ਕਈ ਵਾਰ ਗੁਰੂ ਘਰਾਂ ਵਿਚ ਵੇਖੀਦਾ ਹੈ ਕਿ ਬਹੁਤ ਹੀ ਕੀਮਤੀ ਪਾਲਕੀਆਂ, ਸ਼ਰਧਾਵਾਨ ਸਿੱਖਾਂ ਵੱਲੋਂ ਚੜ੍ਹਾਈਆਂ ਜਾਂਦੀਆਂ ਹਨ। ਜਿਵੇਂ ਕਿ ਅਸੀਂ ਸੁਣਦੇ ਆ ਰਹੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦਾ ਸਰੂਪ ਜਦੋਂ ਕਿਸੇ ਨਗਰ ਕੀਰਤਨ ਦੇ ਰੂਪ ਵਿਚ ਲਿਜਾਣਾ ਹੋਵੇ ਤਾਂ ਉਸ ਸਮੇ ਪਾਲਕੀ ਵਰਤੀ ਜਾਂਦੀ ਹੈ। ਪੁਰਾਣੇ ਸਮੇ ਵਿਚ ਰਾਜਿਆਂ ਤੇ ਹੋਰ ਵੱਡੇ ਲੋਕਾਂ ਦੀ ਸਵਾਰੀ ਪਾਲਕੀ ਵਿਚ ਨਿਕਲ਼ਿਆ ਕਰਦੀ ਸੀ ਤੇ ਉਹ ਵੀ ਗ਼ੁਲਾਮਾਂ ਤੇ ਨੌਕਰਾਂ ਦੇ ਮੋਢਿਆਂ ਉਪਰ। ਫਿਰ ਵਿਆਹ ਸਮੇ ਵੀ ਲਾੜੀ ਨੂੰ ਕਹਾਰਾਂ ਦੇ ਮੋਢਿਆਂ ਉਪਰ ਚੁੱਕ ਕੇ, ਜਿਸ ਵਸਤੂ ਵਿਚ ਚੁਕ, ਪੇਕਿਆਂ ਤੋਂ ਸਹੁਰਿਆਂ ਦੇ ਘਰ ਪਹਿਲੀ ਵਾਰ ਲਿਜਾਇਆ ਜਾਂਦਾ ਸੀ ਤਾਂ ਉਸਨੂੰ ਵੀ ਡੋਲ਼ੀ ਜਾਂ ਡੋਲ਼ਾ ਆਖਿਆ ਜਾਂਦਾ ਸੀ। ਉਸਨੂੰ ਮੋਢਿਆਂ ਉਪਰ ਚੁੱਕਣ ਵਾਲੇ ਨੂੰ ਕਹਾਰ ਕਹਿੰਦੇ ਸਨ। ਇਕ ਲੋਕ ਗੀਤ ਵਿਚ ਇਸ ਪ੍ਰਥਾਇ ਇਉਂ ਵਰਨਣ ਵੀ ਹੈ:
ਡੋਲ਼ੀ ਚੁੱਕ ਲਓ ਕਹਾਰੋ ਮੇਰੀ, ਤੇ ਰੋਂਦਿਆਂ ਨੂੰ ਰੋਣ ਦਿਓ।
ਕਿਉਂਕਿ ਗੁਰੂ ਸਾਹਿਬਾਨ ਨੂੰ ਗੁਰੂ ਕੇ ਸ਼ਰਧਾਲੂ ਸਿੱਖ ਸ਼ਹਿਨਸ਼ਾਹਾਂ ਵਾਂਗ ਸਤਿਕਾਰ ਦਿਆ ਕਰਦੇ ਸਨ ਤੇ ਦੁਨਿਆਵੀ ਬਾਦਸ਼ਾਹਾਂ ਦੇ ਮੁਕਾਬਲੇ ‘ਸੱਚਾ ਪਾਤਿਸ਼ਾਹ’ ਵੀ ਆਖਿਆ ਕਰਦੇ ਸਨ; ਇਸ ਲਈ ਉਹਨਾਂ ਨੂੰ ਪਾਲਕੀ ਵਿਚ ਬੈਠਾ ਕੇ ਸ਼ਾਨੋ/ਸੌਕਤ ਅਤੇ ਸਤਿਕਾਰ ਸਹਿਤ ਇਕ ਥਾਂ ਤੋਂ ਦੂਜੇ ਥਾਂ ਤੇ ਲਿਜਾਣ ਸਮੇ ਪਾਲਕੀ ਦਾ ਪ੍ਰਯੋਗ ਹੁੰਦਾ ਸੀ। ਮੌਜੂਦਾ ਸਮੇ ਵੀ ਨਗਰ ਕੀਰਤਨਾਂ ਸਮੇ, ਦਸਾਂ ਪਾਤਿਸ਼ਾਹੀਆਂ ਦੀ ਜੋਤਿ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਪਾਲਕੀ ਵਿਚ ਸਜਾਇਆ ਜਾਂਦਾ ਹੈ ਪਰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਆਦਿ ਪੁਰਾਤਨ ਇਤਿਹਾਸਕ ਤੇ ਮਹੱਤਵਪੂਰਣ ਗੁਰਦੁਆਰਾ ਸਾਹਿਬਾਨ ਵਿਖੇ ਰੋਜ਼ਾਨਾ ਪ੍ਰਕਾਸ਼ ਕਰਨ ਸਮੇ ਪਾਲਕੀ ਦਾ ਪ੍ਰਯੋਗ ਨਹੀ ਕੀਤਾ ਜਾਂਦਾ। ਹਾਂ ਅੰਮ੍ਰਿਤ ਵੇਲ਼ੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ, ਪ੍ਰਕਾਸ਼ ਕਰਨ ਹਿਤ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ਼ਾਨੋ ਸ਼ੌਕਤ ਨਾਲ਼ ਲਿਜਾਈ ਜਾਂਦੀ ਹੈ।
ਏਥੇ ਸਿਡਨੀ ਵਿਚਲੇ ਗੁਰਦੁਆਰਾ ਸਾਹਿਬ ਦੀ ਗੱਲ ਕਰ ਲਈਏ: ਗੁਰਦੁਆਰਾ ਸਿੱਖ ਸੈਂਟਰ ਪਾਰਕਲੀ/ਗਲੈਨਵੁੱਡ ਦੇ ਉਦਘਾਟਨ ਸਮੇ, ਏਥੋਂ ਦੇ ਇਕ ਸਫ਼ਲ ਕਾਰੋਬਾਰੀ ਅਤੇ ਸਰਧਾਲੂ ਸਿੱਖ, ਸ. ਮਹਿੰਦਰ ਸਿੰਘ ਮਿਨਹਾਸ ਜੀ, ਨੇ ਬਹੁਤ ਹੀ ਕੀਮਤੀ ਪਾਲਕੀ ਕਰਤਾਰਪੁਰ ਤੋਂ ਮੰਗਵਾ ਕੇ ਸੁਸ਼ੋਭਤ ਕੀਤੀ ਸੀ। ਪਿਛਲੇ ਸਾਲ ਦੇਸੋਂ ਨਵੀ ਰੋਸ਼ਨੀ ਵਾਲੇ ਆਏ ਰਾਗੀ ਸਿੰਘਾਂ ਨੇ ਉਹ ਪਾਲਕੀ ਚੁੱਕ ਕੇ ਇਕ ਕਮਰੇ ਅੰਦਰ ਰੱਖ ਦਿਤੀ। ਮੇਰੇ ਪੁਛਣ ਤੇ ਉਹਨਾਂ ਨੇ ਪ੍ਰਕਾਸ ਸਥਾਨ ਤੇ ਪਾਲਕੀ ਨਹੀ ਹੋਣੀ ਚਾਹੀਦੀ ਵਾਲ਼ੀ ਦਲੀਲ ਦਿਤੀ। ਮੈ ਉਹਨਾਂ ਨਾਲ਼ ਸਿਧਾਂਤਕ ਤੌਰ ਤੇ ਸਹਿਮਤ ਹੁੰਦਿਆਂ ਹੋਇਆਂ ਵੀ ਆਖਿਆ ਕਿ ਅਮਲੀ ਤੌਰ ਤੇ ਇਹ ਤੁਸੀਂ ਕਰ ਨਹੀ ਸੱਕਣਾ। ਜਿਸ ਪ੍ਰੇਮੀ ਨੇ ਸ਼ਰਧਾ ਵੱਸ ਏਨਾ ਖ਼ਰਚ ਤੇ ਖੇਚਲ਼ ਕਰਕੇ ਦੇਸੋਂ ਮੰਗਵਾ ਕੇ ਏਥੇ ਸੁਸ਼ੋਭਤ ਕੀਤੀ ਹੈ, ਜਦੋਂ ਉਸਨੂੰ ਪਤਾ ਲੱਗਾ ਤਾਂ ਉਸਨੇ ਇਹ ਬਰਦਾਸ਼ਤ ਨਹੀ ਕਰਨਾ ਤੇ ਤੁਹਾਨੂੰ ਇਹ ਪਾਲਕੀ ਮੁੜ ਓਥੇ ਹੀ ਸਜਾਉਣੀ ਪੈਣੀ ਹੈ; ਭਾਵੇਂ ਤੁਸੀਂ ਕਿੰਨੀਆਂ ਵੀ ਸਿਧਾਂਤਕ ਗਿਆਨ ਦੀਆਂ ਦਲੀਲਾਂ ਦਈ ਜਾਇਓ। ਸ਼ਾਇਦ ਇਹ ਗੱਲ ਉਹਨਾਂ ਨੂੰ ਜਚ ਗਈ ਤੇ ਉਹਨਾਂ ਨੇ ਉਹ ਪਾਲਕੀ ਫਿਰ ਸਹੀ ਥਾਂ ਤੇ ਸਜਾ ਦਿਤੀ। ਕਿਸੇ ਦੇ ਪੁੱਛਣ ਤੇ ਉਹਨਾਂ ਨੇ ‘ਡਿਪਲੋਮੇਟਿਕ’ ਜਵਾਬ ਵੀ ਦੇ ਦਿਤਾ ਕਿ ਉਸਦੀ ਮੁਰੰਮਤ ਕਰਨ ਦੀ ਲੋੜ ਸੀ ਤਾਂ ਆਰਜ਼ੀ ਤੌਰ ਤੇ ਹਟਾਈ ਗਈ ਸੀ; ਠੀਕ ਕਰਕੇ ਫਿਰ ਰੱਖ ਦਿਤੀ ਹੈ।
