ਅੰਮ੍ਰਿਤਸਰ:-ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਅਤੇ ਭਾਈ ਰਾਮ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੋਂ ਜਾਰੀ ਸਾਂਝੇ ਬਿਆਨ ‘ਚ ਸ.ਅਜਮੇਰ ਸਿੰਘ ਹੇਰ ਦੇ ਉਸ ਬਿਆਨ ਜਿਸ ਵਿੱਚ ਉਨ੍ਹੇ ਪ੍ਰਚਾਰ ਦੀ ਘਾਟ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸਫ਼ਲ ਦੱਸਿਆ ਹੈ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਸੰਸਥਾ ਨੂੰ ਕੋਸਣ ਤੋਂ ਪਹਿਲਾਂ ਸ.ਅਜਮੇਰ ਸਿੰਘ ਹੇਰ ਆਪਣੇ ਗਿਰੇਬਾਨ ਵੱਲ ਝਾਕੇ।
ਜਥੇਦਾਰ ਮਹਿਤਾ ਤੇ ਭਾਈ ਰਾਮ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਗ੍ਹਾ-ਜਗ੍ਹਾ ਮਿਸ਼ਨਰੀ ਸਕੂਲ, ਕਾਲਜ ਖ੍ਹੋਲੇ ਗਏ ਹਨ, ਤਕਰੀਬਨ ਪਿੰਡ ਪੱਧਰ ਤੱਕ ਪ੍ਰਚਾਰਕਾਂ ਨੂੰ ਭੇਜਿਆ ਜਾ ਰਿਹਾ ਹੈ। ਪ੍ਰੰਤੂ ਹੇਰ ਦੱਸਣ ਦੀ ਖੇਚਲ ਕਰਨ ਕਿ ਉਨ੍ਹਾਂ ਵੱਲੋਂ ਹੁਣ ਤੱਕ ਕੀ ਪ੍ਰਾਪਤੀ ਹੈ। ਸ਼੍ਰੋਮਣੀ ਕਮੇਟੀ ਖਿਲਾਫ ਬਿਆਨ ਦੇਣਾ ਕੇਵਲ ਫੋਕੀ ਸ਼ੋਹਰਤ ਹਾਸਲ ਕਰਨ ਤੋਂ ਸਿਵਾ ਕੁਝ ਵੀ ਨਹੀ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਚੈਨਲ ਤੇ ਚਲਦੇ ਕੌਣ ਬਣੇਗਾ ਕਰੋੜ ਪਤੀ ਪ੍ਰੋਗਰਾਮ ਵਿੱਚ ਅੰਮ੍ਰਿਤਸਰ ਦੇ ਨੌਜਵਾਨ ਕੰਵਰ ਸੁਰਤੇਜ ਸਿੰਘ ਜੇਕਰ ਸਵਾਲਾਂ ਦੇ ਜੁਆਬ ਦੇਣ ਵਿੱਚ ਅਸਮਰੱਥ ਰਹੇ ਹਨ ਤਾਂ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਕਸੂਰਵਾਰ ਨਹੀ ਬਲਕਿ ਉਸਦਾ ਪਰਿਵਾਰ (ਮਾਂ-ਬਾਪ) ਉਸ ਦੀ ਨਕਾਮੀ ਲਈ ਜਿੰਮੇਵਾਰ ਹੈ, ਜਿੰਨ੍ਹਾਂ ਨੇ ਬਚਪਨ ਤੋਂ ਆਪਣੇ ਬੱਚੇ ਨੂੰ ਸਿੱਖ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਬਾਰੇ ਮੁੱਢਲੀ ਜਾਣਕਾਰੀ ਵੀ ਨਹੀ ਦਿੱਤੀ।
