ਇਸਲਾਮਾਬਾਦ- ਪਾਕਿਸਤਾਨ ਵਿੱਚ ਮੈਕਡੋਨਲਡ ਦੇ ਇੱਕ ਰੈਸਟੋਰੈਂਟ ਵਿੱਚ ਮੈਨੇਜਰ ਵੱਲੋਂ ਪਤੀ-ਪਤਨੀ ਨੂੰ ਇੱਕ ਦੂਸਰੇ ਦੇ ਨਾਲ ਬੈਠਣ ਤੋਂ ਮਨ੍ਹਾਂ ਕਰ ਦਿੱਤਾ ਗਿਆ। ਰੈਸਟੋਰੈਂਟ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਇਸਲਾਮੀ ਪਰੀਵਾਰਿਕ ਮਹੌਲ ਤੇ ਗਲਤ ਪ੍ਰਭਾਵ ਪਵੇਗਾ।
ਕਰਾਚੀ ਦੇ ਇੱਕ ਮੈਕਡੋਨਲਡ ਰੈਸਟੋਰੈਂਟ ਵਿੱਚ ਐਕਸਪੋਰਟਰ ਅੰਸਾਰੀ ਦੇ ਨਾਲ ਇਹ ਘਟਨਾ ਵਾਪਰੀ। ਉਹ ਆਪਣੇ ਕਿਸੇ ਦੋਸਤ ਦੀ ਜਨਮ ਦਿਨ ਦੀ ਪਾਰਟੀ ਤੋਂ ਵਾਪਿਸ ਪਰਤਦੇ ਹੋਏ ਦੋਵੇਂ ਪਤੀ-ਪਤਨੀ ਰੈਸਟੋਰੈਂਟ ਵਿੱਚ ਰੁਕੇ। ਅੰਸਾਰੀ ਉਥੇ ਆਪਣੀ ਪਤਨੀ ਦੇ ਨਾਲ ਵਾਲੀ ਕੁਰਸੀ ਤੇ ਬੈਠ ਗਏ ਅਤੇ ਹੱਥ ਆਪਣੀ ਪਤਨੀ ਦੀ ਕੁਰਸੀ ਦੀ ਬੈਕ ਤੇ ਰੱਖ ਦਿੱਤਾ ਤਾਂ ਮੈਕਡੋਨਲਡ ਦੇ ਇੱਕ ਕਰਮਚਾਰੀ ਨੇ ਉਨ੍ਹਾਂ ਦੇ ਕੋਲ ਆ ਕੇ ਕਿਹਾ ਕਿ ਉਹ ਆਪਣੀ ਪਤਨੀ ਦੇ ਸਾਹਮਣੇ ਵਾਲੀ ਸੀਟ ਤੇ ਬੈਠ ਜਾਣ। ਅੰਸਾਰੀ ਦੇ ਇਹ ਪੁੱਛਣ ਤੇ ਕਿ ਉਹ ਆਪਣੀ ਪਤਨੀ ਦੇ ਨਾਲ ਕਿਉਂ ਨਹੀਂ ਬੈਠ ਸਕਦੇ ਤਾਂ ਕਰਮਚਾਰੀ ਨੇ ਕਿਹਾ ਕਿ ਇਹ ਪਰੀਵਾਰਿਕ ਰੈਸਟੋਰੈਂਟ ਹੈ। ਪਤੀ-ਪਤਨੀ ਦਾ ਇਸ ਤਰ੍ਹਾਂ ਨਜ਼ਦੀਕ ਬੈਠਣਾ ਮੈਕਡੋਨਲਡ ਪਾਕਿਸਤਾਨ ਦੀਆਂ ਨੀਤੀਆਂ ਦੇ ਵਿਰੁੱਧ ਹੈ ਕਿਉਂਕਿ ਇਹ ਪਰੀਵਾਰਿਕ ਮਹੌਲ ਦੇ ਖਿਲਾਫ਼ ਹੈ। ਅੰਸਾਰੀ ਦੇ ਇਹ ਕਹਿਣ ਤੇ ਕਿ ਉਹ ਸ਼ਾਦੀਸ਼ੁਦਾ ਹਨ ਤਾਂ ਕਰਮਚਾਰੀ ਨੇ ਕਿਹਾ, ਮੈਨੂੰ ਮਾਫ਼ ਕਰੋ ਜਨਾਬ ਪਰ ਤੁਸੀਂ ਇੱਕਠੇ ਨਹੀਂ ਬੈਠ ਸਕਦੇ।
ਅੰਸਾਰੀ ਨੇ ਇਹ ਮੁੱਦਾ ਰੈਸਟੋਰੈਂਟ ਦੇ ਉਚ ਅਧਿਕਾਰੀਆਂ ਕੋਲ ਵੀ ਉਠਾਇਆ , ਪਰ ਮੈਨੇਜਰਾਂ ਨੇ ਵੀ ਇਹ ਕਹਿ ਕੇ ਆਪਣੀ ਬੇਬਸੀ ਜਾਹਿਰ ਕੀਤੀ ਕਿ ਇਹ ਫੈਸਲਾ ਮੈਨੇਜਮੈਂਟ ਦੇ ਹਾਈ ਲੈਵਲ ਦਾ ਹੈ।ਕਪਲ ਭਾਂਵੇ ਸ਼ਾਦੀਸ਼ੁਦਾ ਹੀ ਹੋਵੇ ਪਰ ਨਾਲ ਬੈਠਣ ਨਾਲ ਮੈਕਡੋਨਲਡ ਦੇ ਇਸਲਾਮੀ ਪਰਿਵਾਰਿਕ ਮਹੌਲ ਤੇ ਉਲਟ ਪ੍ਰਭਾਵ ਪੈਂਦਾ ਹੈ।