ਇਸ ਤੋਂ ਮੈਨੂੰ ਆਪਣੇ ਨਾਲ਼ ਵਾਪਰੀ ਪੈਂਤੀ ਕੁ ਸਾਲ ਪੁਰਾਣੀ, 1973 ਦੀ ਘਟਨਾ ਚੇਤੇ ਆ ਗਈ। ਅਫ਼੍ਰੀਕਾ ਮਹਾਂ ਦੀਪ ਦੇ ਛੋਟੇ ਜਿਹੇ ਮੁਲਕ ਮਲਾਵੀ ਦੇ ਗੁਰਦੁਆਰਾ ਸਾਹਿਬ ਵਿਖੇ, ਇਕ ਐਤਵਾਰ ਦੇ ਦੀਵਾਨ ਸਮੇ ਇਕ ਸਿੰਧੀ ਸ਼ਰਧਾਲੂ ਗੁਰੂ ਨਾਨਕ ਸਾਹਿਬ ਜੀ ਦਾ ਬੁੱਤ ਬਣਾ ਕੇ ਲੈ ਆਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਟਿਕਾ ਕੇ ਮੱਥਾ ਟੇਕ ਦਿਤਾ। ਕਿਸੇ ਨੇ ਉਸਨੂੰ ਨਾ ਟੋਕਿਆ; ਨਾ ਚੰਗਾ ਆਖਿਆ ਨਾ ਮਾੜਾ। ਮੈ ਸੋਚੀਂ ਪੈ ਗਿਆ ਕਿ ਸਾਡਾ ਤਾਂ ਪਹਿਲਾਂ ਹੀ ਗੁਰੂ ਸਾਹਿਬਾਨ ਦੇ ਨਾਂ ਨਾਲ਼ ਮੜ੍ਹ ਕੇ ਬਣਾਈਆਂ ਹੋਈਆਂ ਕਾਗਜ਼ੀ ਨਕਲੀ ਮੂਰਤਾਂ ਤੋਂ ਹੀ ਖਹਿੜਾ ਨਹੀ ਛੁੱਟ ਰਿਹਾ; ਇਹ ਮਨਮੱਤ ਵਿਚ ਹੋਰ ਵਾਧਾ ਹੋਣ ਲੱਗਾ! ਦੋ ਚਾਰ ਹਫ਼ਤੇ ਤਾਂ ਉਹ ਬੁੱਤ ਓਥੇ ਪਿਆ ਰਿਹਾ; ਫਿਰ ਮੈ ਚੁੱਕ ਕੇ ਉਸਨੂੰ ਰੁਮਾਲਿਆਂ ਵਾਲ਼ੀ ਅਲਮਾਰੀ ਦੇ ਉਪਰ ਰੱਖ ਦਿਤਾ। ਹੋਰ ਦੋ ਕੁ ਮਹੀਨਿਆਂ ਪਿਛੋਂ ਓਥੋਂ ਚੁੱਕ ਕੇ ਸਟੋਰ ਵਿਚ ਜਾ ਟਿਕਾਇਆ। ਕਿਸੇ ਨੇ ਕੁਝ ਨਾ ਆਖਿਆ/ਪੁਛਿਆ।
ਪਰ ਮੈ ਏਥੇ ਇਕ ਹੋਰ ਪਾਲਕੀ ਦੀ ਗੱਲ ਕਰਨੀ ਚਾਹੁੰਦਾ ਹਾਂ ਜਿਸ ਬਾਰੇ ਕੁਝ ਮਹੀਨੇ ਧੂਆਂ ਧਾਰ ਪ੍ਰਚਾਰ ਕੀਤਾ ਗਿਆ ਕਿ ਪੰਦਰਾਂ ਕਿਲੋ ਸੋਨੇ ਦੀ ਪਾਲਕੀ ਤਿਆਰ ਕਰਕੇ ਸ੍ਰੀ ਨਨਕਾਣਾ ਸਾਹਿਬ ਭੇਜੀ ਜਾ ਰਹੀ ਹੈ। ਪਾਠਕਾਂ ਨੂੰ ਯਾਦ ਹੀ ਹੋਵੇਗਾ ਕਿ ਪੰਜਾਬ ਵਿਚ ‘ਖ਼ਫ਼ਤਾਨੀ ਰਾਜ’ ਸਮੇ ਪ੍ਰੈਸ ਵਿਚ ਬੜਾ ਰੌਲ਼ਾ ਪੈਂਦਾ ਰਿਹਾ ਸੀ ਕਿ ਪੰਦਰਾਂ ਕਿਲੋ ਸੋਨੇ ਵਿਚ ਮੜ੍ਹ ਕੇ ਪਾਲਕੀ ਸ੍ਰੀ ਨਨਕਾਣਾ ਸਾਹਿਬ ਵਿਖੇ ਭੇਟਾ ਕਰਨ ਲਈ ਲਿਜਾਈ ਜਾ ਰਹੀ ਹੈ। ਬੜੇ ਧੂੰਮ ਧੜੱਕੇ ਵਿਚ ਇਹ ਪਾਲਕੀ ਦਿੱਲੀ ਤੋਂ, ਸਰਕਾਰੀ ਤੌਰ ਤੇ ਗਾਰਡ ਆਫ਼ ਆਨਰ ਦੇ ਕੇ ਰਵਾਨਾ ਕੀਤੀ ਗਈ ਸੀ। ਹਰਿਆਣੇ ਦੀ ਹੱਦ ਤੇ ਫਿਰ ਸਰਕਾਰੀ ਤੌਰ ਤੇ ਗਾਰਡ ਆਫ਼ ਆਨਰ ਦਿਤਾ ਗਿਆ। ਪੰਜਾਬ ਦੀ ਹੱਦ ਅੰਦਰ ਇਸ ਪਾਲਕੀ ਦੇ ਦਾਖਲ ਹੋਣ ਸਮੇ ਫਿਰ ਬੜਾ ਭਾਰੀ ਸਮਾਗਮ ਕਰਕੇ, ਇਸ ਪਾਲਕੀ ਦਾ ਸਤਿਕਾਰ ਕੀਤਾ। ਇਸ ਸਾਰੇ ਰਾਮ ਰੌਲ਼ੇ ਵਿਚ ਸਰਗਰਮੀ ਨਾਲ਼ ਹਿੱਸਾ ਨਾ ਲੈਣ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਕਮੇਟੀ ਨੂੰ ਪਾਣੀ ਪੀ ਪੀ ਪ੍ਰੈਸ ਵਿਚ ਕੋਸਿਆ ਗਿਆ ਕਿ ਇਹ ਸਾਰੇ ਇਸ ‘ਮੇਲੇ’ ਵਿਚ ਸਾਮਲ ਕਿਉਂ ਨਹੀ ਹੁੰਦੇ! ਮੈ ਕਿਸੇ ਅਖ਼ਬਾਰ ਵਿਚ ਕਿਸੇ ਬਾਦਲ ਵਿਰੋਧੀ ਲੀਡਰ ਦਾ ਇਹ ਬਿਆਨ ਵੀ ਪੜ੍ਹਿਆ ਸੀ ਕਿ ਸ਼੍ਰੋਮਣੀ ਕਮੇਟੀ ਤੇ ਬਾਦਲ ਦਲੀਆਂ ਨੇ ਇਸ ਸਾਰੇ ਕੁਝ ਦਾ ਬਾਈਕਾਟ ਕਰਕੇ ਆਪਣਾ ਮੂੰਹ ਕਾਲ਼ਾ ਕਰਵਾ ਲਿਆ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਕਿਸੇ ਅਧਿਕਾਰੀ ਵੱਲੋਂ ਬਿਆਨ ਆ ਗਿਆ ਕਿ ਆ ਰਹੀਆਂ ਸੰਗਤਾਂ ਵਾਸਤੇ ਗੁਰੂ ਕਾ ਲੰਗਰ, ਸਰਾਵਾਂ ਅਤੇ ਹੋਰ ਸਾਰੇ ਵਸੀਲੇ ਹਾਜਰ ਹਨ ਪਰ ਜੇਕਰ ਤੁਸੀਂ ਆਖੋ ਕਿ ਅਸੀਂ ਪੰਦਰਾਂ ਕਿਲੋ ਸੋਨੇ ਨੂੰ ਮੱਥਾ ਟੇਕਣ ਲਈ ਸੜਕਾਂ ਤੇ ਧੁੱਪੇ ਖਲੋ ਕੇ ਧੂੜ ਫੱਕੀਏ ਤੇ ਸਿਰਾਂ ਤੇ ਖੇਹ ਪਵਾਈਏ ਤਾਂ ਇਹ ਕੰਮ ਅਸੀਂ ਨਹੀ ਕਰ ਸਕਦੇ।
ਇਸ ਜਲੂਸ ਦੇ ਪ੍ਰਬੰਧਕਾਂ ਵੱਲੋਂ, ਸਿੱਖ ਸਾਈਕੀ ਦੀ ਜਾਣਕਾਰੀ ਹੋਣ ਕਰਕੇ, ਇਕ ਨੀਤੀ ਇਹ ਵੀ ਵਰਤ ਲਈ ਗਈ ਕਿ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਤ ਕਰ ਲਿਆ ਗਿਆ। ਇਸ ਨਾਲ਼ ਇਕ ਤਾਂ ਲੋਕਾਂ ਨੂੰ ਭੁਲੇਖਾ ਰਹੇ ਕਿ ਉਹ ਸੋਨੇ ਦੀ ਪਾਲਕੀ ਨੂੰ ਨਹੀ, ਮਹਾਂਰਾਜ ਜੀ ਨੂੰ ਮੱਥਾ ਟੇਕ ਰਹੇ ਹਨ ਤੇ ਦੂਜਾ ਇਸ ਬਹਾਨੇ ਮਾਇਆ ਦੇ ਵੀ ਗਹਿਰੇ ਗੱਫੇ ਇਕੱਠੇ ਹੋ ਜਾਣਗੇ; ਤੇ ਉਹ ਯਕੀਨਨ ਹੋਏ ਵੀ ਹੋਣਗੇ। ਇਹ ਤਾਂ ਪ੍ਰਬੰਧਕ ਹੀ ਦੱਸ ਸਕਦੇ ਹਨ ਕਿ ਕਿੰਨੇ ਹੋਏ ਤੇ ਉਹ ਕਿਸ ਸ਼ੁਭ ਕਾਰਜ ਵਾਸਤੇ ਖ਼ਰਚ ਕੀਤੇ ਗਏ! ਵੈਸੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਸਤਿਕਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਬਾਰੇ ਕੋਈ ਦੋ ਰਾਵਾਂ ਨਹੀ ਹੋ ਸਕਦੀਆਂ। ਹਰੇਕ ਸਿੱਖ ਦਾ ਇਹ ਧਾਰਮਿਕ ਫ਼ਰਜ਼ ਬਣਦਾ ਹੈ ਕਿ ਉਹ ਵਿਤ ਅਨੁਸਾਰ ਪੂਰੀ ਸ਼ਰਧਾ ਸਹਿਤ ਸਤਿਕਾਰ ਕਰੇ। ਜੇਕਰ ਸੋਨੇ ਦੀ ਪਾਲਕੀ ਵਿਚ ਸੁਸ਼ੋਭਤ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਏਨੇ ਵਡੇ ਪੈਮਾਨੇ ਤੇ ਕੀਤਾ ਜਾ ਸਕਦਾ ਹੈ ਤਾਂ ਫਿਰ ਇਹ ਵੀ ਪ੍ਰੈਸ ਵਿਚ ਲਿਖਿਆ ਪੜ੍ਹਨ ਨੂੰ ਮਿਲ਼ਿਆ ਸੀ ਕਿ ਏਹਨੀਂ ਦਿਨੀਂ ਹੀ ਪਾਕਿਸਤਾਨੋਂ ਗੁਰੂ ਜੀ ਦੇ ਸੱਤਰ ਬਿਰਧ ਸਰੂਪ ਵੀ ਓਸੇ ਸਮੇ ਆਏ ਸਨ; ਉਹਨਾਂ ਦੇ ਸਤਿਕਾਰ ਲਈ ਕੋਈ ਪ੍ਰਬੰਧ ਨਹੀ ਸੀ ਕੀਤਾ ਗਿਆ। ਇਸ ਸਾਰੇ ਕੁਝ ਤੋਂ ਫਿਰ ਏੇਹੀ ਅੰਦਾਜ਼ਾ ਲਾਉਣਾ ਪਵੇਗਾ ਇਹ ਸਾਰਾ ਵਿਖਾਵਾ ਤੇ ਆਡੰਬਰ ਕੇਵਲ ਤੇ ਕੇਵਲ ਸੋਨੇ ਦੀ ਪਾਲਕੀ ਕਰਕੇ ਹੀ ਸੀ; ਜਾਂ ਫਿਰ ਅਕਾਲੀ ਵਿਰੋਧੀਆਂ ਨੇ ਉਸ ਸਮੇ ਆ ਰਹੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿਚ ਲਾਹਾ ਖੱਟਣ ਲਈ ਕੋਈ ਉਪ੍ਰਾਲਾ ਕੀਤਾ ਹੋਵੇ। ਸੀਟਾਂ ਤਾਂ ਭਾਵੇਂ ਇਸ ਚੋਣਾਾਂ ਸਮੇ ਉਹ ਅਕਾਲੀਆਂ ਦੇ ਰਵਾਇਤੀ ਗੜ੍ਹ ਮਾਲਵੇ ਵਿਚੋਂ, ਇਹਨਾਂ ਪਾਸੋਂ ਵਾਹਵਾ ਸਾਰੀਆਂ ਖੋਹਣ ਵਿਚ ਕਾਮਯਾਬ ਹੋ ਗਏ ਪਰ ਸਰਕਾਰ ਫਿਰ ਵੀ ਨਾ ਬਣਾ ਸਕੇ; ਜਿਸ ਵਾਸਤੇ ਇਹ ਸਾਰਾ ਵਿਖਾਵਾ ਤੇ ਆਡੰਬਰ ਰਚਿਆ ਗਿਆ ਸੀ। ਇਹ ਸਾਰੀ ਜਾਣਕਾਰੀ ਮੈਨੂੰ ਏਥੇ ਸਿਡਨੀ ਬੈਠੇ ਨੂੰ ਕੇਵਲ ਪ੍ਰੈਸ ਤੋਂ ਹੀ ਪ੍ਰਾਪਤ ਹੋਈ ਹੈ। ਇਸਨੂੰ ਮੈ ਸਿਰਫ਼ ਆਪਣੇ ਸ਼ਬਦਾਂ ਵਿਚ ਲਿਖ ਹੀ ਰਿਹਾ ਹਾਂ। ਮੇਰੀ ਪੂਰੀ ਕੋਸ਼ਿਸ਼ ਹੈ ਕਿ ਵਾਧੇ ਘਾਟੇ ਤੋਂ ਬਿਨਾ, ਕਿਸੇ ਦੀ ਵਡਿਆਈ ਜਾਂ ਛੁਟਿਆਈ ਵਾਲ਼ੇ ਵਿਚਾਰਾਂ ਤੋ ਉਪਰ ਉਠ ਕੇ, ਕੇਵਲ ਤੇ ਕੇਵਲ ਸਚਾਈ ਹੀ ਬਿਆਨੀ ਜਾਵੇ। ਜੇਕਰ ਕੋਈ ਵਧੇਰੇ ਜਾਣਕਾਰੀ ਰੱਖਣ ਵਾਲ਼ਾ ਸੱਜਣ ਮੇਰੀ ਇਸ ਅਧੂਰੀ ਜਾਣਕਾਰੀ ਨੂੰ ਪੂਰੀ ਕਰਨਾ ਚਾਹੇ ਜਾਂ ਇਸ ਵਿਚਲੀ ਅਧੂਰੀ ਸੱਚਾਈ ਨੂੰ ਸੋਧਣਾ ਚਾਹੇ ਤਾਂ ਮੈ ਉਸਦਾ ਧੰਨਵਾਦੀ ਹੋਵਾਂਗਾ।