ਉਨ੍ਹਾਂ ਕਿਹਾ ਕਿ ਸੰਸਥਾ ਦਾ ਕੰਮ ਹੈ ਸਿੱਖੀ ਦੇ ਪ੍ਰਚਾਰ ਪਸਾਰ ਲਈ ਗੁਰਮਤਿ ਕੈਂਪ ਦੀਵਾਨ ਤੇ ਧਾਰਮਿਕ ਮੁਕਾਬਲੇ ਕਰਵਾਉਣੇ। ਪ੍ਰੰਤੂ ਕਿਸੇ ਦੇ ਦਿਮਾਗ ‘ਚ ਕੁਝ ਵੀ ਘੋਟ ਨਹੀ ਪਾਇਆ ਜਾ ਸਕਦਾ। ਧਾਰਮਿਕ ਪ੍ਰਿਖਿਆ ‘ਚ ਸਲਾਨਾ ਟੈਸਟ ਸਮੇਂ 27484 ਵਿਦਿਆਰਥੀਆਂ ਨੇ ਭਾਗ ਲਿਆ ਹੈ। ਜਿਸ ਵਿੱਚ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਦਰਜਾ ਪ੍ਰਾਪਤ ਵਿਦਿਆਰਥੀਆਂ ਨੂੰ 2155500/-ਰੁਪਏ ਦੇ ਨਗਦ ਇਨਾਮ ਦਿੱਤੇ ਜਾ ਰਹੇ ਹਨ। ਫਿਰ ਅਸੀਂ ਧਾਰਮਿਕ ਪੱਤਰ ਵਿਹਾਰ ਕੋਰਸ ਸ਼ੁਰੂ ਕੀਤਾ ਹੈ ਜਿਸ ਵਿੱਚ ਹਰ ਵਰਗ ਦੇ ਹਜਾਰਾਂ ਹੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਹੈ। ਜੇਕਰ ਅਜਿਹੇ ਵਿਦਿਆਰਥੀ ਰੁਚੀ ਹੀ ਨਹੀਂ ਲੈਦੇ ਤਾਂ ਫਿਰ ‘ਹੇਰ’ ਵਰਗੇ ਵਿਅਕਤੀ ਨੂੰ ਹੀ ਚਾਹੀਦਾ ਹੈ ਕਿ ਉਹ ਉਨ੍ਹਾਂ ਤੱਕ ਪਹੁੰਚ ਕਰੇ।
ਉਹਨਾਂ ਕਿਹਾ ਕਿ ਹੇਰ ਨੇ ਤਾਂ ਉਹ ਕਹਾਵਤ ਸੱਚ ਕਰ ਵਖਾਈ ਹੈ ਕਿ ‘ਪਿਆਸ ਮੈਨੂੰ ਲੱਗੀ ਹੈ ਪਰ ਪਾਣੀ ਤੁਸੀਂ ਪੀਓ’। ਸ.ਹੇਰ ਨੂੰ ਸਲਾਹ ਦਿੱਤੀ ਹੈ ਕਿ ਫੋਕੀ ਵਾਹ-ਵਾਹ ਹਾਸਲ ਕਰਨ ਦੀ ਬਜਾਏ ਕੁਝ ਹੱਥੀਂ ਵੀ ਕਰੋ। ਜੇਕਰ ਤੁਸੀਂ ਵੀ ਸਿੱਖ ਹੋ ਤਾਂ ਤੁਹਾਡੀ ਜੁੰਮੇਵਾਰੀ ਕੇਵਲ ਇੰਨ੍ਹੀ ਹੀ ਨਹੀ ਕਿ ਅਖਬਾਰੀ ਸ਼ੇਰ ਬਣਕੇ ਕੌਮੀ ਸੰਸਥਾਵਾਂ ਤੇ ਚਿਕੜ ਸੁਟੋ।
ਜਥੇਦਾਰ ਮਹਿਤਾ ਤੇ ਭਾਈ ਰਾਮ ਸਿੰਘ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਹੇਰ ਵਰਗੇ ਲੋਕਾਂ ਤੋਂ ਸੁਚੇਤ ਰਹੋ ਜੋ ਹੱਥੀਂ ਕੱਖ ਭੰਨ ਕੇ ਦੋਹਰਾ ਨਾ ਕਰ ਸਕਦਾ ਹੋਵੇ