ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਕਿਸਾਨ ਮੇਲਾ ਖੇਤੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਆਯੋਜਿਤ ਕੀਤਾ ਗਿਆ। ਇਸ ਮੇਲੇ ਦਾ ਉਦਘਾਟਨ ਮੁੱਖ ਪਾਰਲੀਮਾਨੀ ਸਕੱਤਰ (ਖੇਤੀਬਾੜੀ), ਪੰਜਾਬ ਸ: ਗੁਰਬਚਨ ਸਿੰਘ ਬੱਬੇਹਾਲੀ ਨੇ ਕੀਤਾ ਜਦ ਕਿ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਹਰਦੇਵ ਸਿੰਘ ਰਿਆੜ ਅਤੇ ਸਾਬਕਾ ਮੈਂਬਰ ਡਾ: ਬਲਦੇਵ ਸਿੰਘ ਬੋਪਾਰਾਏ ਵੀ ਹਾਜ਼ਰ ਸਨ।
ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਬੱਬੇਹਾਲੀ ਨੇ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ 1962 ਵਿੱਚ ਸਥਾਪਨਾ ਕੀਤੀ ਗਈ ਅਤੇ ਇਸ ਤੋਂ ਬਾਅਦ ਯੂਨੀਵਰਸਿਟੀ ਵੱਲੋਂ ਸਿਰਫ ਪੰਜਾਬ ਦੀ ਕਿਰਸਾਨੀ ਦਾ ਹੀ ਨਹੀਂ ਸਗੋਂ ਦੇਸ਼ ਦੀ ਕਿਰਸਾਨੀ ਦਾ ਭਵਿੱਖ ਸੰਵਾਰਿਆ ਹੈ। ਪੰਜਾਬ ਨੂੰ ਤਰੱਕੀ ਦੇ ਰਾਹ ਤੋਰਨ ਲਈ ਇਸ ਯੂਨੀਵਰਸਿਟੀ ਦਾ ਅਹਿਮ ਰੋਲ ਰਿਹਾ ਹੈ। ਦੇਸ਼ ਵਿੱਚ ਹਰੇ ਇਨਕਲਾਬ ਦੀ ਆਮਦ ਇਸ ਯੂਨੀਵਰਸਿਟੀ ਸਦਕਾ ਹੀ ਸੰਭਵ ਹੋ ਸਕੀ ਹੈ। ਉਨ੍ਹਾਂ ਇਸ ਮੁਬਾਰਕ ਮੌਕੇ ਤੇ ਯੂਨੀਵਰਸਿਟੀ ਦੇ ਸਾਇੰਸਦਾਨਾਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਦੇ ਉਪਰਾਲੇ ਸਦਕਾ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਇਹ ਮੇਲਾ ਆਯੋਜਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਵੇਂ ਇਕ ਵਿਦਿਆਰਥੀ ਆਪਣੇ ਅਧਿਆਪਕਾਂ ਅਤੇ ਗੁਰੂਆਂ ਨੂੰ ਨਤਮਸਤਕ ਹੁੰਦਾ ਹੈ ਉਸੇ ਤਰ੍ਹਾਂ ਕਿਸਾਨਾਂ ਨੂੰ ਵੀ ਯੂਨੀਵਰਸਿਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਤੈਅ ਦਿਲੋਂ ਅਮਲ ਵਿੱਚ ਲਿਆਉਣੀਆਂ ਚਾਹੀਦੀਆਂ ਹਨ। ਸ: ਬੱਬੇਹਾਲੀ ਨੇ ਇਸ ਮੌਕੇ ਕਿਹਾ ਕਿ ਸਾਨੂੰ ਖੇਤੀ ਵਿੱਚ ਵਿਭਿੰਨਤਾ ਲਿਆਉਣ ਲਈ ਸਹਾਇਕ ਧੰਦਿਆਂ ਨੂੰ ਅਪਣਾਉਣਾ ਚਾਹੀਦਾ ਹੈ। ਸ: ਬੱਬੇਹਾਲੀ ਨੇ ਕਿਹਾ ਕਿ ਅੱਜ ਦੀ ਖੇਤੀ ਗਿਆਨ ਦੀ ਖੇਤੀ ਹੈ, ਇਸ ਲਈ ਸਾਨੂੰ ਵੱਧ ਤੋਂ ਵੱਧ ਸਾਇੰਸਦਾਨਾਂ ਨਾਲ ਸੰਪਰਕ ਰੱਖਣਾ ਚਾਹੀਦਾ ਹੈ ਤਾਂ ਜੋ ਨਵੀਨਤਮ ਤਕਨਾਲੋਜੀ ਤੋਂ ਅਸੀਂ ਜਾਣੂੰ ਹੋ ਸਕੀਏ।
ਇਸ ਮੌਕੇ ਸ: ਰਿਆੜ ਨੇ ਬੋਲਦਿਆਂ ਕਿਹਾ ਕਿ ਮੇਲੇ ਦਾ ਉਦੇਸ਼ ‘‘ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤਿ’’ ਰੱਖਿਆ ਗਿਆ ਹੈ । ਉਨ੍ਹਾਂ ਕਿਹਾ ਕਿ ਸਾਨੂੰ ਵਿਕਾਸ ਦੇ ਰਾਹ ਪਲਾਂਘਾਂ ਪੁੱਟਣ ਦੇ ਨਾਲ ਨਾਲ ਕੁਦਰਤੀ ਸੋਮਿਆਂ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਨ੍ਹਾਂ ਕਿਸਾਨ ਮੇਲਿਆਂ ਤੋਂ ਪ੍ਰਾਪਤ ਗਿਆਨ ਨਾਲੋਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸੱਖਣੇ ਰੱਖਣਾ ਗਲਤ ਹੈ। ਉਨ੍ਹਾਂ ਕਿਹਾ ਕਿ ਆਪਣੇ ਪਰਿਵਾਰ ਦੇ ਜੀਆਂ ਨੂੰ ਇਨ੍ਹਾਂ ਮੇਲਿਆਂ ਵਿੱਚ ਜ਼ਰੂਰ ਲੈ ਕੇ ਆਓ। ਸ: ਰਿਆੜ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਐਨੇ ਪਹੁੰਚੇ ਹੋਏ ਵਿਗਿਆਨੀ ਆਪਣਾ ਵਡਮੁੱਲਾ ਸੁਨੇਹਾ ਲੈ ਕੇ ਇਨ੍ਹਾਂ ਮੇਲਿਆਂ ਦੀ ਮਾਰਫ਼ਤ ਕਿਸਾਨਾਂ ਤੀਕ ਪਹੁੰਚ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਕਮਾਦ ਦੀ ਖੇਤੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਅਤੇ ਸ਼ੂਗਰ ਮਿੱਲਾਂ ਦੀ ਸਹੂਲਤ ਕਾਰਨ ਇਸ ਸਟੇਸ਼ਨ ਤੇ ਕਮਾਦ ਖੋਜ ਕੇਂਦਰ ਵੀ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ।
ਮੇਲੇ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਸਾਨੂੰ ਖੇਤੀ ਦੀਆਂ ਮੁੱਢਲੀਆਂ ਜ਼ਰੂਰਤਾਂ ਦੀਆਂ ਲਾਗਤਾਂ ਵਿੱਚ ਕਟੌਤੀ ਕਰਨੀ ਚਾਹੀਦੀ ਹੈ। ਇਸ ਨਾਲ ਅਸੀਂ ਆਪਣੇ ਮੁਨਾਫ਼ੇ ਵਿੱਚ ਵਾਧਾ ਕਰ ਸਕਦੇ ਹਾਂ। ਇਸ ਦੇ ਨਾਲ ਨਾਲ ਵਾਤਾਵਰਨ ਦੀ ਸਾਂਭ-ਸੰਭਾਲ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਇਹ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਸਾਰੀਆਂ ਸਭਿਅਤਾਵਾਂ ਪਾਣੀ ਕਾਰਨ ਦਰਿਆਈ ਕੰਢਿਆਂ ਤੇ ਹੀ ਵਿਕਸਤ ਹੋਈਆਂ ਸਨ ਅਤੇ ਸਾਨੂੰ ਪਾਣੀ ਦੀ ਸੰਕੋਚਵੀਂ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਵਿਸ਼ੇਸ਼ ਤੌਰ ਤੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਸੰਬੰਧੀ ਵਿਕਸਤ ਤਕਨਾਲੋਜੀ ਜਿਵੇਂ ਪੱਤਾ ਰੰਗ ਚਾਰਟ, ਟੈਂਸ਼ੀਓਮੀਟਰ, ਹੈਪੀ ਸੀਡਰ, ਲੇਜ਼ਰ ਲੈਂਡ ਲੈਵਲਰ ਨੂੰ ਅਪਣਾਉਣ ਲਈ ਕਿਹਾ। ਡਾ: ਢਿੱਲੋਂ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਵਿੱਚ 6 ਹਜ਼ਾਰ ਤੋਂ ਵੱਧ ‘ਪੀ ਏ ਯੂ ਦੂਤ’ ਪਿੰਡਾਂ ਵਿੱਚ ਤਾਇਨਾਤ ਕੀਤੇ ਹਨ । ਇਨ੍ਹਾਂ ਦੂਤਾਂ ਦੀ ਮੁੱਖ ਜਿੰਮੇਂਵਾਰੀ ਸਾਇੰਸਦਾਨਾਂ ਵੱਲੋਂ ਪ੍ਰਦਾਨ ਕੀਤੀ ਸੂਚਨਾ ਕਿਸਾਨਾਂ ਤਕ ਪਹੁੰਚਾਉਣਾ ਹੈ ਅਤੇ ਕਿਸਾਨਾਂ ਵੱਲੋਂ ਦਿੱਤੀ ਪਰਤਵੀਂ ਸੂਚਨਾ ਸਾਇੰਸਦਾਨਾਂ ਤਕ ਪਹੁੰਚਾਉਣਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਖਾਦਾਂ, ਕੀਟਨਾਸ਼ਕਾਂ, ਪਾਣੀ ਆਦਿ ਦੀ ਵਰਤੋਂ ਯੂਨੀਵਰਸਿਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਦੇ ਅਨੁਕੂਲ ਹੀ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜ਼ਰੂਰਤ ਅਨੁਸਾਰ ਹੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ ਇਨ੍ਹਾਂ ਨਾਲ ਸਾਂਝ ਪਾਉਣਾ ਸਮੇਂ ਦੀ ਮੁੱਖ ਮੰਗ ਹੈ। ਡਾ: ਢਿੱਲੋਂ ਨੇ ਕਿਹਾ ਕਿ ਦੇਸ਼ ਦੀ ਪੀ ਏ ਯੂ ਪਹਿਲੀ ਯੂਨੀਵਰਸਿਟੀ ਹੈ ਜਿਸ ਨੇ 60 ਦੇ ਦਹਾਕੇ ਵਿੱਚ ਇਹ ਕਿਸਾਨ ਮੇਲੇ ਆਰੰਭ ਕੀਤੇ ਸਨ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੂੰ ਸਭਨਾਂ ਨੂੰ ਜੀ ਆਇਆਂ ਆਖਿਆ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਆਯੋਜਿਤ ਇਹ ਕਿਸਾਨ ਮੇਲੇ ਸਿਰਫ ਪੰਜਾਬ ਸੂਬੇ ਲਈ ਮਹੱਤਤਾ ਨਹੀਂ ਰੱਖਦੇ ਸਗੋਂ ਗੁਆਂਢੀ ਸੂਬਿਆਂ ਤੋਂ ਕਿਸਾਨ ਵੀ ਇਨ੍ਹਾਂ ਮੇਲਿਆਂ ਵਿੱਚ ਸ਼ਮੂਲੀਅਤ ਕਰਦੇ ਹਨ। ਉਨ੍ਹਾਂ ਕਿਸਾਨ ਮੇਲਿਆਂ ਵਿੱਚ ਕਿਸਾਨਾਂ ਦੇ ਭਾਰੀ ਇਕੱਠ ਨੂੰ ਯੂਨੀਵਰਸਿਟੀ ਅਤੇ ਕਿਸਾਨ ਵਿਚਾਲੇ ਨੇੜਲੇ ਰਿਸ਼ਤੇ ਦਾ ਨਮੂਨਾ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਨਵੀਨਤਮ ਵਿਕਸਤ ਤਕਨਾਲੋਜੀ ਅਤੇ ਸਿਫਾਰਸ਼ਾਂ ਸੰਬੰਧੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ ਅਤੇ ਇਸ ਤੋਂ ਇਲਾਵਾ ਵੱਖ ਵੱਖ ਸਹਾਇਕ ਧੰਦਿਆਂ ਸੰਬੰਧੀ ਸਿਖਲਾਈ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਯੂਨੀਵਰਸਿਟੀ ਦੇ ਸਹਿਯੋਗੀ ਨਿਰਦੇਸ਼ਕ ਖੋਜ ਡਾ: ਪਿਆਰਾ ਸਿੰਘ ਚਾਹਲ ਨੇ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਇਸ ਮੌਕੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਹਮੇਸ਼ਾਂ ਵਾਤਾਵਰਣ ਹਿਤੈਸ਼ੀ, ਘੱਟ ਖਰਚੇ ਵਾਲੀ ਅਤੇ ਸਮਾਜਿਕ ਤਾਣੇ ਬਾਣੇ ਦੇ ਅਨੁਕੂਲ ਤਕਨਾਲੋਜੀ ਵਿਕਸਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਸੋਕੇ, ਗਰਮੀ ਅਤੇ ਸਰਦੀ ਦਾ ਟਾਕਰਾ ਕਰਨ ਵਾਲੀਆਂ ਨਵੀਆਂ ਕਿਸਮਾਂ ਸੰਬੰਧੀ ਖੋਜ ਜਾਰੀ ਹੈ। ਡਾ: ਚਾਹਲ ਨੇ ਦੱਸਿਆ ਕਿ ਗੁਰਦਾਸਪੁਰ ਦਾ ਇਹ ਕੇਂਦਰ ਸਭ ਤੋਂ ਪੁਰਾਣਾ ਖੋਜ ਕੇਂਦਰ ਹੈ ਅਤੇ ਇਸ ਖੋਜ ਕੇਂਦਰ ਵੱਲੋਂ ਖੇਤਰ ਦੀਆਂ ਜ਼ਰੂਰਤਾਂ ਅਨੁਸਾਰ ਅਨੇਕਾਂ ਸਿਫਾਰਸ਼ਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ 100 ਤੋਂ ਵੱਧ ਫ਼ਸਲਾਂ ਤੇ ਖੋਜ ਕਾਰਜ ਜਾਰੀ ਹਨ ਅਤੇ ਯੂਨੀਵਰਸਿਟੀ ਹੁਣ ਤਕ 707 ਕਿਸਮਾਂ ਜਾਰੀ ਕਰ ਚੁੱਕੀ ਹੈ।
ਇਸ ਮੇਲੇ ਵਿੱਚ 100 ਤੋਂ ਵੱਧ ਸਟਾਲ ਲਗਾਏ ਗਏ ਜਿਨ੍ਹਾਂ ਵਿੱਚ ਨਵੀਨਤਮ ਮਸ਼ੀਨਰੀ, ਤਕਨੀਕਾਂ ਅਤੇ ਤਕਨਾਲੋਜੀ ਦੇ ਨਮੂਨੇ ਪ੍ਰਦਰਸ਼ਿਤ ਕੀਤੇ ਗਏ। ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਕਿਸਾਨਾਂ ਵੱਲੋਂ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਸੰਭਵ ਹੱਲ ਦੇ ਜਵਾਬ ਯੂਨੀਵਰਸਿਟੀ ਮਾਹਿਰਾਂ ਵੱਲੋਂ ਦਿੱਤੇ ਗਏ। ਇਸ ਮੌਕੇ ਖੋਜ ਕੇਂਦਰ ਦੇ ਨਿਰਦੇਸ਼ਕ ਡਾ: ਸ਼੍ਰੀਮਤੀ ਪਰਮਿੰਦਰ ਕੌਰ ਘੁੰਮਣ ਨੇ ਧੰਨਵਾਦ ਦੇ ਸ਼ਬਦ ਕਹੇ।