ਇਸ ਸਾਰੇ ਵਾਵਰੋਲ਼ੇ ਦਾ ਘੱਟਾ ਕੁਝ ਬੈਠਾ ਹੀ ਸੀ ਕਿ ਪਾਕਿਸਤਾਨੋ ਹੋਰ ਤਰ੍ਹਾਂ ਦੀਆਂ ਖ਼ਬਰਾਂ ਆਉਣ ਲੱਗ ਪਈਆਂ। ਉਹ ਕੁਝ ਇਸ ਪ੍ਰਕਾਰ ਸਨ: ਨਾਨਕਾਣਾ ਸਾਹਿਬ ਦੇ ਸਿੱਖਾਂ ਨੇ ਇਸ ਪਾਲਕੀ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਸਥਾਪਤ ਕਰਨ ਤੋਂ ਇਨਕਾਰ ਕਰ ਦਿਤਾ ਹੈ। ਹੁਣ ਇਹ ਪਾਲਕੀ ਬਾਹਰ ਹੀ ਰੱਖੀ ਹੋਈ ਹੈ ਤੇ ਇਸ ਉਪਰ ਚੌਵੀ ਘੰਟੇ ਪੁਲਸ ਦਾ ਪਹਿਰਾ ਹੁੰਦਾ ਹੈ। ਓਥੋਂ ਦੇ ਸਿੱਖਾਂ ਦਾ ਕਹਿਣਾ ਹੈ ਕਿ ਅਸੀਂ ਪਹਿਲੀ ਇਤਿਹਾਸਕ ਪਾਲਕੀ ਨੂੰ ਕਿਉਂ ਭੰਨ ਕੇ ਬਾਹਰ ਸੁੱਟੀਏ! ਅੱਜ ਇਸਨੂੰ ਸੋਨੇ ਦੀ ਸਮਝ ਕੇ ਪਹਿਲੀ ਨੂੰ ਭੰਨ ਕੇ ਇਸ ਲਈ ਥਾਂ ਬਣਾਈਏ ਫਿਰ ਕੋਈ ਹੀਰੇ ਜਵਾਹਰਾਂ ਦੀ ਪਾਲਕੀ ਲਿਆ ਕੇ ਇਸਨੂੰ ਭੰਨਣ ਲਈ ਆਖੇਗਾ। ਪਹਿਲੀ ਪਾਲਕੀ ਦਾ ਕੀ ਵਿਗੜਿਆ ਹੈ ਕਿ ਉਸਨੂੰ ਬਾਹਰ ਸੁੱਟਿਆ ਜਾਵੇ! ਕੁਝ ਸਮੇ ਪਿਛੋਂ ਫਿਰ ਇਕ ਇਹ ਵੀ ਖ਼ਬਰ ਆਈ ਕਿ ਪਾਕਿਸਤਾਨੀ ਅਧਿਕਾਰੀ ਆਖਦੇ ਨੇ ਕਿ ਇਸ ਪਾਲਕੀ ਦੀ ਬਣਤਰ ਵਿਚ ਪੰਦਰਾਂ ਕਿਲੋ ਨਹੀ ਸਿਰਫ਼ ਡੇਢ ਕਿਲੋ ਸੋਨਾ ਹੀ ਲੱਗਿਆ ਹੈ। ਬਹੁਤ ਸਮਾ ਭਾਰਤ ਵਿਚਲੇ ਜ਼ਿਮੇਵਾਰ ਸੱਜਣ ਇਸ ਬਾਰੇ ਚੁੱਪ ਰਹੇ। ਫਿਰ ਇਕ ਜ਼ਿਮੇਵਾਰ ਸੱਜਣ ਨੇ ਮੂੰਹ ਖੋਹਲਿਆ ਤੇ ਦੱਸਿਆ ਕਿ ਫਲਾਣੇ ਸੰਤ ਨੇ ਇਹ ਪਾਲਕੀ ਬਣਵਾਈ ਸੀ ਤੇ ਓਸੇ ਨੂੰ ਪਤਾ ਹੋਵੇਗਾ ਕਿ ਇਸ ਉਪਰ ਕਿੰਨਾ ਸੋਨਾ ਲੱਗਿਆ ਹੈ! ਕੁਝ ਦਿਨਾਂ ਪਿਛੋਂ ਉਸ ਸੰਤ ਜੀ ਦਾ ਬਿਆਨ ਆ ਗਿਆ ਕਿ ਉਹਨਾਂ ਦਾ ਮੁਖੀ ਚੇਲਾ ਕੁਝ ਕਰੋੜ ਰੁਪਏ ਤੇ ਕੁਝ ਕਿਲੋ ਸੋਨਾ ਲੈ ਕੇ ਫਰਾਰ ਹੋ ਗਿਆ ਹੈ।
ਪਹਿਲਾਂ ਤਾਂ ਜਦੋਂ ਇਸ ਪਾਲਕੀ ਨੂੰ ਬਣਾਉਣ ਅਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਪੁਚਾਉਣ ਦੀਆ ਖ਼ਬਰਾਂ ਆਏ ਦਿਨ ਪੰਜਾਬੀ ਪ੍ਰੈਸ ਦਾ ਸ਼ਿੰਗਾਰ ਬਣ ਰਹੀਆਂ ਸਨ ਅਤੇ ਇਸ ਬਾਰੇ ਭਾਰੀ ਹੰਗਾਮੇ ਹੋ ਰਹੇ ਸਨ ਤਾਂ ਖਿਆਲ ਆਉਣਾ ਕਿ ਉਸ ਮੁਲਕ ਵਿਚ, ਜਿਥੇ ਸਾਡੇ ਗੁਰਦੁਆਰਿਆਂ ਦੀਆਂ ਇੱਟਾਂ ਤੇ ਫ਼ਰਸ਼ ਵੀ ਲੋਕੀਂ ਪੁੱਟ ਕੇ ਲੈ ਗਏ ਹੋਏ ਹਨ; ਸੈਂਕੜੇ ਇਤਿਹਾਸਕ ਤੇ ਹਜਾਰਾਂ ਬਾਕੀ ਦੇ ਗੁਰਦੁਆਰੇ ਅਲੋਪ ਹੋ ਚੁਕੱੇ ਹੋਏ ਹਨ ਓਥੇ ਪੰਦਰਾਂ ਕਿਲੋ ਸੋਨਾ ਭੇਜਣ ਦੀ ਕੀ ਲੋੜ ਹੈ! ਫਿਰ ਇਹ ਖਿਆਲ ਆਉਣ ਤੇ ਚੁੱਪ ਹੋ ਜਾਣਾ ਕਿ ਮੇਰੇ ਕੋਲ਼ੋਂ ਇਸ ਕਾਰਜ ਲਈ ਨਾ ਕਿਸੇ ਸਲਾਹ ਪੁੱਛੀ, ਨਾ ਕਿਸੇ ਉਗ੍ਰਾਹੀ ਮੰਗੀ ਤੇ ਨਾ ਹੀ ਮੈ ਇਸ ਸਾਰੇ ਕੁਝ ਵਿਚ ਦਵਾਨੀ ਹਿੱਸਾ ਹੀ ਪਾਇਆ। ਮੈ ਐਵੇਂ ਹੀ, “ਤੂੰ ਕੌਣ? ਮੈ ਖਾਹ ਮਖਾਹ!!” ਬਣਕੇ, “ਸੱਦੀ ਨਾ ਬੁਲਾਈ। ਮੈ ਲਾੜੇ ਦੀ ਤਾਈ।“ ਵਾਲ਼ਾ ਨਿਕੰਮਾ ਕੰਮ ਕਰਾਂ!
ਪਾਠਕ ਜਾਨਣਾ ਚਾਹੁਣਗੇ ਕਿ ਸਮੇ ਸਿਰ ਤਾਂ ਮੈ ਚੁੱਪ ਰਿਹਾ; ਫਿਰ ਹੁਣ ਇਸ ਬਹੀ ਕੜ੍ਹੀ ਵਿਚ ਉਬਾਲ਼ ਆਉਣ ਦਾ ਕੀ ਕਾਰਨ? ਇਹ ਇਸ ਲਈ ਯਾਦ ਆਇਆ ਕਿ ਜਦੋਂ ਮੈ ਇਸ ਵਰੀਂ, 11 ਨਵੰਬਰ ਨੂੰ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਜਾਣ ਲੱਗਿਆ ਤਾਂ ਮੇਰੇ ਹੱਥ ਵਿਚ ਕਿਤਾਬਾਂ ਵਾਲ਼ੀ ਗਠੜੀ ਵੇਖ ਕੇ ਪੁਲਸ ਵਾਲ਼ਿਆਂ ਨੇ ਅੰਦਰ ਜਾਣੋ, ਭਾਵੇਂ ਨਰਮੀ ਨਾਲ਼ ਹੀ ਪਰ ਦ੍ਰਿੜ੍ਹਤਾ ਸਹਿਤ ਰੋਕ ਦਿਤਾ। ਫਿਰ ਮੈ ਆਰਜ਼ੀ ਤੌਰ ਤੇ ਉਹ ਪੋਟਲੀ ਟਿਕਾਉਣ ਵਾਸਤੇ ਆਲ਼ੇ ਦੁਆਲ਼ੇ ਝਾਕਣ ਲੱਗਾ। ਇਕ ਲੰਗਰ ਵਾਲ਼ੇ ਥਾਂ ਗਿਆ ਤਾਂ ਓਥੇ ਟਕਸਾਲੀ ਦਿੱਖ ਵਾਲ਼ੇ ਨੌਜਵਾਨਾਂ ਨੇ ਕੁਝ ਪੁੱਛ ਪੁਛੱਈਏ ਪਿਛੋਂ, ਗਠੜੀ ਤਾਂ ਕੁਝ ਸਮੇ ਲਈ ਰੱਖਣੀ ਮੰਨ ਲਈ ਪਰ ਨਾਲ਼ ਹੀ ਬੜਾ ਹੁੱਬ ਕੇ ਦੱਸਿਆ ਕਿ ਸੋਨੇ ਦੀ ਪਾਲਕੀ ਵਿਚ ਸਾਡੇ ਵੱਲੋਂ, ਅਰਥਾਤ ਕੈਨੇਡਾ ਦੀ ਟਕਸਾਲੀ ਸੰਗਤ ਵੱਲੋਂ ਅਖੰਡਪਾਠ ਹੋ ਰਿਹਾ ਹੈ। ਜਨਮ ਸਥਾਨ ਵਾਲ਼ੇ ਦਰਬਾਰ ਦੇ ਅੰਦਰ ਮੱਥਾ ਟੇਕਣ ਉਪ੍ਰੰਤ ਮੈ ਉਚੇਚਾ ਉਸ ਸਥਾਨ ਵੱਲ ਵਧਿਆ ਜਿਥੇ ਇਸ ਪਾਲਕੀ ਵਿਚ ਅਖੰਡਪਾਠ ਚੱਲ ਰਿਹਾ ਸੀ। ਸ਼ੀਸ਼ੇ ਦੀਆਂ ਦੀਵਾਰਾਂ ਅੰਦਰ ਇਹ ਪਾਲਕੀ ਬਿਰਾਜ ਰਹੀ ਸੀ ਤੇ ਇਸ ਵਿਚ ਹੀ ਅਖੰਡਪਾਠ ਚੱਲ਼ ਰਿਹਾ ਸੀ। ਮੈ ਮੱਥਾ ਟੇਕ ਕੇ ਮੁੜ ਆਇਆ। ਬੱਲੇ ਬੱਲੇ ਜਾਈਏ ਸਿੱਖ ਸ਼ਰਧਾਲੂਆਂ ਦੇ! ਸਾਰੇ ਭਾਰਤ ਵਿਚ ਕਰੋੜਾਂ ਦੀ ਗਿਣਤੀ ਵਿਚ ਖਿੱਲਰੇ ਹੋਏ, ਵਣਜਾਰੇ, ਸਿਕਲੀਗਰ ਆਦਿ ਸ਼੍ਰੇਣੀਆਂ ਦੇ ਗਰੀਬ ਸਿਖਾਂ ਪਾਸ ਨਾ ਕੋਈ ਕਿਤਾਬ, ਨਾ ਘਰ, ਨਾ ਪਾਣੀ ਲਈ ਨਲ਼ਕਾ, ਨਾ ਸਿਰ ਤੇ ਛੱਤ, ਪਰ ਵਿਰੋਧੀ ਮੁਲਕ ਨੂੰ ਪੰਦਰਾਂ ਕਿਲੋ ਸੋਨਾ ਭੇਜਣ ਲਈ ਪਤਾ ਨਹੀ ਕਿੰਨੀਆਂ ਬੀਬੀਆਂ ਭੈਣਾਂ ਨੇ ਆਪਣੇ ਗਲ਼ੋਂ, ਕੰਨੋ, ਹੱਥੋਂ, ਸੋਨੇ ਦੇ ਗਹਿਣੇ ਉਤਾਰ ਕੇ ਭੇਟਾ ਕਰ ਦਿਤੇ ਹੋਣਗੇ!
“ਦਾਤਾ ਦਾਨ ਕਰੇ ਤੇ ਵੇਖਣ ਵਾਲ਼ੇ ਨੂੰ ਤਕਲੀਫ਼ ਹੋਵੇ।” ਵਾਲ਼ੀ ਗੱਲ ਹੀ ਸ਼ਾਇਦ ਮੇਰੇ ਉਪਰ ਢੁਕਦੀ ਹੋਵੇ! ਵਾਹਿਗੁਰੂ ਜੀ ਬਖ਼ਸ਼ਣ ਮੇਰੇ ਵਰਗੇ ਨਿੰਦਕ ਨੂੰ ਪਰ ਮੇਰੇ ਪਾਸੋਂ ਬੁੜ੍ਹੀ ਦੇ ਸੇਹਰੇ ਸਾੜਨ ਵਾਂਗ ਗੱਲ ਕਰਨ ਤੋਂ ਰਿਹਾ ਨਹੀ ਜਾਂਦਾ; ਭਾਵੇਂ ਕਿ ਇਸ ਕਾਰਨ ਕਈ ਵਾਰ ਨਤੀਜੇ ਬੜੇ ਸਖ਼ਤ ਭੁਗਤਣੇ ਪੈਂਦੇ ਹਨ; ਪਰ, “ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ਼।” ਦੇ ਅਖਾਣ ਵਾਂਗ ਹੁਣ ਬੁਢੇ ਵਾਰੇ ਕੀ ਪੁਰਾਣੀ ਆਦਤ ਵਿਚ ਸੁਧਾਰ ਹੋ ਸਕਦਾ ਹੈ!
ਵਾਰਸ ਸ਼ਾਹ ਨੇ ਵੀ ਤਾਂ ਇਸ ਬਾਰੇ ਆਖ ਹੀ ਦਿਤਾ ਸੀ:
ਵਾਰਸ਼ ਸ਼ਾਹ ਨਾ ਵਾਦੀਆਂ ਜਾਂਦੀਆਂ ਨੇ
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।
ਇਸ ਪ੍ਰਥਾਇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਫੁਰਮਾਣ ਵੀ ਹੈ:
ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਹਿ॥ (549)
ਸਾਨੂੰ ਇਹ ਵੀ ਨਹੀ ਭੁੱਲਣਾ ਚਾਹੀਦਾ ਕਿ ਗੁਰੂ ਨਾਨਕ ਪਾਤਿਸ਼ਾਹ ਦਾ ਫੁਰਮਾਨ ਇਉਂ ਵੀ ਹੈ:
ਅਕਲੀ ਸਾਹਿਬੁ ਸੇਵੀਐੈ ਅਕਲੀ ਪਾਈਐ ਮਾਨੁ॥
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥ (ਪੰਨਾ 1245)