ਨਵੀਂ ਦਿੱਲੀ- ਬੀਤੇ ਕੁਝ ਦਿਨਾਂ ਤੋਂ ਵਖ-ਵਖ ਇਲਾਕਿਆਂ ਤੋਂ ਬੀਬੀਆਂ ਅਤੇ ਨੌਜਵਾਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਸ਼ਾਮਲ ਹੋਣ ਦੇ ਵੱਧ ਰਹੇ ਰੁਝਾਨ ਦਾ ਸੁਆਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਜਸਬੀਰ ਸਿੰਘ ਕਾਕਾ ਨੇ ਕਿਹਾ ਕਿ ਅਜਿਹਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੀ ਟੀਮ ਵਲੋਂ ਸਿੱਖਾਂ ਦੇ ਹਿਤਾਂ-ਅਧਿਕਾਰਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਦੀਆਂ ਸਮਸਿਆਵਾਂ ਹਲ ਕਰਵਾਉਣ ਲਈ ਕੀਤੇ ਜਾ ਰਹੇ ਉੱਚ ਪੱਧਰੀ ਯਤਨਾਂ ਦੇ ਫਲਸਰੂਪ ਹੀ ਸੰਭਵ ਹੋ ਰਿਹਾ ਹੈ।
ਸ. ਜਸਬੀਰ ਸਿੰਘ ਕਾਕਾ ਨੇ ਇਸ ਸੰਬਧ ਵਿਚ ਜਾਰੀ ਆਪਣੇ ਬਿਆਨ ਵਿਚ ਕਿਹਾ ਕਿ ਜਿਥੇ ਬਾਦਲ ਅਕਾਲੀ ਦਲ ਦੇ ਮੁਖੀਆਂ ਨੇ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਅਤੇ ਉਨ੍ਹਾਂ ਦੇ ਹਿਤਾਂ-ਅਧਿਕਾਰਾਂ ਦੀ ਰਾਖੀ ਕਰਨ ਪਖੋਂ ਕਿਨਾਰਾ ਕਰ ਗੈਰ-ਸਿੱਖਾਂ ਦੇ ਸਹਾਰੇ ਰਾਜਨੀਤੀ ਕਰਨ ਦਾ ਰਾਹ ਚੁਣ ਲਿਆ ਹੈ, ਉਥੇ ਸ. ਸਰਨਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ, ਅਕਾਲੀ ਦਲ ਦੀਆਂ ਬੁਨਿਆਦੀ ਪਰੰਪਰਾਵਾਂ ਤੇ ਮਾਨਤਾਵਾਂ ਕਾਇਮ ਰਖਣ ਪ੍ਰਤੀ ਆਪਣੀ ਵਚਨ-ਬਧਤਾ ਦ੍ਰਿੜਤਾ ਨਾਲ ਕਾਇਮ ਰਖ ਰਿਹਾ ਹੈ।
ਸ. ਜਸਬੀਰ ਸਿੰਘ ਕਾਕਾ ਨੇ ਦਸਿਆ ਕਿ ਸ. ਪਰਮਜੀਤ ਸਿੰਘ ਸਰਨਾ ਦੀਆਂ ਨੀਤੀਆਂ ਤੇ ਪ੍ਰਭਾਵਤ ਹੋ ਅਤੇ ਚੰਦਰ ਵਿਹਾਰ ਤੇ ਨਿਹਾਲ ਵਿਹਾਰ ਦੇ ਸਿੱਖ ਮੁਖੀ ਅਰਵਿੰਦਰ ਪਾਲ ਸਿੰਘ ਦੀ ਪ੍ਰੇਰਨਾ ਅਤੇ ਜਤਨਾਂ ਦੇ ਫਲਸਰੁਪ ਬੀਤੇ ਦਿਨੀ ਬੀਬੀ ਜਸਵਿੰਦਰ ਕੌਰ, ਤਜਿੰਦਰ ਸਿੰਘ ਸੌਢੀ, ਜਸਵੰਤ ਸਿੰਘ ਅਤੇ ਸੁਰਜੀਤ ਸਿੰਘ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਬੀਬੀਆਂ ਅਤੇ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਸ਼ਮੂਲੀਅਤ ਕੀਤੀ। ਇਨ੍ਹਾਂ ਦਾ ਸੁਆਗਤ ਕਰਦਿਆਂ ਸ. ਪਰਮਜੀਤ ਸਿੰਘ ਸਰਨਾ ਨੇ ਆਸ ਪ੍ਰਗਟ ਕੀਤੀ ਕਿ ਇਹ ਬੀਬੀਆਂ ਅਤੇ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀਆਂ ਨੀਤੀਆਂ ਅਤੇ ਉਸਦੇ ਪ੍ਰੋਗਰਾਮਾਂ ਦਾ ਸੁਨੇਹਾ ਘਰ-ਘਰ ਪਹੁੰਚਾਣ ਦੇ ਨਾਲ ਹੀ ਸਿੱਖੀ ਦੀ ਸੰਭਾਲ ਤੇ ਪ੍ਰਚਾਰ ਵਿਚ ਵੀ ਮੁਖ ਭੂਮਿਕਾ ਨਿਭਾਣਗੇ। ਚੰਦਰ ਵਿਹਾਰ ਤੇ ਨਿਹਾਲ ਵਿਹਾਰ ਦੇ ਮੁਖੀਆਂ ਹਰਬੰਸ ਸਿੰਘ, ਅਰਵਿੰਦਰ ਸਿੰਘ, ਤੀਰਥ ਸਿੰਘ, ਜਰਨੈਲ ਸਿੰਘ, ਗੁਰਚਰਨ ਸਿੰਘ, ਹਰਭਜਨ ਸਿੰਘ, ਜਗਜੀਵਨ ਸਿੰਘ, ਸੁਰਿੰਦਰ ਸਿੰਘ ਰਾਣਾ, ਲਖਬੀਰ ਸਿੰਘ, ਕੁਲਦੀਪ ਸਿੰਘ, ਗੁਰਚਰਨ ਸਿੰਘ ਸ਼ਿਵ ਵਿਹਾਰ, ਸੁਰਜੀਤ ਸਿੰਘ, ਗੁਰਮੁਖ ਸਿੰਘ ਆਦਿ ਨੇ ਇਨ੍ਹਾਂ ਬੀਬੀਆਂ ਅਤੇ ਨੌਜਵਾਨਾਂ ਦੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਸ਼ਾਮਲ ਹੋਣ ਨੂੰ ਇਕ ਉਸਾਰੂ ਕਦਮ ਕਰਾਰ ਦਿਤਾ।