ ਪੂਰਾ ਹੋਇਆ।
ਐਤਵਾਰ ਦੀ ਸਵੇਰ ਨੂੰ ਠੀਕ 9 ਵਜ ਕੇ 53 ਮਿੰਟ ਤੇ 44 ਮੀਟਰ ਲੰਬੇ ਅਤੇ 230 ਟਨ ਭਾਰੀ ਪੀਐਸਐਲਵੀ-ਸੀ 21 ਨੇ ਦੋ ਵਿਦੇਸ਼ੀ ਉਪਗ੍ਰਹਿ ਦੇ ਨਾਲ ਪੁਲਾੜ ਲਈ ਉਡਾਣ ਭਰੀ।ਇਹ ਹੁਣ ਤੱਕ ਦਾ ਸੱਭ ਤੋਂ ਭਾਰੀ ਉਪਗ੍ਰਹਿ ਹੈ। 90 ਕਰੋੜ ਦੀ ਲਾਗਤ ਨਾਲ ਬਣਿਆ ਇਹ ਉਪ ਗ੍ਰਹਿ ਅੱਗ ਦੀਆਂ ਲਾਟਾਂ ਅਤੇ ਧੂੰਏ ਦੇ ਵਿੱਚਕਾਰ ਜਿਵੇਂ ਜਿਵੇਂ ਅਸਮਾਨ ਵੱਲ ਵੱਧ ਰਿਹਾ ਸੀ ਤਾਂ ਇਸਰੋ ਦੇ ਵਿਗਿਆਨਕਾਂ ਦੀਆਂ ਨਜ਼ਰਾਂ ਕੰਪਿਊਟਰ ਸਕਰੀਨ ਤੇ ਲਗੀਆਂ ਹੋਈਆਂ ਸਨ। ਸ਼ੁਰੂ ਵਿੱਚ ਪੀਐਸਐਲਵੀ-ਸੀ 21ਆਪਣੇ ਰਸਤੇ ਤੋਂ ਭੱਟਕ ਗਿਆ ਸੀ ਪਰ ਫਿਰ ਜਲਦੀ ਹੀ ਸਹੀ ਦਿਸ਼ਾ ਵਿੱਚ ਆ ਗਿਆ ਸੀ। ਇਸ ਮਿਸ਼ਨ ਦੇ ਮੁੱਖੀ ਰਾਧਾਕ੍ਰਿਸ਼ਨ ਨੇ ਕਿਹਾ ਕਿ ਹੁਣ ਤੱਕ 62 ਉਪਗ੍ਰਹਿ, ਇੱਕ ਸਪੇਸ ਰਿਕਵਰੀ ਮਾਡਿਯੂਲ ਅਤੇ 37 ਰਾਕਟਾਂ ਦਾ ਪ੍ਰਯੋਗ ਕਰ ਚੁੱਕੇ ਹਾਂ। ਇਸਰੋ ਨੇ ਸੱਭ ਤੋਂ ਪਹਿਲਾਂ 1975 ਵਿੱਚ ਆਰਯਭੱਟ ਉਪਗ੍ਰਹਿ ਦਾ ਪ੍ਰਯੋਗ ਰੂਸੀ ਉਪਗ੍ਰਹਿ ਨਾਲ ਕੀਤਾ ਸੀ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਉਸ ਸਮੇਂ ਉਥੇ ਮੌਜੂਦ ਸਨ ਜਦੋਂ ਇਸ ਉਪਗ੍ਰਹਿ ਨੇ ਪੁਲਾੜ ਲਈ ਉਡਾਣ ਭਰੀ।ਭਾਰਤੀ ਵਿਗਿਆਨਿਕਾਂ ਦੀ ਇਸ ਸਫਲਤਾ ਤੇ ਪ੍ਰਧਾਨਮੰਤਰੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਡਾ: ਮਨਮੋਹਨ ਸਿੰਘ ਨੇ ਉਨ੍ਹਾਂ ਲੋਕਾਂ ਨੂੰ ਜੋ ਪੁਲਾੜ ਦੀ ਖੋਜ ਤੇ ਹੋਣ ਵਾਲੇ ਖਰਚ ਤੇ ਦੇਸ਼ ਦੀ ਗਰੀਬੀ ਦਾ ਰੋਣਾ ਰੋਂਦੇ ਹੋਏ ਕਿੰਤੂ ਪਰੰਤੂ ਕਰਦੇ ਹਨ ਕਰਾਰਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਵਾਲ ਉਠਾਉਂਦਿਆਂ ਹੋਇਆਂ ਉਹ ਇਹ ਭੁੱਲ ਜਾਂਦੇ ਹਨ ਕਿ ਦੇਸ਼ ਦਾ ਵਿਕਾਸ ਤਕਨੀਕੀ ਯੋਗਤਾ ਦਾ ਹੀ ਪਰਿਣਾਮ ਹੁੰਦਾ ਹੈ।